ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ ਸਹਿਯੋਗ ਦਾ ਸੱਦਾ ,ਸਫਾਈ ਸੇਵਕਾਂ ਨੂੰ ਰਿਫਲੈਕਟਰ ਜੈਕੇਟਾਂ ਤੇ ਦਸਤਾਨਿਆਂ ਦੀ ਵੰਡ
ਗਿੱਲੇ ਕੂੜੇ ਤੋਂ ਤਿਆਰ ਖਾਦ ਤੇ ਕੱਪੜੇ ਦੇ ਥੈਲੇ ਵੰਡੇ
ਰਘਵੀਰ ਹੈਪੀ, ਬਰਨਾਲਾ, 7 ਸਤੰਬਰ 2022
ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਆਲਾ-ਦੁਆਲਾ ਸਾਫ ਰੱਖਣ ਦੇ ਉਦੇਸ਼ ਨਾਲ ਕੂੜੇ ਦੇ ਪ੍ਰਬੰਧਨ ਵਾਸਤੇ ਵਾਤਾਵਰਣ ਮੰਤਰੀ ਗੁਰਮੀਤ ਸਿੰੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਸ਼ਹਿਰ ’ਚ ਵਿੱਢੀ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਦਾ 4 ਹੋਰ ਵਾਰਡਾਂ ’ਚ ਅੱਜ ਆਗਾਜ਼ ਕੀਤਾ ਗਿਆ। ਇਸ ਸਬੰਧੀ ਸਮਾਗਮ ਸ਼ਹਿਰ ਦੇ ਬਾਬਾ ਸਾਹਿਰ ਭੀਮ ਰਾਓ ਅੰਬੇਦਕਰ ਪਾਰਕ ’ਚ ਕੀਤਾ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਪਹਿਲਾਂ ਪਾਇਲਟ ਪ੍ਰਾਜੈਕਟ ਵਜੋਂ ਵਾਰਡ ਨੰਬਰ 26 ਤੋਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ ਸ਼ਹਿਰ ਦੇ 4 ਹੋਰ ਵਾਰਡਾਂ 5, 6, 12 ਤੇ 13 ਵਿਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿੱਥੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖੋ ਵੱਖ ਰੱਖਣ ਬਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਕੂੜੇ ਦਾ 100 ਫੀਸਦੀ ਪ੍ਰਬੰਧਨ ਹੋ ਸਕੇ। ਇਸ ਤੋਂ ਬਾਅਦ ਪੜਾਅਵਾਰ ਸਾਰੇ ਵਾਰਡਾਂ ਵਿਚ ਇਹ ਪ੍ਰਾਜੈਕਟ ਲਾਗੂ ਕੀਤਾ ਜਾਵੇਗਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਪਰਮਵੀਰ ਸਿੰਘ ਨੇ ਕਿਹਾ ਕਿ ਕੂੜੇ ਦਾ ਨਿਬੇੜਾ ਤਾਂ ਹੀ ਹੋ ਸਕਦਾ ਹੈ, ਜੇਕਰ ਕੂੜਾ ਵੱਖੋ ਵੱਖ ਰੱਖਿਆ ਜਾਵੇ। ਉਨਾਂ ਦੱਸਿਆ ਕਿ ਗਿੱਲੇ ਕੂੜੇ ਨੂੰ ਪਿਟਸ ’ਚ ਪਾ ਕੇ ਖਾਦ ਤਿਆਰ ਕੀਤੀ ਜਾਂਦੀ ਹੈ ਅਤੇ ਸੁੱਕੇ ਕੂੜੇ ਨੂੰ ਅੱਗੇ ਵੱਖ ਵੱਖ ਕਰ ਕੇ ਉਸਦਾ ਨਿਬੇੜਾ ਕੀਤਾ ਜਾਂਦਾ ਹੈ। ਇਸ ਮੌਕੇ ਐਸਡੀਐਮ ਸ. ਗੋਪਾਲ ਸਿੰਘ ਨੇ ਸਫਾਈ ਕਰਮੀਆਂ ਦੀਆਂ ਸੇਵਾਵਾਂ ਨੂੰ ਸਲਾਹਿਆ ਅਤੇ ਉਨਾਂ ਨੂੰ ਹੋਰ ਸ਼ਿੱਦਤ ਨਾਲ ਕੰਮ ਕਰਨ ਲਈ ਪ੍ਰੇਰਿਆ।ਇਸ ਮੌਕੇ ਓਐਸਡੀ ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਆਲਾ-ਦੁਆਲਾ ਸਾਫ ਰੱਖਣਾ ਸਾਡਾ ਹਰ ਇਕ ਦਾ ਫਰਜ਼ ਹੈ ਤੇ ਇਸ ਮੁਹਿੰਮ ਵਿਚ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ। ਇਸ ਮੌਕੇ ਕਾਰਜਸਾਧਕ ਅਫਸਰ ਮਨਪ੍ਰੀਤ ਸਿੱਧੂ ਨੇ ਕਿਹਾ ਕਿ ਕੂੜੇ ਦੇ ਪ੍ਰਬੰਧਨ ਲਈ ਸ਼ਹਿਰ ’ਚ 150 ਦੇ ਕਰੀਬ ਹੋਰ ਨਵੀਆਂ ਰੇਹੜੀਆਂ ਲਾਈਆਂ ਜਾਣਗੀਆਂ।
ਇਸ ਮੌਕੇ ਸਫਾਈ ਸੇਵਕਾਂ ਨੂੰ ਰਿਫਲੈਕਟਰ ਜੈਕੇਟਾਂ, ਦਸਤਾਨੇ ਅਤੇ ਵਾਰਡ ਵਾਸੀਆਂ ਨੂੰ ਥੈਲੇ ਅਤੇ ਗਿੱਲੇ ਕੂੜੇ ਤੋਂ ਤਿਆਰ ਖਾਦ ਵੀ ਵੰਡੀ ਗਈ।
ਇਸ ਮੌਕੇ ਐਮਸੀ ਰੁਪਿੰਦਰ ਸਿੰਘ ਸੀਤਲ, ਪਰਮਿੰਦਰ ਸਿੰਘ ਭੰਗੂ, ਜੇਈ ਮੁਹੰਮਦ ਸਲੀਮ, ਅੰਕੁਰ ਗੋਇਲ, ਕਮਿਊਨਿਟੀ ਫੈਸਿਲੀਟੇਟਰ ਪਾਰੁਲ ਗਰਗ, ਹਰਕੇਸ਼ ਕੁਮਾਰ, ਮੋਟੀਵੇਟਰ ਅਰਜੁਨ ਕੁਮਾਰ, ਜਯੋਤੀ, ਸੂਜਲ, ਅਮਨਦੀਪ ਕੌਰ, ਖੁਸ਼ੀ ਗੋਇਲ, ਸਫਾਈ ਸੇਵਕ ਤੇ ਵਾਰਡ ਵਾਸੀ ਹਾਜ਼ਰ ਸਨ।