ਕਿਸਾਨਾਂ ਦੀਆਂ ਮੰਗਾਂ ਸਬੰਧੀ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ -ਡਿਪਟੀ ਕਮਿਸ਼ਨਰ
ਫਾਜਿ਼ਲਕਾ, 25 ਅਗਸਤ (ਪੀ.ਟੀ.ਨੈਟਵਰਕ)
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਗੁੰਮਜਾਲ ਵਿਖੇ ਕੌਮੀ ਰਾਜ ਮਾਰਗ ਤੇ ਧਰਨਾ ਦੇ ਰਹੇ ਕਿਸਾਨ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨ ਹਿੱਤ ਵਿਚ ਆਪਣਾ ਧਰਨਾ ਸਮਾਪਤ ਕਰ ਦੇਣ ਕਿਉਂਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਉਨ੍ਹਾਂ ਦੀਆਂ ਮੰਗਾਂ ਬਾਰੇ ਸਰਕਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਕਿਹਾ ਕਿ ਬਾਗਾਂ ਦੇ ਹੋਏ ਨੁਕਸਾਨ ਸਬੰਧੀ ਕਿਸਾਨਾਂ ਦੀ ਮੰਗ ਅਨੁਸਾਰ ਉਨ੍ਹਾਂ ਨੇ ਖੁਦ ਮਈ ਦੇ ਮਹੀਨੇ ਵਿਚ ਇਲਾਕੇ ਦੇ ਦੌਰਾ ਕੀਤਾ ਸੀ ਅਤੇ ਇਸ ਸਬੰਧੀ ਬਾਗਬਾਨੀ ਵਿਭਾਗ ਤੋਂ ਰਿਪੋਰਟ ਲਈ ਗਈ ਸੀ ਜ਼ੋ ਕਿ ਉਨ੍ਹਾਂ ਵੱਲੋਂ ਸਰਕਾਰ ਨੂੰ ਅਗਲੇਰੀ ਕਾਰਵਾਈ ਹਿੱਤ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ। ਇਸੇ ਤਰਾਂ ਨਰਮੇ ਦੇ ਖਰਾਬੇ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਹੀ ਵਿਭਾਗ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਅਨੁਸਾਰ 15 ਸਤੰਬਰ ਤੱਕ ਚਿੱਟੇ ਮੱਛਰ ਦਾ ਅਸਰ ਰਹਿੰਦਾ ਹੈ। ਇਸ ਲਈ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਸ਼ ਕੀਤੀ ਗਈ ਹੈ ਕਿ ਨਰਮੇ ਦੇ ਖਰਾਬੇ ਦੀ ਗਿਰਦਾਵਰੀ ਸਤੰਬਰ ਦੇ ਦੂਜ਼ੇ ਹਫਤੇ ਤੋਂ ਕੀਤੀ ਜਾਵੇ, ਜਿਸ ਸਬੰਧੀ ਉਨ੍ਹਾਂ ਵੱਲੋਂ ਇਹ ਹੁਕਮ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਕਿ ਸਤੰਬਰ ਦੇ ਦੂਜ਼ੇ ਹਫਤੇ ਤੋਂ ਨਰਮੇ ਦੇ ਖਰਾਬੇ ਦੀ ਗਿਰਦਾਵਰੀ ਕਰ ਲਈ ਜਾਵੇ।ਇੰਨ੍ਹਾਂ ਹੁਕਮਾਂ ਦੀ ਕਾਪੀ ਵੀ ਕਿਸਾਨਾਂ ਨੂੰ ਮੁਹਈਆ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਹੁਣੇ ਹੀ ਇਹ ਗਿਰਦਾਵਰੀ ਕਰ ਲਈ ਜਾਂਦੀ ਹੈ ਤਾਂ ਉਹ ਕਿਸਾਨ ਰਹਿ ਜਾਣਗੇ ਜਿੰਨ੍ਹਾਂ ਦੀ ਫਸਲ ਸਾਇਦ ਹੁਣ ਤਾਂ ਠੀਕ ਹੋਵੇ ਪਰ ਆਉਣ ਵਾਲੇ ਹਮਲੇ ਦੌਰਾਨ ਖਰਾਬ ਹੋ ਜਾਵੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਸਮੇਤ ਸੀਨਿਅਰ ਅਧਿਕਾਰੀਆਂ ਵੱਲੋਂ ਗਿਰਦਾਵਰੀ ਦੀ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਪ੍ਰਭਾਵਿਤ ਕਿਸਾਨ ਦਾ ਖਰਾਬਾ ਗਿਰਦਾਵਰੀ ਵਿਚ ਦਰਜ ਕਰਨ ਤੋਂ ਵਾਂਝਾ ਨਾ ਰਹੇ। ਇਸੇ ਤਰਾਂ ਨਹਿਰੀ ਪਾਣੀ ਸਬੰਧੀ ਉਨ੍ਹਾਂ ਨੇ ਦੱਸਿਆ ਨਹਿਰੀ ਵਿਭਾਗ ਨੂੰ ਪਾਣੀ ਦੀ ਮਾਤਰਾ ਚੈਕ ਕਰਨ ਲਈ ਮਸ਼ੀਨ ਲਿਆਉਣ ਲਈ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਅਨੁਸਾਰ ਪਾਣੀ ਪਹੁੰਚਾਉਣ ਦੀ ਪੂਰੀ ਕੋਸਿ਼ਸ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ 2020 ਦੇ ਖਰਾਬੇ ਸਬੰਧੀ ਵੀ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਆਪਣੀ ਰਿਪੋਰਟ ਪਹਿਲਾਂ ਹੀ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਧਰਨੇ ਤੇ ਭੁੱਖ ਹੜਤਾਲ ਤੇ ਬੈਠੇ ਕਿਸਾਨ ਸਮੇਤ ਕਿਸਾਨ ਆਗੂਆਂ ਨਾਲ ਲਗਾਤਾਰ ਜਿ਼ਲ੍ਹਾ ਪ੍ਰਸ਼ਾਸਨ ਗੱਲਬਾਤ ਕਰਕੇ ਉਨ੍ਹਾਂ ਦੀ ਗੱਲ ਸਰਕਾਰ ਤੱਕ ਵੀ ਪਹੁੰਚਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਏਡੀਸੀ ਫਾਜਿਲਕਾ, ਐਸਐਸਪੀ ਫਾਜਿ਼ਲਕਾ, ਐਸਡੀਐਮ ਅਬੋਹਰ, ਐਸਪੀ, ਡੀਐਸਪੀ, ਸਮੇਤ ਸਾਰੇ ਅਧਿਕਾਰੀ ਲਗਾਤਾਰ ਕਿਸਾਨਾਂ ਕੋਲ ਜਾ ਕੇ ਉਨ੍ਹਾਂ ਵਿਚ ਬੈਠ ਕੇ ਉਨ੍ਹਾਂ ਦੀ ਗੱਲ ਸੁਣ ਰਹੇ ਹਨ ਅਤੇ ਕਿਸਾਨਾਂ ਨੂੰ ਲਗਾਤਾਰ ਜਿ਼ਲ੍ਹਾ ਪ੍ਰਸਾ਼ਸਨ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।ਇਸ ਤੋਂ ਬਿਨ੍ਹਾਂ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਨਿਯਮਿਤ ਤੌਰ ਤੇ ਉਥੇ ਹਾਜਰ ਰਹਿੰਦੇ ਹਨ।ਇਸ ਤੋਂ ਬਿਨ੍ਹਾਂ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਵੱਲੋਂ ਕਿਸਾਨ ਨੇਤਾ ਸ: ਬਲਬੀਰ ਸਿੰਘ ਰਾਜੇਵਾਲ ਨਾਲ ਵੀ ਗੱਲ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਵੀ ਧਰਨਾ ਸਮਾਪਤ ਕਰਨ ਦੀ ਅਪੀਲ ਕੀਤੀ ਗਈ ਹੈ। ਉਥੇ ਮੈਡੀਕਲ ਟੀਮ ਦੀ ਤਾਇਨਾਤੀ ਵੀ ਕੀਤੀ ਗਈ ਹੈ ਅਤੇ ਧਰਨੇ ਤੇ ਕੋਈ ਅਮਨ ਕਾਨੂੰਨ ਦੀ ਸਥਿਤੀ ਨਾ ਵਿਗੜੇ ਇਸ ਲਈ ਉਥੇ ਡਿਊਟੀ ਮੈਜਿਸਟੇ੍ਰਟ ਅਤੇ ਪੁਲਿਸ ਜਾਬਤਾ ਵੀ ਤਾਇਨਾਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਧਰਨਾ ਸਮਾਪਤ ਕਰ ਦੇਣ ਕਿਉਂਕਿ ਜਿ਼ਲ੍ਹਾ ਪ੍ਰਸ਼ਾਸਨ ਉਨ੍ਹਾਂ ਦੀਆਂ ਸਾਰੀਆਂ ਜਾਇਜ ਮੰਗਾਂ ਪੂਰੀਆਂ ਕਰਨ ਸਬੰਧੀ ਪਹਿਲਾਂ ਹੀ ਸਹਿਮਤੀ ਦੇ ਚੁੱਕਾ ਹੈ ਅਤੇ ਬਾਕੀ ਮੰਗਾਂ ਸਬੰਧੀ ਸਰਕਾਰ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਹੋਰ ਮੰਗਾਂ ਸਬੰਧੀ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਸੀਨਿਅਰ ਅਧਿਕਾਰੀਆਂ ਜਾਂ ਮੰਤਰੀ ਸਹਿਬਾਨ ਨਾਲ ਬੈਠਕ ਲਈ ਸਮਾਂ ਲੈ ਕੇ ਦੇਣ ਲਈ ਉਨ੍ਹਾਂ ਵੱਲੋਂ ਕਿਸਾਨਾਂ ਦਾ ਸਹਿਯੋਗ ਕੀਤਾ ਜਾਵੇਗਾ।