ਹੁਣ ਆ ਗਿਆ ਪਲਾਸਟਿਕ ਲਿਫਾਫਿਆਂ ਦੇ ਬਦਲ
ਹਰਿੰਦਰ ਨਿੱਕਾ , ਬਰਨਾਲਾ, 27 ਜੁਲਾਈ 2022
ਸਿੰਗਲ ਯੂਜ ਪਲਾਸਿਟਕ ਅਤੇ ਡਿਸਪੋਜਲ ਦੀਆਂ ਵੱਖ ਵੱਖ ਵਸਤਾਂ ਤੇ ਲਾਗੂ ਪਾਬੰਦੀ ਨੂੰ ਸ਼ਹਿਰ ਅੰਦਰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ, ਹੁਣ ਨਗਰ ਕੌਂਸਲ ਸਖਤੀ ਦੇ ਮੂਡ ਵਿੱਚ ਹੈ। ਨਗਰ ਕੌਂਸਲ ਦੀ ਸਖਤੀ ਦਾ ਅਸਰ, ਆਉਂਦੇ ਦਿਨਾਂ ਵਿੱਚ ਹਰ ਇੱਕ ਨੂੰ ਵੇਖਣ ਨੂੰ ਮਿਲ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦਿਆਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ 1 ਜੁਲਾਈ ਤੋਂ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ਅਤੇ ਡਿਸਪੋਜਲ ਦੀ ਅੰਨ੍ਹੇਵਾਹ ਹੋ ਰਹੀ ਵਰਤੋਂ ਨੂੰ ਠੱਲ੍ਹਣ ਲਈ ਪਾਬੰਦੀ ਲਾਗੂ ਕੀਤੀ ਗਈ ਸੀ, ਪਰੰਤੂ ਵੇਖਣ ਵਿੱਚ ਆ ਰਿਹਾ ਹੈ ਕਿ ਸਰਕਾਰ ਵੱਲੋਂ ਲਾਗੂ ਪਾਬੰਦੀ ਦੇ ਬਾਵਜੂਦ, ਸ਼ਹਿਰ ਦੇ ਬਜ਼ਾਰਾਂ ਅੰਦਰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਅਤੇ ਵੱਖ ਵੱਖ ਸਮਾਗਮਾਂ ਵਿੱਚ ਡਿਸਪੋਜਲ ਗਿਲਾਸ, ਕੌਲੀਆਂ/ਪਲੇਟਾਂ, ਚਮਚੇ ਆਦਿ ਵਰਤੋਂ ਵਿੱਚ ਬਹੁਤਾ ਫਰਕ ਦੇਖਣ ਨੂੰ ਨਹੀਂ ਮਿਲਿਆ। ਜਦੋਂਕਿ ਨਗਰ ਕੌਂਸਲ ਦੇ ਕਰਮਚਾਰੀ, ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਅਜਿਹਾ ਕਰਨ ਤੋਂ ਵਰਜਣ ਲਈ ਜਾਗਰੂਕ ਕਰਨ ਲਈ ਮਸ਼ਰੂਫ ਹਨ।
ਕਾਰਜ ਸਾਧਕ ਅਫਸਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਿਰਫ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਡਿਸਪੋਜਲ ਭਾਂਡੇ ਅਤੇ ਪਲਾਸਟਿਕ ਦੇ ਲਿਫਾਫੇ ਸਹੂਲਤ ਤੋਂ ਜਿਆਦਾ, ਸਮੱਸਿਆਵਾਂ ਪੈਦਾ ਕਰ ਰਹੇ ਹਨ, ਜਿਸ ਦਾ ਖਾਮਿਆਜਾ ਵੀ ਵੱਖ ਵੱਖ ਤਰਾਂ ਦੀਆਂ ਮੁਸ਼ਕਿਲਾਂ ਦੇ ਰੂਪ ਵਿੱਚ ਸਾਰੇ ਲੋਕਾਂ ਨੂੰ ਪੈਰ ਪੈਰ ਤੇ ਭੁਗਤਣਾ ਪੈ ਰਿਹਾ ਹੈ। ਲੋਕਾਂ ਲਈ ਪੈਦਾ ਹੋ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਹੀ, ਸਰਕਾਰ ਨੇ ਨਾ ਗਲਣਯੋਗ ਪਲਾਸਟਿਕ ਦੀ ਹਰ ਤਰਾਂ ਨਾਲ ਵਰਤੋਂ ਤੇ ਪੂਰਣ ਤੌਰ ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕਾਂ ਨੂੰ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਨ ਲਈ ਅਤੇ ਚੰਗੇ ਸ਼ਹਿਰੀ ਹੋਣ ਦਾ ਸਬੂਤ ਦਿੰਦੇ ਹੋਏ, ਪਾਬੰਦੀ ਨੂੰ ਲਾਗੂ ਕਰਨ ਲਈ, ਸਹਿਯੋਗ ਦੇਣ ਦੀ ਲੋੜ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਹੁਣ ਮਾਰਕੀਟ ਵਿੱਚ ਈਕੋ ਫਰੈਂਡਲੀ, 100 ਪ੍ਰਤੀਸ਼ਤ ਗਲਣਯੋਗ ਪਲਾਸਟਿਕ ਦੇ ਲਿਫਾਫੇ ਵੀ ਮੌਜੂਦ ਹਨ। ਜਿੰਨ੍ਹਾਂ ਦੀ ਵਰਤੋਂ ਕਰਕੇ, ਅਸੀਂ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਵਿੱਚ ਆਪੋ-ਆਪਣਾ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਮਾਗਮਾਂ ਵਿੱਚ ਡਿਸਪੋਜਲ ਭਾਂਡਿਆਂ ਦੀ ਵਰਤੋਂ ਨਾ ਕਰਨ ਵਾਲਿਆਂ ਨੂੰ ਨਗਰ ਕੌਂਸਲ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਕਾਰਜ ਸਾਧਕ ਅਫਸਰ ਨੇ ਚਿਤਾਵਨੀ ਵੀ ਦਿੱਤੀ ਕਿ ਨਗਰ ਕੌਂਸਲ ਦੇ ਕਰਮਚਾਰੀ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ਤੇ ਚੈਕਿੰਗ ਮੁਹਿੰਮ ਆਰੰਭੀ ਜਾਵੇਗੀ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਪਾਬੰਦੀ ਨੂੰ ਨਜ਼ਰਅੰਦਾਜ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵਰਨਣਯੋਗ ਹੈ ਕਿ ਸੌਲਡ ਵੇਸਟ ਮੈਨੇਜਮੈਂਟ ਰੂਲਜ 2016 ਦੇ ਤਹਿਤ 500 ਰੁਪਏ ਤੋਂ ਲੈ ਕੇ, ਹੋਰ ਵਧੇਰੇ ਦਾ ਜੁਰਮਾਨਾ ਲਾਉਣ ਦੀ ਵਿਵਸਥਾ ਹੈ।