ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈਕਾ, ਬਠਿੰਡਾ 2 ਮਈ 2020
ਭਗਤਾ ਭਾਈ: ਕੋਰੋਨਾ ਮਹਾਂਮਾਰੀ ਖਿਲਾਫ ਜੰਗ ਲੜ ਰਹੇ ਸਾਰੇ ਯੋਧੇ ਮਾਣ , ਸਨਮਾਨ ਅਤੇ ਸਤਿਕਾਰ ਦੇ ਪਾਤਰ ਹਨ ਜੇਕਰ ਇਸ ਜੰਗ ਵਿੱਚ ਕੋਈ ਯੋਧਾ ਸ਼ਹੀਦ ਹੋ ਜਾਂਦਾ ਹੈ ਤਾਂ ਉਹਨਾ ਦੇ ਮਾਣ – ਸਨਮਾਨ ਵਿੱਚ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ ਕਿਉਂ ਕਿ ਸ਼ਹੀਦਾਂ ਦੀਆਂ ਕਿਸਮਾਂ ਨਹੀਂ ਹੁੰਦੀਆਂ । ਇਹਨਾ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਜਤਿੰਦਰ ਸਿੰਘ ਭੱਲਾ ਨੇ ਕਰਦਿਆਂ ਕਿਹਾ ਕਿ ਪੀ.ਆਰ.ਟੀ.ਸੀ ਡਰਾਇਵਰ ਮਨਜੀਤ ਸਿੰਘ ਵੀ ਇਸ ਜੰਗ ਵਿੱਚ ਆਪਣੀਆਂ ਸੇਵਾਵਾਂ ਦਿੰਦਾ ਹੋਇਆ ਆਪਣੀ ਜਾਨ ਗੁਆ ਬੈਠਾ ਹੈ ਇਸ ਕਰਕੇ ਸਰਕਾਰ ਨੂੰ ਲੁਧਿਆਣਾ ਦੇ ਮਰਹੂਮ ਏ.ਸੀ.ਪੀ ਸ਼੍ਰੀ ਕੋਹਲੀ ਦੀ ਤਰਜ਼ ਤੇ ਸ਼ਹੀਦ ਦਾ ਦਰਜਾ ਦੇਣ ਦੇ ਨਾਲ-ਨਾਲ ੫੦ ਲੱਖ ਰੁਪਏ ਮਾਇਕ ਸਹਾਇਤਾ ਅਤੇ ਉਸਦੇ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ । ਉਹਨਾ ਅੱਗੇ ਕਿਹਾ ਕਿ ਕੋਰੋਨਾ ਜੰਗ ਦੇ ਕਹਿਰ ਅਤੇ ਮਿਆਦ ਬਾਰੇ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਇਸ ਜੰਗ ਦੀ ਅਗਲੇਰੀ ਕਤਾਰ ਵਿੱਚ ਲੜ ਰਹੇ ਜੁਝਾਰੂ ਯੋਧਿਆਂ ਦੇ ਮਾਣ – ਸਨਮਾਨ ਅਤੇ ਉਹਨਾ ਦਾ ਭਵਿੱਖ ਬਿਨਾ ਕਿਸੇ ਭੇਦ-ਭਾਵ ਤੋਂ ਸੁਰੱਖਿਅਤ ਕਰਨਾ ਅਤਿ ਜਰੂਰੀ ਹੈ ਤਾਂ ਜੋ ਉਹ ਯੋਧੇ ਆਪਣੇ ਬੁਲੰਦ ਹੌਸਲੇ ਨਾਲ ਇਸ ਜੰਗ ਵਿੱਚ ਸੀਨਾ ਤਾਣ ਕੇ ਲੜਾਈ ਲੜ ਸਕਣ । ਭੱਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਵ:ਮਨਜੀਤ ਸਿੰਘ ਨੂੰ ਬਣਦਾ ਮਾਣ -ਸਨਮਾਨ ਅਤੇ ਉਸਦੇ ਪਰਿਵਾਰ ਲਈ ਬਣਦਾ ਮੁਆਵਜ਼ਾ ਹਰ ਹਾਲਤ ਵਿੱਚ ਦੁਆ ਕੇ ਰਹੇਗੀ ਇਸ ਲਈ ਪਾਰਟੀ ਨੂੰ ਭਾਵੇਂ ਕਿੱਡਾ ਵੀ ਸੰਘਰਸ਼ ਕਿਉਂ ਨਾ ਵਿੱਢਣਾ ਪਵੇ ।