ਸਿਮਰਨਜੀਤ ਸਿੰਘ ਮਾਨ ਅਤੇ ਰਾਜਦੇਵ ਸਿੰਘ ਖਾਲਸਾ, 32 ਸਾਲ ਬਾਅਦ ਫਿਰ ਹੋਏ ਇੱਕ
ਦੋਵਾਂ ਆਗੂਆਂ ਨੇ ਇੱਕ ਦੂਜੇ ਦੀਆਂ ਕੀਤੀਆਂ ਸਿਫਤਾਂ
ਹਰਿੰਦਰ ਨਿੱਕਾ , ਬਰਨਾਲਾ 9 ਜੂਨ 2022
ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਕੌਮੀ ਪ੍ਰਧਾਨ ਅਤੇ ਲੋਕ ਸਭਾ ਜਿਮਨੀ ਚੋਣ ‘ਚ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਅਤੇ ਸਾਬਕਾ ਐਮ.ਪੀ. ਐਡਵੋਕੇਟ ਰਾਜਦੇਵ ਸਿੰਘ ਖਾਲਸਾ 32 ਸਾਲਾਂ ਬਾਅਦ ਇੱਕ ਵਾਰ ਫਿਰ ਇੱਕ ਮੰਚ ਤੇ ਇਕੱਠੇ ਹੋ ਗਏ। ਇਸ ਮੌਕੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਐਲਾਨ ਕੀਤਾ ਕਿ ਉਹ ਸਿਮਰਨਜੀਤ ਸਿੰਘ ਮਾਨ ਦੀ ਲੋਕ ਸਭਾ ਚੋਣ ਵਿੱਚ ਡੱਟ ਕੇ ਮੱਦਦ ਕਰਨਗੇ ਅਤੇ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ ਲਈ ,ਦਿਨ ਰਾਤ ਮਿਹਨਤ ਕਰਨਗੇ। ਜਦੋਂਕਿ ਸਿਮਰਨਜੀਤ ਸਿੰਘ ਮਾਨ ਨੇ ਵੀ ਪੈਂਦੇ ਸੱਟੇ ਐਲਾਨ ਕਰ ਦਿੱਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਜਦੇਵ ਸਿੰਘ ਖਾਲਸਾ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਹੋਣਗੇ, ਜਿਹੜੇ ਚੋਣ ਜਿੱਤ ਕੇ ਪੰਜਾਬ ਅਸੈਂਬਲੀ ਵਿੱਚ ਸਿੱਖ ਪੰਥ ਦੀ ਅਵਾਜ਼ ਬਣਨਗੇ। ਅੱਜ ਬਾਅਦ ਦੁਪਹਿਰ ਆਪਣੇ ਘਰ ਸੱਦੀ ਪ੍ਰੈਸ ਕਾਨਫਰੰਸ ਵਿੱਚ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਕੇ, ਇਸ ਹਕੀਕਤ ਨੂੰ ਚੰਗੀ ਤਰਾਂ ਸਮਝ ਲਿਆ ਕਿ ਭਾਜਪਾ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਿਤ ਕਰਨ ਤੇ ਤੁਲੀ ਹੋਈ ਹੈ। ਜਦੋਂਕਿ ਸਿੱਖ ਵਿਲੱਖਣ ਅਤੇ ਵੱਖਰੀ ਹਸਤੀ ਹਨ, ਖਾਲਸਾ ਨੇ ਕਿਹਾ ਸਿੱਖ ਹਿੰਦੂ ਨਹੀਂ ਹਨ ।
ਉਨਾਂ ਕਿਹਾ ਕਿ ਭਾਜਪਾ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸੇਖਾਵਤ , ਦੁਸ਼ਯੰਤ ਗੌਤਮ ਅਤੇ ਬੀ.