ਚਿਲਡਰਨ ਹੋਮ ਦੀ ਸੁਰੱਖਿਆ ਵਧਾਉਣ ਤੇ ਆਪਣੇ ਸੂਬਿਆਂ ‘ਚ ਜਾਣ ਦੇ ਇੱਛੁਕ ਬੱਚਿਆਂ ਨੂੰ ਭੇਜਣ ਦੇ ਪ੍ਰਬੰਧ ਕਰਨ ਦੀ ਹਦਾਇਤ
ਰਾਜੇਸ਼ ਗੌਤਮ , ਪਟਿਆਲਾ , 4 ਜੁਲਾਈ 2022
ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਨੇ ਇਸ ਦੌਰਾਨ ਪਿਛਲੇ ਸਮੇਂ ਇਸ ਚਿਲਡਰਨ ਹੋਮ ‘ਚੋਂ ਦੌੜ ਗਏ ਕੁਝ ਬੱਚਿਆਂ, ਜਿਨ÷ ਾਂ ‘ਚੋਂ ਪੰਜ ਬੱਚੇ ਮਿਲ ਵੀ ਗਏ ਹਨ, ਬਾਰੇ ਵਿਸਥਾਰ ‘ਚ ਘੋਖ ਕਰਦਿਆਂ ਇਹਨਾਂ ਬੱਚਿਆਂ ਨਾਲ ਵਾਰਤਾਲਾਪ ਕੀਤੀ। ਉਨ੍ਹਾਂ ਦੇ ਨਾਲ ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ ਵੀ ਮੌਜੂਦ ਸਨ।
ਡਾ. ਬਲਜੀਤ ਕੌਰ ਨੇ ਇਨ੍ਹਾਂ ਬੱਚਿਆਂ ਨੂੰ ਇੱਥੋਂ ਜਾਣ ਦਾ ਕਾਰਨ ਪੁੱਛਿਆ ਤਾਂ ਬੱਚਿਆ ਨੇ ਜਵਾਬ ‘ਚ ਦੱਸਿਆ ਕਿ ਉਹ ਆਪਣੀ ਮਰਜ਼ੀ ਨਾਲ ਘੁੰਮਣ-ਫਿਰਨ ਲਈ ਹੀ ਗਏ ਸਨ ਪਰੰਤੂ ਉਨ੍ਹਾਂ ਨੂੰ ਇਸ ਹੋਮ ‘ਚ ਰਹਿਣ-ਸਹਿਣ ਦੀ ਕੋਈ ਤਕਲੀਫ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਬੱਚੇ ਉਹ ਹਨ, ਜਿਹੜੇ ਕਿ ਬਿਹਾਰ, ਯੂ.ਪੀ ਆਦਿ ਰਾਜਾਂ ਨਾਲ ਸੰਬੰਧ ਰੱਖਦੇ ਹਨ ਅਤੇ ਇਹ ਲਾਵਾਰਿਸ ਹਾਲਤ ‘ਚ ਮਿਲੇ ਹਨ, ਇਨ੍ਹਾਂ ਨੂੰ ਬਾਲ ਭਲਾਈ ਕਮੇਟੀ ਵੱਲੋਂ ਇੱਥੇ ਭੇਜਿਆ ਗਿਆ ਸੀ। ਇਨ੍ਹਾਂ ਵਿੱਚੋਂ 1 ਬੱਚੇ ਨੇ ਦੱਸਿਆ ਹੈ ਕਿ ਉਹ ਪਿਛਲੇ 3-4 ਸਾਲ ਤੋਂ ਇੱਥੇ ਰਹਿ ਰਿਹਾ ਹੈ ਪਰੰਤੂ ਘੁੰਮਣ ਫਿਰਨ ਲਈ ਆਪਣੇ ਆਪ ਹੀ 6 ਵਾਰੀ ਇੱਥੋਂ ਚਲਿਆ ਗਿਆ ਸੀ।
ਇਸ ਉਪਰੰਤ ਮੀਡੀਆ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜੇਕਰ ਇਸ ਮਾਮਲੇ ‘ਚ ਕੋਈ ਵਿਭਾਗੀ ਕੁਤਾਹੀ ਜਾਂ ਲਾਪਰਵਾਹੀ ਸਾਹਮਣੇ ਆਈ ਤਾਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵਿਭਾਗ ਨੂੰ ਚਿਲਰਡਨ ਹੋਮ ਦੀ ਸੁਰੱਖਿਆ ਵਧਾਉਣ ਅਤੇ ਜਿਹੜੇ ਬਾਹਰਲੇ ਰਾਜਾਂ ਦੇ ਬੱਚੇ ਇੱਥੇ ਰਹਿ ਰਹੇ ਹਨ ਪ੍ਰੰਤੂ ਉਹ ਆਪਣੇ ਗ੍ਰਹਿ ਸੂਬੇ ‘ਚ ਜਾਣਾ ਚਾਹੁੰਦੇ ਹਨ, ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ‘ਚ ਭੇਜਣ ਦੀ ਕਾਰਵਾਈ ਅਰੰਭਣ ਦੀ ਵੀ ਹਦਾਇਤ ਕੀਤੀ ਹੈ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਇਨ੍ਹਾਂ ਬੱਚਿਆਂ ਨੂੰ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਰਹਿਣ-ਸਹਿਣ ਤੇ ਖਾਣ-ਪੀਣ ਸਮੇਤ ਹੋਰ ਸਹੂਲਤਾਂ ਦਾ ਜਾਇਜ਼ਾ ਲੈਣ ਤੋਂ ਇਲਾਵਾ ਸੁਰੱਖਿਆ ਪ੍ਰਬੰਧ ਵੀ ਦੇਖੇ ਗਏ ਹਨ ਤੇ ਲੋੜੀਂਦੀ ਹਦਾਇਤ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਇਸ ਦੌਰਾਨ ਐਮ.ਆਰ. ਹੋਮ ਦਾ ਵੀ ਦੌਰਾ ਕਰਕੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਰਹਿਣ-ਸਹਿਣ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ।
ਇਸ ਮੌਕੇ ਕੈਬਨਿਟ ਮੰਤਰੀ ਨੇ ਐਸ.ਡੀ.ਐਮ. ਡਾ. ਸੰਜੀਵ ਕੁਮਾਰ, ਐਸ.ਪੀ. ਹਰਪਾਲ ਸਿੰਘ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸੰਯੁਕਤ ਡਾਇਰੈਕਟਰ ਜੀ.ਐਸ. ਮੌੜ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ, ਐਮ.ਆਰ. ਹੋਮ ਦੇ ਸੁਪਰਡੈਂਟ ਗੀਤਿੰਦਰ ਸਿੰਘ ਸੀ.ਡੀ.ਪੀ.ਓਜ ਕੰਵਰ ਸ਼ਕਤੀ ਸਿੰਘ ਬੰਗੜ ਤੇ ਹਰਵਿੰਦਰ ਕੌਰ ਆਦਿ ਅਧਿਕਾਰੀਆਂ ਨਾਲ ਬੈਠਕ ਕਰਕੇ ਸਮੁੱਚੇ ਮਾਮਲੇ ਦੀ ਵਿਸਥਾਰ ‘ਚ ਜਾਣਕਾਰੀ ਹਾਸਲ ਕੀਤੀ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।