ਪੇਂਡੂ ਮਜ਼ਦੂਰਾਂ ਨੇ ਮੁੱਖ ਮੰਤਰੀ ਦੇ ਸ਼ਹਿਰ ਚ ਕੀਤੀ ਚੇਤਾਵਨੀ ਰੈਲੀ
ਪਰਦੀਪ ਕਸਬਾ , ਸੰਗਰੂਰ, 9 ਜੂਨ 2022
ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ‘ਚ ਚਿਤਾਵਨੀ ਰੈਲੀ ਦੌਰਾਨ ਹਜ਼ਾਰਾਂ ਦੀ ਗਿਣਤੀ ਚ ਜੁੜੇ ਮਜ਼ਦੂਰ ਮਰਦ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੁੱਖ ਮੰਤਰੀ ਤੇ ਪੰਚਾਇਤ ਮੰਤਰੀ ਵੱਲੋਂ ਮਜ਼ਦੂਰ ਜਥੇਬੰਦੀਆਂ ਨਾਲ ਦੋ ਦਿਨ ਲਗਾਤਾਰ ਮੀਟਿੰਗਾਂ ਕਰਕੇ ਮਜ਼ਦੂਰਾਂ ਦੀਆਂ ਕਈ ਅਹਿਮ ਤੇ ਹੱਕੀ ਮੰਗਾਂ ਪ੍ਰਵਾਨ ਕਰਨ ਨੂੰ ਸਾਂਝੇ ਸੰਘਰਸ਼ ਦੀ ਮੁਢਲੀ ਜਿੱਤ ਕਰਾਰ ਦਿੰਦਿਆਂ ਮੰਗਾਂ ਨੂੰ ਲਾਗੂ ਕਰਵਾਉਣ ਤੱਕ ਸੰਘਰਸ਼ ਰੱਖਣ ਦਾ ਐਲਾਨ ਕੀਤਾ।
ਵਰਨਣਯੋਗ ਹੈ ਕਿ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ , ਪੰਜਾਬ ਖੇਤ ਮਜ਼ਦੂਰ ਯੂਨੀਅਨ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਅੱਜ ਮੁੱਖ ਮੰਤਰੀ ਦੇ ਘਰ ਅੱਗੇ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ 7 ਤੇ8 ਜੂਨ ਨੂੰ ਲਗਾਤਾਰ ਦੋ ਦਿਨ ਮਜ਼ਦੂਰ ਆਗੂਆਂ ਨਾਲ਼ ਮੀਟਿੰਗਾਂ ਕਰਕੇ ਮਜ਼ਦੂਰ ਮੰਗਾਂ ਨਾਲ਼ ਸਹਿਮਤੀ ਪ੍ਰਗਟਾਉਂਦਿਆਂ ਇਹਨਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ ਗਿਆ ਜਿਸ ਕਾਰਨ ਮਜ਼ਦੂਰਾਂ ਵੱਲੋਂ ਅੱਜ ਦਾਣਾ ਮੰਡੀ ਸੰਗਰੂਰ ਵਿਖੇ ਵਿਸ਼ਾਲ ਚਿਤਾਵਨੀ ਰੈਲੀ ਕੀਤੀ ਗਈ।
ਇਸ ਵਿਸ਼ਾਲ ਇਕੱਠ ਨੂੰ ਮਜ਼ਦੂਰ ਆਗੂ ਮੁਕੇਸ਼ ਮਲੌਦ ,ਲਛਮਣ ਸਿੰਘ ਸੇਵੇਵਾਲਾ, ਤਰਸੇਮ ਪੀਟਰ, ਸੰਜੀਵ ਮਿੰਟੂ ,ਕਸ਼ਮੀਰ ਸਿੰਘ ਘੁੱਗਸ਼ੋਰ , ਜ਼ੋਰਾ ਸਿੰਘ ਨਸਰਾਲੀ,ਬਿੱਕਰ ਸਿੰਘ ਹਥੋਆ ਤੇ ਧਰਮਪਾਲ ਸਿੰਘ ਨਮੋਲ ਨੇ ਸੰਬੋਧਨ ਕਰਦਿਆਂ ਸਰਕਾਰ ਵੱਲੋਂ ਦੋ ਦਿਨਾਂ ‘ਚ ਕੀਤੀਆਂ ਮੀਟਿੰਗਾਂ ਦੌਰਾਨ ਪ੍ਰਵਾਨ ਕੀਤੀਆਂ ਮੰਗਾਂ ਸਬੰਧੀ ਦੱਸਿਆ ਕਿ ਜਿਹੜੇ ਵੀ ਪਿੰਡਾਂ ਚ ਸਸਤੇ ਭਾਅ ਪੰਚਾਇਤੀ ਜ਼ਮੀਨ ਠੇਕੇ ‘ਤੇ ਲੈਣ ਦੇ ਮਾਮਲੇ ਨੂੰ ਲੈਕੇ ਬੋਲੀਆਂ ਰੁਕੀਆਂ ਹੋਈਆਂ ਹਨ ਉਹਨਾਂ ਪਿੰਡਾਂ ਚ ਇਹ ਮਸਲਾ ਮਜ਼ਦੂਰਾਂ ਦੇ ਪੱਖ ‘ਚ ਜਲਦੀ ਹੱਲ ਕੀਤਾ ਜਾਵੇਗਾ ਅਤੇ ਡੰਮੀ ਬੋਲੀਆਂ ਦੀ ਪੜਤਾਲ ਕਰਕੇ ਗ਼ਲਤ ਹੋਈਆਂ ਬੋਲੀਆਂ ਰੱਦ ਕਰਨ ਦਾ ਵੀ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ।
