ਪੁਲਿਸ ਦਾ ਹਾਲ, ਠੱਗੀ ਦੀ ਪੜਤਾਲ ਲਈ ਲਾ ਦਿੱਤੇ ਕਰੀਬ 9 ਮਹੀਨੇ
ਹਰਿੰਦਰ ਨਿੱਕਾ , ਬਰਨਾਲਾ 28 ਸਤੰਬਰ 2022
ਆਪਣੇ ਪਤੀ ਨੂੰ ਕੈਨੇਡਾ ਲੈ ਕੇ ਜਾਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਕਥਿਤ ਤੌਰ ਤੇ ਬੇਵਫਾ ਹੋਈ ਕੈਨੇਡਾ ਰਹਿੰਦੀ ਪਤਨੀ ਦੇ ਖਿਲਾਫ ਥਾਣਾ ਸਿਟੀ 2 ਬਰਨਾਲਾ ਵਿਖੇ ਐਫ.ਆਈ.ਆਰ. ਦਰਜ਼ ਕੀਤੀ ਗਈ ਹੈ। ਇਸ ਮਾਮਲੇ ਨੇ ਬਰਨਾਲਾ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਦੀ ਕਾਰਜ਼ਸ਼ੈਲੀ ਨੂੰ ਵੀ ਕਟਿਹਰੇ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਪੁਲਿਸ ਨੇ ਠੱਗੀ ਦੀ ਸ਼ਕਾਇਤ ਦੇ ਮਾਮਲੇ ਦੀ ਪੜਤਾਲ ਵਿੱਚ ਹੀ, 9 ਮਹੀਨਿਆਂ ਦੇ ਕਰੀਬ ਸਮਾਂ ਲੰਘਾ ਦਿੱਤਾ। ਇੱਥੇ ਹੀ ਬੱਸ ਨਹੀਂ, ਪੁਲਿਸ ਅਧਿਕਾਰੀਆਂ ਨੇ ਸ਼ਕਾਇਤ ਵਿੱਚ ਦਰਜ਼ 8 ਦੇ ਕਰੀਬ ਵਿਅਕਤੀਆਂ ਵਿੱਚੋਂ 7 ਨੂੰ ਕਲੀਨ ਚਿੱਟ ਦੇ ਕੇ, ਸਿਰਫ ਸ਼ਕਾਇਤਕਰਤਾ ਦੀ ਪਤਨੀ ਦੇ ਖਿਲਾਫ ਹੀ ਪਰਚਾ ਦਰਜ ਕੀਤਾ ਹੈ। ਲਵਪ੍ਰੀਤ ਸਿੰਘ ਤਥਗੁਰ ਪੁੱਤਰ ਨਰਿੰਦਰ ਸਿੰਘ ਵਾਸੀ ਰਾਮਦਾਸ ਨਗਰ, ਧਨੌਲਾ ਰੋਡ ਬਰਨਾਲਾ ਅਨੁਸਾਰ ਸਾਲ 2019 ਵਿੱਚ ਉਸ ਦੀ ਸ਼ਾਦੀ ਹੋਈ ਸੀ ਤੇ ਕਰੀਬ 11 ਮਹੀਨੇ ਉਹ ਇਕੱਠੇ ਰਹੇ। ਆਖਿਰ ਵਿਦੇਸ਼ ਜਾਣ ਤੋਂ ਬਾਅਦ ਉਸਦੀ ਪਤਨੀ ਨੇ ਮੇਰਾ ਫੋਨ ਬਲੌਕ ਕਰ ਦਿੱਤਾ। ਪੰਚਾਇਤੀ ਤੌਰ ਤੇ ਵੀ ਸਮਝੌਤੇ ਦੇ ਯਤਨ ਕੀਤੇ ਗਏ। ਪਰੰਤੂ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਆਖਿਰ 12 ਜਨਵਰੀ 2022 ਨੂੰ ਐਸ.ਐਸ.