ਐਲ. ਸੰਤੋਸ਼ ਸਿੱਖਾਂ ਦੇ ਕੱਟੜ ਵਿਰੋਧੀ ਹਨ । ਖਾਲਸਾ ਨੇ ਕਿਹਾ ਕਿ ਭਾਜਪਾ ਸਿੱਖਾਂ ਦੀ ਹੀ ਨਹੇਂ ਬਲਕਿ ਹਿੰਦੂਆਂ ਦੀ ਵੀ ਵਿਰੋਧੀ ਹੈ, ਇਸੇ ਕਰਕੇ, ਜੰਮੂ-ਕਸ਼ਮੀਰ ਵਿੱਚ ਹਿੰਦੂਆਂ ਨੂੰ ਹਿਜਰਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਭਾਜਪਾ ਇਸ ਬਾਰੇ ਚੁੱਪ ਹੈ ਤੇ ਵੋਟਾਂ ਦੇ ਬਟਵਾਰੇ ਦੀਆਂ ਵਿਊਂਤਾ ਬਣਾ ਰਹੀ ਹੈ, ਜਦੋਂਕਿ ਅਸਿੱਧੇ ਤੌਰ ਤੇ ਜੰਮੂ-ਕਸ਼ਮੀਰ ਅੰਦਰ ਭਾਜਪਾ ਦੀ ਰਾਜ ਹੈ। ਭਾਜਪਾ ਦੇ ਰਾਜ ਵਿੱਚ ਹਿੰਦੂਆਂ ਤੇ ਅਅੱਤਿਆਚਾਰ ਹੋ ਰਹੇ ਹਨ। ਖਾਲਸਾ ਨੇ ਜੋਰ ਦੇ ਕਿ ਕਿਹਾ ਕਿ ਅਸੀਂ, ਹਿੰਦੂ ਨਹੀਂ ਹਾਂ, ਪਰੰਤੂ ਸਾਡੇ ਗੁਰੂ ਸਹਿਬਾਨ ਨੇ ਹਿੰਦੂਆਂ ਦੀ ਰਾਖੀ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਤੱਕ ਦੇ ਦਿੱਤੀ। ਖਾਲਸਾ ਨੇ ਕਿਹਾ ਕਿ ਅਸੀਂ ਸਿੱਖ ਹਾਂ, ਸਿੱਖ ਕੌਮ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਸੁਣ ਸਕਦੇ, ਪਰੰਤੂ ਅਸੀਂ ਹਰ ਧਰਮ ਦਾ ਮਾਨ ਸਨਮਾਨ ਵੀ ਕਰਦੇ ਹਾਂ, ਕਿਸੇ ਵੀ ਧਰਮ ਦੇ ਖਿਲਾਫ ਕੋਈ ਅੱਤਿਆਚਾਰ ਹੁੰਦਾ ਹੈ, ਤਾਂ ਅਸੀਂ ਅੱਤਿਆਚਾਰ ਦੇ ਵਿਰੁੱਧ ਹਿੱਕ ਡਾਹ ਕੇ ਲੜਨਾ ਵੀ ਜਾਣਦੇ ਹਾਂ।
ਲੋਕ ਸਭਾ ਚੋਣ ਲਈ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਰਾਜਦੇਵ ਸਿੰਘ ਖਾਲਸਾ , ਪ੍ਰਸਿੱਧ ਵਕੀਲ ਅਤੇ ਸਿੱਖ ਪੰਥ ਦੇ ਆਗੂ ਹਨ , ਉਨਾਂ ਇੱਕ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਬੀਬਾ ਕਮਲਦੀਪ ਕੌਰ ਰਾਜੋਆਣਾ ਦੇ ਖੜ੍ਹਨ ਨਾਲ, ਚੋਣਾਂ ਵਿੱਚ ਸਿੱਖ ਪੰਥ ਦੀ ਵੰਡ ਨਹੀਂ ਹੋਵੇਗੀ, ਕਿਉਂਕਿ ਉਹ ਚੋਣ ਤਾਂ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਲੜ ਰਹੀ ਹੈ, ਪਰੰਤੂ ਆਪਣੇ ਪੋਸਟਰਾਂ ਜਾਂ ਬੈਨਰਾਂ ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਫੋਟੋ ਤੱਕ ਵੀ ਲਾਉਣ ਲਈ ਤਿਆਰ ਨਹੀਂ। ਮਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਮੈਂ ਖੁਦ 8 ਸਾਲ ਬੰਦੀ ਰਿਹਾ ਹਾਂ, ਮੇਰੇ ਤੋਂ ਵੱਧ ਚੰਗੇ ਢੰਗ ਨਾਲ, ਕੋਈ ਬੰਦੀ ਸਿੰਘਾਂ ਦੀ ਅਵਾਜ਼ ਸੰਸਦ ਵਿੱਚ ਨਹੀਂ ਬਣ ਸਕਦਾ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂ ਗੁਰਜੰਟ ਸਿੰਘ ਕੱਟੂ , ਸਾਬਕਾ ਐਮ.ਪੀ. ਰਾਜਦੇਵ ਸਿੰਘ ਖਾਲਸਾ ਦੇ ਪੀ.ਏ. ਅਵਤਾਰ ਸਿੰਘ , ਸਾਬਕਾ ਸਰਪੰਚ ਸੁਰਿੰਦਰ ਸਿੰਘ ਪੱਪੀ ਪੰਡੋਰੀ, ਜਥੇਦਾਰ ਜੱਗਾ ਸਿੰਘ ਮਾਣਕੀ ਆਦਿ ਹੋਰ ਆਗੂ ਹਾਜ਼ਿਰ ਸਨ।