ਵਿਦੇਸ਼ੀ ਯਾਤਰਾ ਦੇ ਧੋਖਾਧੜੀ ਮਾਮਲੇ ਦੀਆਂ ਸ਼ਿਕਾਇਤਾਂ ਲਈ ਨੋਡਲ ਪੁਆਇੰਟ ਬਣਿਆ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ – ਡੀ ਸੀ
ਫਤਹਿਗੜ੍ਹ ਸਾਹਿਬ 03 ਅਕਤੂਬਰ (ਪੀਟੀ ਨਿਊਜ਼)
ਪੰਜਾਬ ਸਰਕਾਰ ਵੱਲੋਂ ਮਨੁੱਖੀ ਤਸ਼ਕਰੀ ਰੋਕਣ ਸਬੰਧੀ ਬਣਾਏ ਐਕਟ-2012 ਅਤੇ ਪੰਜਾਬ ਟ੍ਰੈਵਲ ਪ੍ਰੋਫੈਸਨਲ ਰੈਗੂਲੇਸ਼ਨ ਐਕਟ 2014 ਰਾਹੀਂ ਹੁਣ ਵਿਦੇਸ਼ਾਂ ਵਿੱਚ ਪੜ੍ਹਾਈ ਤੇ ਰੋਜ਼ਗਾਰ ਆਦਿ ਵਿੱਚ ਹੁੰਦੀ ਧੋਖਾਧੜੀ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੂੰ ਨੋਡਲ ਪੁਆਇੰਟ ਬਣਾਇਆ ਗਿਆ ਹੈ, ਜਿੱਥੇ ਰਜਿਸਟਰ/ਅਣਰਜਿਸਟਰ ਟ੍ਰੈਵਲ ਏਜੈਟਾਂ ਵਿਰੁੱਧ ਸ਼ਿਕਾਇਤ ਦਰਜ਼ ਕਰਵਾਈ ਜਾ ਸਕਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸੇਰਗਿੱਲ ਨੇ ਦੱਸਿਆ ਕਿ ਵਿਦੇਸ਼ ਯਾਤਰਾ ਨੂੰ ਲੈਕੇ ਧੋਖੇ ਦਾ ਸ਼ਿਕਾਰ ਹੋਇਆ, ਕੋਈ ਵੀ ਵਿਅਕਤੀ ਆਪਣੀ ਲਿਖਤੀ ਸ਼ਿਕਾਇਤ ਨੋਡਲ ਪੁਆਇੰਟ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਿਹਗੜ੍ਹ ਸਾਹਿਬ ਕਮਰਾ ਨੰ: 119 ਵਿਖੇ ਕਿਸੇ ਵੀ ਕੰਮ ਵਾਲੇ ਦਿਨ ਆਪਣੇ ਯੋਗ ਪਹਿਚਾਣ ਪੱਤਰ ਰਾਹੀ ਦਰਜ਼ ਕਰਵਾ ਸਕਦਾ ਹੈ ।
ਉਨ੍ਹਾਂ ਦੱਸਿਆ ਕਿ ਨੋਡਲ ਪੁਆਇੰਟ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸ਼ਿਕਾਇਤ ਦੀ ਵੇਰੀਫਿਕੇਸ਼ਨ 07 ਦਿਨਾਂ ਦੇ ਅੰਦਰ ਅੰਦਰ ਕੀਤੀ ਜਾਵੇਗੀ। ਜੇਕਰ ਨੋਡਲ ਪੁਆਇੰਟ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਧਿਆਨ ਵਿਚ ਕੋਈ ਟ੍ਰੈਵਲ ਏਜੰਟ ਬਿਨਾਂ ਲਾਇਸੈਂਸ ਜਾ ਮਿਆਦ ਪੁੱਗਾ ਚੁੱਕੇ ਜਾਂ ਅਣ-ਰਜਿਸਟਰਡ ਏਜੰਟ ਆਉਂਦੇ ਹਨ ਤਾਂ ਉਹਨਾਂ ਤੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਵਿਭਾਗ ਵੱਲੋਂ ਤੁੰਰਤ ਕਾਰਵਾਈ ਕਰਦੇ ਹੋਏ ਐਫ ਆਈ ਆਰ ਦਰਜ ਹੋਵੇਗੀ। ਐਫ ਆਈ ਆਰ ਦਰਜ ਹੋਣ ਤੋ ਬਾਅਦ ਤੁਰੰਤ ਟ੍ਰੇਵਲ ਏਜੰਟਾਂ ਦੀ ਸੂਚਨਾ ਜਿਲ੍ਹਾ ਪ੍ਰਸ਼ਾਸਨ ਦੀ ਵੈਬ-ਸਾਇਟ ਤੇ ਪਾ ਦਿੱਤੀ ਜਾਵੇਗੀ ਤਾਂ ਜੋ ਇਸ ਸਬੰਧੀ ਬਾਕੀਆਂ ਨੂੰ ਜਾਗਰੂਕ ਕੀਤਾ ਜਾ ਸਕੇ।