ਸੋਸ਼ਲ ਮੀਡੀਆ ਰਾਹੀਂ ਵੀ ਸਾਹਿੱਤ ਚੇਤਨਾ ਸੰਚਾਰ ਕਰਕੇ ਪੁਸਤਕ ਸੱਭਿਆਚਾਰ ਦੀ ਉਸਾਰੀ ਸੰਭਵ ਹੈ – ਪ੍ਰੋਃ ਗੁਰਭਜਨ ਗਿੱਲ
ਲੁਧਿਆਣਾਃ 11ਅਕਤੂਬਰ (ਦਵਿੰਦਰ ਡੀ ਕੇ)
ਪੰਜਾਬ ਦੀ ਜਵਾਨੀ ਨੂੰ ਪੁਸਤਕ ਸਭਿਆਚਾਰ ਨਾਲੋਂ ਟੁੱਟ ਜਾਣ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਜ਼ਿਲ੍ਹਾ ਪੁਲੀਸ ਜਗਰਾਉਂ ਵੱਲੋਂ ਲਗਾਏ ਪੁਸਤਕ ਮੇਲੇ ਮੌਕੇ ਸੰਬੋਧਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ
ਨੇ ਕਿਹਾ ਕਿ ਨੌਜਵਾਨਾਂ ਦੇ ਰੋਲ ਮਾਡਲ ਅਧਿਆਪਕਾਂ ਦੇ ਖੁਦ ਹੱਥਾਂ ‘ਚ ਹੀ ਕਿਤਾਬ ਨਹੀਂ ਰਹੀ।
ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਪੁਸਤਕ ਮੇਲੇ ਦੌਰਾਨ ਪੁਸਤਕ ਪ੍ਰੇਮੀਆਂ ਤੇ ਲੇਖਕਾਂ ਨੂੰ ਸੰਬੋਧਨ ਕਰਦਿਆਂ ਕਮਹਾ ਕਿ ਜਗਰਾਉਂ ਗਿਆਨ ਦੀ ਧਰਤੀ ਹੈ ਜਿੱਥੇ ਵਿਦਿਆ ਪ੍ਰਕਾਸ਼ ਵੰਡਣ ਵਾਲੇ ਅਦਾਰੇ ਤੇ ਵਿਅਕਤੀ ਬਹੁ ਗਿਣਤੀ ਵਿੱਚ ਹਨ। ਪੰਜਾਬ ਚ ਪਹਿਲਾ ਇਸਤਰੀ ਸਿੱੰਖਿਆ ਕਾਲਿਜ ਸਿੱਧਵਾਂ ਖੁਰਦ ਤੇ ਪਹਿਲਾ ਪੇਂਡੂ ਡਿਗਰੀ ਕਾਲਿਜ ਗੁਰੂ ਸਰ ਸਧਾਰ ਵਿਖੇ ਇਸੇ ਜ਼ਿਲ੍ਹੇ ਵਿੱਚ ਖੁੱਲ੍ਹੇ।
ਸ: ਗਿੱਲ ਨੇ ਕਿਹਾ ਕਿ ਸੋਸ਼ਲ ਮੀਡੀਆ ਜਾਣਕਾਰੀ ਤਾਂ ਦੇ ਸਕਦਾ ਹੈ ਪ੍ਰੰਤੂ ਗਿਆਨ ਸਿਰਫ਼ ਕਿਤਾਬਾਂ ਹੀ ਪੈਦਾ ਕਰ ਸਕਦੀਆਂ ਹਨ। ਸ: ਗਿੱਲ ਨੇ ਕਿਤਾਬਾਂ ਦਾ ਸੱਭਿਆਚਾਰ ਵਿਕਸਤ ਕਰਨ ਲਈ ਬਾਲ ਮਨਾਂ ਵਿਚ ਸਾਹਿਤ ਚੇਤਨਾ ਪੈਦਾ ਕਰਨ ਦੀ ਲੋੜ ਹੈ। ਇਸੇ ਦੌਰਾਨ ਹਾਜ਼ਰ ਲੇਖਕਾਂ ਤੇ ਪਾਠਕਾਂ ਦੀ ਮੰਗ ‘ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਭਰੂਣ ਹੱਤਿਆ ਖਿਲਾਫ਼ ਆਪਣੀ ਕਵਿਤਾ ‘ਲੋਰੀ’ ਪੇਸ਼ ਕਰਕੇ ਮਾਹੌਲ ਭਾਵੁਕ ਕਰ ਦਿੱਤਾ। ਉਨ੍ਹਾਂ ਆਪਣੀ ਤਾਜ਼ਾ ਕਾਵਿ ਪੁਸਤਕ ਚਰਖੜੀ ਸਃ ਹਰਜੀਤ ਸਿੰਘ ਆਈ ਪੀ ਐੱਸ ਨੂੰ ਭੇਂਟ ਕੀਤੀ।
