ਮਿਸ਼ਨ ਆਬਾਦ 30 ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਬੈਠਕ
ਫਾਜਿ਼ਲਕਾ, 25 ਅਗਸਤ (ਪੀ.ਟੀ.ਨੈਟਵਰਕ)
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪ੍ਰਸ਼ਾਸਨ ਦੀ ਲੋਕਾਂ ਤੱਕ ਪਹੁੰਚ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜਿ਼ਲ੍ਹੇ ਦੇ 30 ਸਰਹੱਦੀ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਸ਼ੁਰੂ ਕੀਤੇ ਮਿਸ਼ਨ ਆਬਾਦ 30 ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ਦੌਰਾਨ ਉਨ੍ਹਾਂ ਨੇ ਦੱਸਿਆ ਕਿ 27 ਅਗਸਤ ਦਿਨ ਸ਼ਨੀਵਾਰ ਨੂੰ ਫੱਤੂਵਾਲਾ ਅਤੇ ਤੇਜਾ ਰੁਹੇਲਾ ਵਿਖੇ ਆਬਾਦ ਸੁਵਿਧਾ ਕੈਂਪ ਲਗਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਮਿਸ਼ਨ ਦਾ ਉਦੇਸ਼ ਇੰਨ੍ਹਾਂ ਪਿੰਡਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ ਨਾਲ ਇੱਥੋਂ ਦੇ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣਾ ਵੀ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਕੈਂਪਾਂ ਵਿਚ ਆਪਣੀਆਂ ਸਕੀਮਾਂ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਦੇਣ ਦੇ ਨਾਲ ਯੋਗ ਲੋਕਾਂ ਨੂੰ ਇੰਨਾਂ ਸਕੀਮਾਂ ਦਾ ਲਾਭ ਦੇਣਾ ਵੀ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਵਿਭਾਗਾਂ ਨੂੰ ਇੰਨ੍ਹਾਂ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਸਬੰਧੀ ਪ੍ਰੋਜ਼ੈਕਟ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ। ਬੈਠਕ ਵਿਚ ਏਡੀਸੀ ਵਿਕਾਸ ਸ੍ਰੀ ਅਰੁਣ ਕੁਮਾਰ, ਐਸਡੀਐਮ ਸ੍ਰੀ ਜ਼ਸਬੀਰ ਸਿੰਘ ਅਤੇ ਸ੍ਰੀ ਰਵਿੰਦਰ ਸਿੰਘ ਅਰੋੜਾ, ਡੀਡੀਪੀਓ ਸ੍ਰੀ ਸੁਖਪਾਲ ਸਿੰਘ, ਡੀਡੀਐਫ ਸ੍ਰੀ ਸਿਧਾਰਥ ਤਲਵਾਰ ਆਦਿ ਵੀ ਹਾਜਰ ਸਨ।