ਨੈਸ਼ਨਲ ਰੋਡ ਸੇਫਟੀ ਕੌਂਸਲ ਵੱਲੋਂ ਆਯੋਜਿਤ ਸਮਾਗਮ ਮੌਕੇ ਬੁਲਾਰਿਆਂ ਵੱਲੋਂ ਨੌਜਵਾਨਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਮੋਹਰੀ ਰੋਲ ਅਦਾ ਕਰਨ ਦਾ ਸੱਦਾ
ਲੁਧਿਆਣਾ, 12 ਅਕਤੂਬਰ (ਦਵਿੰਦਰ ਡੀ ਕੇ)
ਨੈਸ਼ਨਲ ਰੋਡ ਸੇਫਟੀ ਕੌਂਸਲ, ਉੱਤਰੀ ਜ਼ੋਨ ਵੱਲੋਂ ਆਯੋਜਿਤ ਸੈਮੀਨਾਰ ਵਿੱਚ ਮਾਹਿਰਾਂ ਨੇ ਨੌਜਵਾਨਾਂ ਨੂੰ ਚਾਨਣ ਮੁਨਾਰੇ ਵਜੋਂ ਕੀਮਤੀ ਜ਼ਿੰਦਗੀਆਂ ਨੂੰ ਬਚਾਉਣ ਲਈ ਸੜਕ ਸੁਰੱਖਿਆ ਨਿਯਮਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਸੱਦਾ ਦਿੱਤਾ।
ਚੇਅਰਮੈਨ ਨੈਸ਼ਨਲ ਰੋਡ ਸੇਫਟੀ ਕੌਂਸਲ, ਉੱਤਰੀ ਜ਼ੋਨ ਡੀ.ਐਸ. ਬੈਂਸ ਆਈ.ਏ.ਐਸ. (ਸੇਵਾਮੁਕਤ), ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਅਤੇ ਪੁਲਿਸ ਕਮਿਸ਼ਨਰ ਡਾ ਕੌਸਤਭ ਸ਼ਰਮਾ ਅਤੇ ਹੋਰ ਸੜਕ ਸੁਰੱਖਿਆ ਮਾਹਿਰਾਂ ਨੇ ਸੜ੍ਹਕਾਂ ਨੂੰ ਸੁਰੱਖਿਅਤ ਬਣਾਉਣ ਲਈ ਨਾਗਰਿਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ‘ਤੇ ਚਾਨਣਾ ਪਾਇਆ।
ਉਨ੍ਹਾਂ ਸੁਨੇਹਾ ਦਿੱਤਾ ਕਿ ਸਮਾਜ ਵਿੱਚ ਬਦਲਾਅ ਲਿਆਉਣ ਦੀ ਤਾਕਤ ਰੱਖਣ ਵਾਲੇ ਨੌਜਵਾਨਾਂ ਦੇ ਸਹਿਯੋਗ ਨਾਲ ਸੜ੍ਹਕ ਸੁਰੱਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਨਾਲ ਵੀ ਸੜ੍ਹਕ ਹਾਦਸਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਚੇਅਰਮੈਨ ਡੀ.ਐਸ. ਬੈਂਸ ਨੇ ਚਾਰ ਪਹੀਆ ਵਾਹਨਾਂ ਵਿੱਚ ਸਵਾਰੀਆਂ ਦੁਆਰਾ ਪਿਛਲੀ ਸੀਟ ਬੈਲਟ ਲਗਾਉਣ ਬਾਰੇ ਗੱਲ ਕੀਤੀ ਅਤੇ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜ੍ਹਕ ਹਾਦਸੇ ਵਿੱਚ ਹੋਈ ਮੌਤ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੀ ਸੀਟ ‘ਤੇ ਸਵਾਰੀਆਂ ਨੂੰ ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਜ਼ਰੂਰ ਬੰਨ੍ਹਣੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਪਿਛਲੀ ਸੀਟ ਬੈਲਟ ਨਾ ਲਗਾਉਣ ਕਾਰਨ ਸੜ੍ਹਕ ਦੁਰਘਟਨਾ ਵਿੱਚ ਜ਼ਖਮੀ ਹੋਣ ਦਾ ਨਿੱਜੀ ਤਜਰਬਾ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਉਨ੍ਹਾਂ ਦਾ ਆਪਰੇਸ਼ਨ ਕਰਨਾ ਪਿਆ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਹਨ ਚਲਾਉਣ ਸਮੇਂ ਜਿੰਮੇਵਾਰੀ ਨਾਲ ਸੁਰੱਖਿਆ ਹੈੱਡਗੇਅਰ, ਸੀਟ ਬੈਲਟ ਲਗਾਉਣ ਅਤੇ ਖਾਸ ਕਰਕੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਤੋਂ ਗੁਰੇਜ਼ ਕਰਨ।
ਪੁਲਿਸ ਕਮਿਸ਼ਨਰ ਡਾ. ਕੌਸਤਭ ਸ਼ਰਮਾ ਵਲੋਂ ਵੀ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਕਿਹਾ ਕਿ ਜ਼ਿਆਦਾਤਰ ਸੜ੍ਹਕ ਹਾਦਸਿਆਂ ਦੌਰਾਨ ਮੌਤਾਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਤੋਂ ਪ੍ਰਹੇਜ਼ ਕਰਕੇ ਰੋਕਿਆ ਜਾ ਸਕਦਾ ਹੈ, ਜਿਸ ਵਿੱਚ ਓਵਰ ਸਪੀਡ, ਹੈਲਮੇਟ ਨਾ ਪਾਉਣਾ, ਸ਼ਰਾਬ ਪੀ ਕੇ ਗੱਡੀ ਚਲਾਉਣਾ ਆਦਿ ਸ਼ਾਮਲ ਹਨ।
ਇਸ ਉਪਰੰਤ ਸਰਕਾਰੀ ਕਾਲਜ (ਲੜਕੀਆਂ) ਵਿੱਚ ਸੜਕ ਸੁਰੱਖਿਆ ਸਬੰਧੀ ਅੰਤਰ ਕਾਲਜ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਰਜੀਤ ਬੈਂਸ, ਸਕੱਤਰ ਰਿਜ਼ਨਲ ਟ੍ਰਾਂਸਪੋਰਟ ਅਥਾਰਟੀ ਸ੍ਰੀ ਨਰਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਹੋਰ ਵੀ ਮੌਜੂਦ ਸਨ।