ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵੱਲੋਂ ਯਤਨ ਤੇਜ਼
ਧਨੌਲਾ, 22 ਸਤੰਬਰ (ਸੋਨੀ ਪਨੇਸਰ)
ਪੰਜਾਬ ਸਰਕਾਰ ਵੱਲੋਂ ਵਿੱਡੀ ਗਈ ਪਰਾਲੀ ਦੇ ਸੁਚੱਜੇ ਪ੍ਰਬੰਧਨ ਦੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ‘ਪਰਾਲੀ ਨੂੰ ਅੱਗ ਨਾ ਲਗਾਓ, ਵਾਤਾਵਰਣ ਤੇ ਪੰਜਾਬ ਬਚਾਓ’ ਮੁਹਿੰਮ ਤਹਿਤ ਆਸ਼ਾ ਵਰਕਰਾਂ ਦਾ ਸਹਿਯੋਗ ਲੈਣ ਲਈ ਉਨ੍ਹਾਂ ਦੀ ਵਰਕਸ਼ਾਪ ਕਰਵਾਈ ਗਈ।
ਇਸ ਤਹਿਤ ਧਨੌਲਾ ਦੇ ਸਰਕਾਰੀ ਹਸਪਤਾਲ ਵਿੱਚ ਬਲਾਕ ਪੱਧਰੀ ਟਰੇਨਿੰਗ ਕਰਵਾਈ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਕੇਸ ਜ਼ੀਰੋ ਕਰਨ ਲਈ ਯਤਨ ਜਾਰੀ ਹਨ।
ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਨੇ ਕਰੋਨਾ ਮਹਾਂਮਾਰੀ ਦੌਰਾਨ ਜੁਝਾਰੂ ਵਜੋਂ ਕੰਮ ਕੀਤਾ ਸੀ, ਇਸ ਸਮੇਂ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਉਹ ਪਰਾਲੀ ਪ੍ਰਬੰਧਨ ਵਿਚ ਸਹਿਯੋਗ ਦੇਣ।
ਇਸ ਮੌਕੇ ਖੇਤੀਬਾਡ਼ੀ ਅਫਸਰ ਬਰਨਾਲਾ ਡਾ. ਸੁਖਪਾਲ ਸਿੰਘ ਨੇ ਪਰਾਲੀ ਦੀ ਸਮੱਸਿਆ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਬਲਾਕ ਐਕਸਟੈਂਸ਼ਨ ਐਜੂਕੇਟਰ ਬਲਰਾਜ ਸਿੰਘ ਨੇ ਆਸ਼ਾ ਵਰਕਰਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਫ਼ਸਲਾਂ ਦੀ ਰਹਿੰਦ—ਖੂੰਹਦ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲਾ ਪ੍ਰਦੂਸ਼ਣ ਗਰਭਵਤੀ ਮਹਿਲਾਵਾਂ ਤੇ ਨਵ ਜਨਮੇ ਬੱਚਿਆਂ ਲਈ ਬਹੁਤ ਖਤਰਨਾਕ ਹੁੰਦਾ ਹੈ। ਇਸ ਮੌਕੇ ਬੱਚਿਆਂ ਤੋਂ ਇਲਾਵਾ ਬਜ਼ੁਰਗਾਂ, ਦਮੇ ਤੇ ਟੀਬੀ ਦੇ ਮਰੀਜ਼ਾਂ ਦੀ ਸਿਹਤ ਉਤੇ ਮਾੜਾ ਅਸਰ ਪੈਂਦਾ ਹੈ।
ਇਸ ਮੌਕੇ ਡਾ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਕ ਇੱਕ ਹਜ਼ਾਰ ਕਿਲੋ ਪਰਾਲੀ ਸਾੜਦੇ ਹਾਂ ਤਾਂ 400 ਕਿਲੋ ਜੈਵਿਕ ਕਾਰਬਨ, 25 ਕਿਲੋ ਪੋਟਾਸ਼, 2 ਕਿਲੋ ਤੋਂ ਵੱਧ ਫਾਸਫੋਰਸ, ਇਕ ਕਿਲੋ ਸਲਫਰ ਅਤੇ 5 ਕਿਲੋ ਤੋਂ ਵੱਧ ਨਾਈਟਰੋਜਨ ਦਾ ਨੁਕਸਾਨ ਹੁੰਦਾ ਹੈ ਤੇ ਤਾਪਮਾਨ ਵਧਦਾ ਹੈ
ਗੁਰਮੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਖੇਤੀ ਦੀਆਂ ਆਧੁਨਿਕ ਤਕਨੀਕਾਂ ਜਿਵੇਂ ਕਿ ਹੈਪੀਸੀਡਰ, ਸੁਪਰਸੀਡਰ, ਰੋਟਾਵੇਟਰ ਤੇ ਜ਼ੀਰੋ ਡਰਿਲ ਦੀ ਮਦਦ ਨਾਲ ਪਰਾਲੀ ਨੂੰ ਖੇਤ ਵਿਚ ਸਾਂਭਿਆ ਜਾ ਸਕਦਾ ਹੈ।
ਇਸ ਮੌਕੇ ਮੈਡਮ ਬੇਅੰਤ ਸਿੰਘ ਤਕਨੀਸ਼ੀਅਨ, ਸੁਨੀਤਾ ਆਤਮਾ ਕੋਆਰਡੀਨੇਟਰ, ਸੌਰਵ ਚੌਹਾਨ, ਦਿਲਦਾਰ ਸਿੰਘ, ਦਵਿੰਦਰ ਸਿੰਘ, ਸੋਨੀ ਖਾਂ ਤੇ ਬਲਾਕ ਬਰਨਾਲਾ ਦੀਆਂ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਮੌਜੂਦ ਸਨ।