ਇਸ ਤੋਂ ਮਗਰੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਗੀਤਕਾਰ ਤੇ ਸਾਹਿਤਕਾਰ ਪ੍ਰੀਤ ਸੰਘਰੇੜੀ ਨੇ ਆਪਣੀਆਂ ਸਾਹਿਤਕ ਕਵਿਤਾਵਾਂ ‘ਬਾਪੂ, ਚੌਂਕੜਾ, ਮੱਘਰ ਸਿੰਘ ਤੇ ਪੰਜਾਬ ਸਿੰਘ’ ਆਦਿ ਕਵਿਤਾਵਾਂ ਨਾਲ ਹਾਜ਼ਰ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਦੌਰਾਨ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ ਵੀ ਕਰਵਾਏ ਗਏ। ਕਵਿਤਾ ਪੇਸ਼ਕਾਰੀ ਦੌਰਾਨ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਕਰਕੇ ਪੁਸਤਕਾਂ ਪੜਨ ਦਾ ਹੋਕਾ ਦਿੱਤਾ। ਅੱਜ ਮੇਲੇ ਵਿੱਚ ਪੁਸਤਕ ਪ੍ਰੇਮੀਆਂ ਵਿਚ ਪੁਸਤਕਾਂ ਖਰੀਦਣ ਨੂੰ ਲੈ ਕੇ ਭਾਰੀ ਦਿਲਚਸਪੀ ਦੇਖਣ ਨੂੰ ਮਿਲੀ। ਇਸ ਉਪਰੰਤ ਖੁੱਲੇ ਕਵੀ ਦਰਬਾਰ ਵਿਚ ਅਜੀਤ ਪਿਆਸਾ, ਪ੍ਰਭਜੋਤ ਸਿੰਘ ਸੋਹੀ, ਰਾਜਦੀਪ ਤੂਰ, ਹਰਬੰਸ ਸਿੰਘ ਅਖਾੜਾ, ਕੁਲਦੀਪ ਸਿੰਘ ਲੋਹਟ, ਸਰਘੀ ਬੜਿੰਗ, ਰਣਜੀਤ ਸਿੰਘ ਹਠੂਰ, ਅਵਤਾਰ ਸਿੰਘ, ਮੇਜਰ ਸਿੰਘ ਛੀਨਾ, ਰਵੀ ਅਦੀਬ, ਡਾ: ਸੁਰਜੀਤ ਸਿੰਘ ਦੌਧਰ, ਪ੍ਰੋਃ ਦਲਜੀਤ ਕੌਰ ਹਠੂਰ ਹਰੀ ਸਿੰਘ ਢੁੱਡੀਕੇ, ਏ.ਐਸ.ਆਈ ਜਸਵੀਰ ਸਿੰਘ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਚੰਗਾ ਰੰਗ ਬੰਨਿਆ। ਦੇਰ ਸ਼ਾਮ ਐੱਸ.ਐੱਸ.ਪੀ ਸ: ਹਰਜੀਤ ਸਿੰਘ ਨੇ ਹਾਜ਼ਰ ਦਰਸ਼ਕਾਂ ਤੇ ਲੇਖਕਾਂ ਦੇ ਰੂਬਰੂ ਹੁੰਦਿਆਂ ਪੁਲਿਸ ਤੇ ਪਬਲਿਕ ਨਾਲ ਜੁੜੀਆਂ ਸਮੱਸਿਆਵਾਂ ‘ਤੇ ਚਰਚਾ ਕੀਤੀ।
ਸ: ਹਰਜੀਤ ਸਿੰਘ ਨੇ ਹਰੇਕ ਸਵਾਲ ਦਾ ਜੁਆਬ ਬੇਬਾਕ ਤੇ ਸੰਜੀਦਗੀ ਨਾਲ ਦਿੱਤਾ। ਮੰਚ ਦਾ ਸੰਚਾਲਨ ਨਰੇਸ਼ ਵਰਮਾ ਤੇ ਦਮਨਦੀਪ ਕੌਰ ਨੇ ਸਾਂਝੇ ਤੌਰ ‘ਤੇ ਕੀਤਾ।ਇਸ ਮੌਕੇ ਜਗਰਾਉਂ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਪਤੀ ਪ੍ਰੋਃ ਸੁਖਵਿੰਦਰ ਸਿੰਘ, ਸਿਟੀ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਐਡਵੋਕੇਟ, ਪ੍ਰੀਤਮ ਸਿੰਘ ਅਖਾੜਾ, ਨਾਟਕਕਾਰ ਮੋਹੀ ਅਮਰਜੀਤ , ਹਰਦੀਪ ਸਿੰਘ, ਹਰਵਿੰਦਰ ਸਿੰਘ ਚੀਮਾ ਡੀ ਐੱਸ ਪੀ, ਪਰਦੀਪ ਸਿੰਘ ਸੰਧੂ ਡੀ ਐੱਸ ਪੀ ਤੇ ਗ ਸ ਵਿਰਕ ਡੀ ਐੱਸ ਪੀ ਤੇ ਪਰਮਜੀਤ ਸਿੰਘ ਚੀਮਾ ਵੀ ਹਾਜ਼ਰ ਸਨ।