ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਪਰਮਜੀਤ ਕੌਰ ਵੱਲੋਂ ਪਾਤੜਾਂ ਦਾ ਦੌਰਾ
ਪਾਤੜਾਂ, 2 ਸਤੰਬਰ (ਰਿਚਾ ਨਾਗਪਾਲ)
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਪਿੰਡ ਬਰਾਸ ਵਾਸੀ ਸ਼ਿਕਾਇਤ ਕਰਤਾ ਵੱਲੋਂ ਇਸੇ ਪਿੰਡ ਦੇ ਵਸਨੀਕ ਇੱਕ ਹੋਰ ਵਿਅਕਤੀ, ਜਿਸ ਕੋਲ ਉਹ ਖੇਤੀਬਾੜੀ ਦਾ ਕੰਮ ਕਰਨ ਦੀ ਨੌਕਰੀ ਕਰਦਾ ਸੀ, ਖ਼ਿਲਾਫ਼, ਧੱਕਾ ਕਰਨ, ਜਾਤੀ ਸੂਚਕ ਸ਼ਬਦ ਵਰਤਣ, ਕੁੱਟਮਾਰ ਕਰਨ ਤੇ ਮਾੜਾ ਸਲੂਕ ਕਰਨ ਦੀ ਕੀਤੀ ਸ਼ਿਕਾਇਤ ਦੀ ਸੁਣਵਾਈ ਕਰਨ ਲਈ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਪਰਮਜੀਤ ਕੌਰ ਅੱਜ ਪਾਤੜਾਂ ਪੁੱਜੇ।
ਇੱਥੇ ਬੀ.ਡੀ.ਪੀ.ਓ. ਦਫ਼ਤਰ ਵਿਖੇ ਇਸ ਸ਼ਿਕਾਇਤ ਦੀ ਸੁਣਵਾਈ ਕਰਨ ਮੌਕੇ ਕਮਿਸ਼ਨ ਮੈਂਬਰ ਨੇ ਦੋਵਾਂ ਧਿਰਾਂ ਦਾ ਪੱਖ ਸੁਣਦਿਆਂ ਇਸ ਮਾਮਲੇ ਦੀ ਅਗਲੇਰੀ ਪੜਤਾਲ ਲਈ ਐਸ.ਡੀ.ਐਮ. ਸਮਾਣਾ, ਡੀ.ਐਸ.ਪੀ. ਸਮਾਣਾ ਅਤੇ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ‘ਤੇ ਅਧਾਰਤ ਸਿਟ ਦਾ ਗਠਨ ਕਰਦਿਆਂ ਇਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰਕੇ ਰਿਪੋਰਟ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਪੁੱਜਦੀ ਕਰਨ ਦੀ ਹਦਾਇਤ ਕੀਤੀ।
ਸ੍ਰੀਮਤੀ ਪਰਮਜੀਤ ਕੌਰ ਨੇ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲੋਕਾਂ ‘ਤੇ ਕਿਸੇ ਵੀ ਤਰ੍ਹਾਂ ਦੀ ਜਿਆਦਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਲਈ ਗਰੀਬਾਂ ਤੇ ਲੋੜਵੰਦਾਂ ਨੂੰ ਨਿਆਂ ਤੁਰੰਤ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਨਿਆਂ ਪ੍ਰਬੰਧ ਅਜਿਹੇ ਪੁਖ਼ਤਾ ਕੀਤੇ ਜਾਣ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਨਿਆਂ ਲੈਣ ਲਈ ਕਮਿਸ਼ਨ ਤੱਕ ਜਾਣ ਦੀ ਲੋੜ ਹੀ ਨਾ ਪਵੇ।
ਕਮਿਸ਼ਨ ਮੈਂਬਰ ਨੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਨੇ ਅਨੁਸੂਚਿਤ ਜਾਤੀਆਂ ਵਿਰੁੱਧ ਅੱਤਿਆਚਾਰ ਜਾਂ ਜਿਆਦਤੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਨਾ ਕੀਤੀ ਤਾਂ ਉਸ ਵਿਰੁੱਧ ਕਮਿਸ਼ਨ ਸਖ਼ਤ ਕਾਰਵਾਈ ਕਰੇਗਾ। ਇਸ ਦੌਰਾਨ ਐਸ.ਡੀ.ਐਮ ਨਵਦੀਪ ਕੁਮਾਰ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਸੁਖਸਾਗਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ, ਐਸ.ਐਚ.ਓਜ਼ ਥਾਣਾ ਪਾਤੜਾਂ ਤੇ ਘੱਗਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।