ਪੀ. ਬਰਨਾਲਾ ਨੂੰ ਆਪਣੀ ਪਤਨੀ ਇੰਦਰਪ੍ਰੀਤ ਕੌਰ ਜੱਸਲ ਵਾਸੀ ਅਕਾਲਗੜ੍ਹ ਬਸਤੀ ਬਰਨਾਲਾ ਹਾਲ ਵਾਸੀ 30 Portrush Trail, Brapmpton, Ontario, L6X OR3, CANADA, ਸਮੇਤ ਉਸ ਦੇ ਹੋਰ 7 ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਖਿਲਾਫ ਦਿੱਤੀ ਸੀ। ਇਹ ਸ਼ਕਾਇਤ ਨੰਬਰੀ-85 ਵੀ.ਪੀ.-12/1/2022 ਰਾਹੀਂ ਡੀਐਸਪੀ ਨੂੰ ਪੜਤਾਲ ਲਈ ਸੌਂਪੀ ਗਈ। ਲਵਪ੍ਰੀਤ ਸਿੰਘ ਤਥਗੁਰ ਨੇ ਦੋਸ਼ ਲਾਇਆ ਹੈ ਕਿ ਇੰਦਰਪ੍ਰੀਤ ਕੌਰ ਜੱਸਲ ਨੇ ਆਪਣੇ ਹੋਰ ਪਰਿਵਾਰਿਕ ਮੈਂਬਰਾਂ ਨਾਲ ਸਾਜਿਸ ਰਚ ਕੇ, ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 18 ਲੱਖ 40 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਨਾ ਉਸ ਨੂੰ ਕੈਨੇਡਾ ਲਿਜਾਇਆ ਗਿਆ ਅਤੇ ਨਾ ਹੀ, ਉਸ ਤੋਂ ਵਿਦੇਸ਼ ਲੈ ਕੇ ਜਾਣ ਦੇ ਨਾਂ ਤੇ ਖਰਚ ਕਰਵਾਈ ਉਕਤ ਲੱਖਾਂ ਰੁਪਏ ਦੀ ਰਕਮ ਵਾਪਿਸ ਕੀਤੀ ਹੈ। ਸ਼ਕਾਇਤਕਰਤਾ ਅਨੁਸਾਰ, ਇੰਦਰਪ੍ਰੀਤ ਕੌਰ ਜੱਸਲ ਨੇ ਆਪਣੇ ਪਿਤਾ ਨੂੰ ਪਾਵਰ ਆਫ ਅਟਾਰਨੀ ਦੇ ਕੇ, ਮਾਨਯੋਗ ਬਰਨਾਲਾ ਅਦਾਲਤ ਵਿੱਚ ਤਲਾਕ ਲੈਣ ਲਈ ਕੇਸ ਵੀ ਦਾਇਰ ਕਰ ਦਿੱਤਾ ਹੈ। ਪੁਲਿਸ ਨੇ ਇਸ ਕੇਸ ਲਈ, ਸਰਕਾਰੀ ਵਕੀਲ ਵਿਕਾਸ ਗਰਗ ਦੀ ਕਾਨੂੰਨੀ ਰਾਇ ਵੀ ਹਾਸਿਲ ਕੀਤੀ । ਪੜਤਾਲ ਦਰ ਪੜਤਾਲ ਅਤੇ ਕਾਨੂੰਨੀ ਰਾਇ ਦੇ ਅਧਾਰ ਤੇ ਇੰਦਰਪ੍ਰੀਤ ਕੌਰ ਜੱਸਲ ਦੇ ਖਿਲਾਫ ਥਾਣਾ ਸਿਟੀ 2 ਬਰਨਾਲਾ ਵਿਖੇ ਅਧੀਨ ਜੁਰਮ 420 ਆਈਪੀਸੀ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਦਰਜ਼ ਐਫ.ਆਈ.ਆਰ. ਵਿੱਚ ਇੰਦਰਪ੍ਰੀਤ ਕੌਰ ਜੱਸਲ ਦੇ ਜਿੰਨ੍ਹਾਂ ਹੋਰ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ, ਉਨਾਂ ਨੂੰ ਕਲੀਨ ਚਿੱਟ ਦਿੱਤੇ ਜਾਣ ਦਾ ਕੋਈ ਜਿਕਰ ਨਹੀਂ ਕੀਤਾ ਗਿਆ, ਕਿ ਆਖਿਰ ਪੁਲਿਸ ਨੇ, ਉਨ੍ਹਾਂ ਨੂੰ ਕੇਸ ਵਿੱਚ ਨਾਮਜ਼ਦ ਕਿਉਂ ਨਹੀਂ ਕੀਤਾ ਗਿਆ।