ਉਹਨਾਂ ਆਖਿਆ ਕਿ ਮਜ਼ਦੂਰਾਂ ਦੇ ਦਿਹਾੜੀ ਰੇਟ ‘ਚ ਵਾਧੇ ਨਾਲ਼ ਸਹਿਮਤੀ ਪ੍ਰਗਟਾਉਂਦਿਆਂ ਸਰਕਾਰ ਵੱਲੋਂ ਲੇਬਰ ਮਹਿਕਮੇ, ਮਾਲ ਮਹਿਕਮੇ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ‘ਚ ਕਮੇਟੀ ਦਾ ਗਠਨ ਕਰਨ, ਮਜ਼ਦੂਰਾਂ ਨੂੰ ਸਹਿਕਾਰੀ ਸਭਾਵਾਂ ਦੇ ਮੈਂਬਰ ਬਣਾਕੇ ਸਸਤੇ ਕਰਜ਼ੇ ਦੇਣ ਲਈ ਵਿਭਾਗ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ , ਪੰਚਾਇਤੀ ਜ਼ਮੀਨਾਂ ਸੁਸਾਇਟੀ ਬਣਾਕੇ ਮਜ਼ਦੂਰਾਂ ਨੂੰ ਸਸਤੇ ਭਾਅ ਪਟੇ ‘ਤੇ ਦੇਣ ਬਾਰੇ ਫੈਸਲਾ ਕਰਨ ਲਈ ਸਰਕਾਰ ਵੱਲੋਂ 7 ਮੈਂਬਰੀ ਕਮੇਟੀ ਬਣਾਕੇ ਮਜ਼ਦੂਰਾਂ ਦਾ ਪੱਖ ਸੁਣਨ ਉਪਰੰਤ ਫੈਸਲਾ ਲੈਣ ਦਾ ਭਰੋਸਾ ਵੀ ਦਿੱਤਾ ਗਿਆ ।
ਬੁਲਾਰਿਆਂ ਨੇ ਦੱਸਿਆ ਕਿ ਝੋਨਾ ਲਵਾਈ ਦੇ ਰੇਟਾਂ ਨੂੰ ਲੈਕੇ ਕੁਝ ਪਿੰਡਾਂ ‘ਚ ਮਜ਼ਦੂਰਾਂ ਦੇ ਸਮਾਜਿਕ ਬਾਈਕਾਟ ਕਰਨ ਦੇ ਐਲਾਨਾਂ ਤੁਰੰਤ ਰੋਕਣ ਲਈ ਢੁਕਵੇਂ ਕਦਮ ਚੁੱਕਣ ਤੋਂ ਇਲਾਵਾ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨਾਲ ਮਜ਼ਦੂਰ ਜਥੇਬੰਦੀਆਂ ਦੀਆਂ ਮੀਟਿੰਗਾਂ ਕਰਵਾਕੇ ਰੇਟਾਂ ‘ਚ ਵਾਧੇ ਦਾ ਮਸਲਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਉਹਨਾਂ ਕਿਹਾ ਕਿ ਝੋਨਾ ਲਵਾਈ ਦਾ ਰੇਟ ਛੇ ਹਜ਼ਾਰ ਰੁਪਏ ਕਰਨ ਅਤੇ ਇਸ ਤੋਂ ਘੱਟ ਮਿਲਣ ਵਾਲੇ ਰੇਟ ਦੀ ਭਰਪਾਈ ਸਰਕਾਰ ਵੱਲੋਂ ਕਰਨ ਦੇ ਮਸਲੇ ‘ਤੇ ਕੋਈ ਸਹਿਮਤੀ ਨਾ ਬਣ ਸਕੀ ਜਿਸ ਖਾਤਰ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਲਾਲ ਲਕੀਰ ਅੰਦਰਲੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਸਬੰਧੀ ਚੱਲ ਰਹੇ ਕਾਰਜ ਆਉਂਦੇ ਦਿਨਾਂ ‘ਚ ਸਾਰੇ ਜ਼ਿਲ੍ਹਿਆਂ ‘ਚ ਸ਼ੁਰੂ ਕਰਨ ਅਤੇ ਮਜ਼ਦੂਰਾਂ ਨੂੰ ਕੱਟੇ ਪਲਾਟਾਂ ਦਾ ਕਬਜ਼ਾ ਕਾਨੂੰਨ ਅਨੁਸਾਰ ਦੇਣ ਦਾ ਵੀ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਅਤੇ ਤਹਿ ਹੋਈਆਂ ਮੰਗਾਂ ਦੀ ਅਮਲਦਾਰੀ ਯਕੀਨੀ ਬਣਾਉਣ ਤੇ ਹੋਰ ਮਜ਼ਦੂਰ ਮਸਲਿਆਂ ਦੇ ਨਿਪਟਾਰੇ ਲਈ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਮੁੜ ਮੰਤਰੀ ਪੱਧਰ ਮੀਟਿੰਗ ਵੀ ਤਹਿ ਕਰਨ ਬਾਰੇ ਵੀ ਤਹਿ ਕੀਤਾ ਗਿਆ।ਅੱਜ ਦੇ ਇਸ ਸਾਂਝੇ ਮੋਰਚੇ ਦੀ ਹਮਾਇਤ ਤੇ ਰਜਿੰਦਰ ਸਿੰਘ ਰਿਆੜ ਸੈਕੜੇ ਮਜ਼ਦੂਰਾਂ ਦਾ ਕਾਫਲਾ ਲੈਕੇ ਪਹੁੰਚੇ ।
Advertisement