ਸਟੇਟ ਐਵਾਰਡ ਟੂ ਦਾ ਫਿਜ਼ੀਕਲੀ ਹੈਂਡੀਕੈਪਡ ਸਕੀਮ ਤਹਿਤ ਸੂਬਾ ਪੱਧਰੀ ਐਵਾਰਡ ਲਈ ਬਿਨੈ ਪੱਤਰਾਂ ਦੀ ਮੰਗ
ਸੰਗਰੂਰ, 11 ਅਕਤੂਬਰ (ਹਰਪ੍ਰੀਤ ਕੌਰ ਬਬਲੀ)
ਸਟੇਟ ਐਵਾਰਡ ਟੂ ਦਾ ਫਿਜ਼ੀਕਲੀ ਹੈਂਡੀਕੈਪਡ ਸਕੀਮ ਅਧੀਨ ਯੋਗ ਬਿਨੈਕਾਰਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਇਸ ਸਕੀਮ ਅਧੀਨ ਹਰ ਸਾਲ ਯੋਗ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ ਜਿਨਾਂ ਵੱਲੋਂ ਦਿਵਿਆਂਗ ਵਿਅਕਤੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਜਾਂ ਭਲਾਈ ਕਰਨ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਦਰਜ ਕੀਤੀਆਂ ਹੋਣ, ਨੂੰ ਸੂਬਾ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਇਸ ਸਕੀਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਲਵਲੀਨ ਕੌਰ ਬਿੜਿੰਗ ਨੇ ਦੱਸਿਆ ਕਿ ਕੋਈ ਵੀ ਯੋਗ ਬਿਨੈਕਾਰ ਹਰ ਪੱਖੋਂ ਮੁਕੰਮਲ ਫਾਰਮ ਉਨਾਂ ਦੇ ਦਫ਼ਤਰ ਵਿਖੇ ਕੰਮਕਾਜ ਦੇ ਸਮੇਂ ਦੌਰਾਨ 26 ਅਕਤੂਬਰ 2022 ਤੱਕ ਜਮਾਂ ਕਰਵਾ ਸਕਦਾ ਹੈ। ਉਨਾਂ ਦੱਸਿਆ ਕਿ ਫਾਰਮਾਂ ਦੀ ਪੜਤਾਲ ਲਈ ਜ਼ਿਲਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਨਿਰਧਾਰਿਤ ਤਾਰੀਖ ਤੋਂ ਬਾਅਦ ਪ੍ਰਾਪਤ ਹੋਣ ਵਾਲੇ ਬਿਨੈ ਪੱਤਰਾਂ ਨੂੰ ਕਮੇਟੀ ਵੱਲੋਂ ਵਿਚਾਰਿਆ ਨਹੀਂ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ ਇਸ ਸਕੀਮ ਤਹਿਤ 4 ਵੱਖ-ਵੱਖ ਵਰਗਾਂ ਵਿੱਚ ਐਵਾਰਡ ਪ੍ਰਦਾਨ ਕੀਤੇ ਜਾਣਗੇ ਜਿਸ ਵਿੱਚ ਬੈਸਟ ਇੰਪਲਾਈ/ਸੈਲਫ਼ ਐਂਪਲਾਈਡ ਵਿਦ ਡਿਸਏਬੀਲਟੀ, ਐਵਾਰਡ ਫਾਰ ਬੈਸਟ ਐਂਪਲਾਇਰ, ਐਵਾਰਡ ਫਾਰ ਬੈਸਟ ਇੰਡੀਵੀਜ਼ੁਅਲ ਐਂਡ ਇੰਸਟੀਚਿਊਸ਼ਨ ਅਤੇ ਐਵਾਰਡ ਫਾਰ ਬੈਸਟ ਸਪੋਰਟਸ ਪਰਸਨ ਵਿਦ ਡਿਸਏਬੀਲਟੀ ਸ਼ਾਮਲ ਹਨ।