ਦੁਆਬਾ ਖੇਤਰ ‘ਚ ਸਨਮਾਨ ਪਾਉਣ ਵਾਲੇ ਮਾਲਵਾ ਖੇਤਰ ਦੇ ਪਹਿਲੇ ਅੰਬੇਡਕਰੀ ਕਵੀ ਹਨ ਹਾਕਮ ਸਿੰਘ ਨੂਰ
20 ਮਾਰਚ ਨੂੰ ਜਲੰਧਰ ਦੇ ਪਿੰਡ ਪਾਲ ਨੌ ਵਿਖੇ ਕਰਾਂਤੀ ਨਾਟਕ ਮੇਲੇ ਮੌਕੇ ਹੋਵੇਗਾ ਸਨਮਾਨ
ਹਰਿੰਦਰ ਨਿੱਕਾ , ਬਰਨਾਲਾ 18 ਮਾਰਚ 2022
ਅੰਬੇਡਕਰਵਾਦੀ ਚੇਤਨਾ ਮੰਚ ਪੰਜਾਬ ਜ਼ਿਲ੍ਹਾ ਬਰਨਾਲਾ ਦੇ ਸਕੱਤਰ ਗੁਰਮੇਲ ਸਿੰਘ ਜੋਧਪੁਰ ਅਤੇ ਵਿੱਤ ਸਕੱਤਰ ਸ. ਹਾਕਮ ਸਿੰਘ ਮਾਛੀਕੇ ਸਾਬਕਾ ਬੀ.ਪੀ.ਈ.ਓ ਸਹਿਣਾ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪ੍ਰਗਤੀ ਕਲਾ ਕੇਂਦਰ ਲਾਂਦੜਾ ਵੱਲੋਂ ਜ਼ਿਲ੍ਹਾ ਜਲੰਧਰ ਦੇ ਪਿੰਡ ਪਾਲ ਨੌ ਵਿਖੇ ਪ੍ਰਸਿੱਧ ਨਾਟਕਕਾਰ ਮੱਖਣ ਕ੍ਰਾਂਤੀ ਜੀ ਦੀ ਯਾਦ ਵਿੱਚ 20 ਮਾਰਚ 2022 ਨੂੰ ਕਰਾਂਤੀ ਨਾਟਕ ਮੇਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਬੇਡਕਰਵਾਦੀ ਸੋਚ ਵਾਲੇ ਸਾਰੇ ਲੋਕਾਂ ਲਈ ਇਹ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਜਗਤ ਪ੍ਰਸਿੱਧ ਦਲਿਤ ਕਵੀ ” ਸ੍ਰੀ ਚਰਨ ਦਾਸ ਨਿਧੜਕ ਯਾਦਗਾਰੀ ਪੁਰਸਕਾਰ ” ਨਾਲ ਉੱਘੇ ਅੰਬੇਡਕਰੀ ਕਵੀ ਹਾਕਮ ਸਿੰਘ ਨੂਰ ਨੂੰ ਸਨਮਾਨਿਤ ਕੀਤਾ ਜਾਵੇਗਾ।
ਹਾਕਮ ਸਿੰਘ ਨੂਰ ਹੁਣ ਤੱਕ ਸੂਹੇ ਬੋਲ, ਕਿੱਸਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ, ਕਿੱਸਾ ਰਾਸ਼ਟਰ ਪਿਤਾ ਮਹਾਤਮਾ ਜੋਤੀ ਰਾਓ ਫ਼ੂਲੇ ਜੀ ਕਾਵਿ-ਸੰਗ੍ਰਹਿ ਅਤੇ ਜੀਵਨ ਅਤੇ ਫ਼ਲਸਫ਼ਾ ਸ੍ਰੀ ਗੁਰੂ ਰਵਿਦਾਸ ਜੀ ਦੱਬੇ ਕੁਚਲੇ ਦਲਿਤ ਲੋਕਾਂ ਨੂੰ ਸੇਧ ਦੇਣ ਲਈ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਇਸੇ ਹੀ ਸਮਾਜ ਦੇ ਗੂੰਗੇ ਦੁੱਖਾਂ ਨੂੰ ਸ਼ਬਦਾਂ ਰਾਹੀਂ ਪੇਸ਼ ਕਰਕੇ ਅਤੇ ਸਹੀ ਮੰਜ਼ਿਲ ਵੱਲ ਸੇਧਿਤ ਕਰਦਾ ਹੋਇਆ ਕਾਵਿ ਸੰਗ੍ਰਹਿ ‘ਦੁੱਖ ਗ਼ੁਲਾਮੀ ਵਾਲੇ’ ਪ੍ਰੈੱਸ ਵਿੱਚ ਛਪਾਈ ਅਧੀਨ ਹੈ। ਇਸ ਸਮੇਂ ਉੱਘੇ ਨਾਟਕਕਾਰ ਅਤੇ ਲੇਖਕ ਸ੍ਰੀ ਸੋਢੀ ਰਾਣਾ ਦੀ ਨਿਬੰਧ ਪੁਸਤਕ ‘ਸੱਚ ਆਖਿਆਂ ਭਾਂਬੜ ਮੱਚਦਾ ਏ’ ਨੂੰ ਸ੍ਰੀ ਦਰਸ਼ਨ ਸਿੰਘ ਬਾਜਵਾ ਮੁੱਖ ਸੰਪਾਦਕ ਅੰਬੇਡਕਰੀ ਦੀਪ ਲੋਕ ਅਰਪਣ ਕਰਨਗੇ। ਇਸ ਕਰਾਂਤੀ ਨਾਟਕ ਮੇਲੇ ਵਿੱਚ ਪੰਜਾਬ ਭਰ ਤੋਂ ਲੋਕ ਪੱਖੀ ਨਾਟਕ ਅਤੇ ਕੋਰੀਓਗ੍ਰਾਫਿਕ ਟੀਮਾਂ ਪਹੁੰਚ ਰਹੀਆਂ ਹਨ। ਅੰਬੇਡਕਰਵਾਦੀ ਚੇਤਨਾ ਮੰਚ ਪੰਜਾਬ ਵੱਲੋਂ ਸਮੂਹ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਨਾਟਕ ਮੇਲੇ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।