ਮੌਕਾ ਮੁਆਇਨਾ- ਮੂਵਮੈਂਟ ‘ਚ ਆਈ ਮਸ਼ੀਨਰੀ-  ਰਜਿਸਟਰਾਂ ਤੋਂ ਝੜੀ ਗਰਦ

Advertisement
Spread information

ਦਫਤਰ ‘ਚੋਂ ਫਰਲੋ ਤੇ ਰਹਿਣ ਵਾਲਿਆਂ ਤੇ ਕਸਿਆ ਗਿਆ ਸ਼ਿਕੰਜਾ


ਹਰਿੰਦਰ ਨਿੱਕਾ, ਬਰਨਾਲਾ 18 ਮਾਰਚ 2022

      ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ, ਸਰਕਾਰੀ ਦਫਤਰਾਂ ‘ਚੋਂ ਅਕਸਰ ਫਰਲੋ ਤੇ ਰਹਿਣ ਵਾਲੇ  ਅਧਿਕਾਰੀਆਂ ਅਤੇ ਬਾਬੂਆਂ ਤੇ ਸ਼ਿਕੰਜਾ ਕਸਿਆ ਗਿਆ ਹੈ। ਦਫਤਰਾਂ ਵਿੱਚ ਧੂੜ ਫੱਕ ਰਹੇ, ਮੂਵਮੈਂਟ ਰਜਿਸਟਰਾਂ ਦੀ ਗਰਦ ਵੀ ਝੜ ਗਈ ਹੈ। ਅਜਿਹਾ ਹੋਣ ਨਾਲ, ਦਫਤਰਾਂ ਵਿੱਚ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਹਾਜ਼ਿਰੀ ਵਿੱਚ ਚੋਖਾ ਫਰਕ ਦੇਖਣ ਨੂੰ ਮਿਲ ਰਿਹਾ ਹੈ।         ਜਿਕਰਯੋਗ ਹੈ ਕਿ ਸਰਕਾਰੀ ਦਫਤਰਾਂ ਵਿੱਚੋਂ ਵੱਡੀ ਸੰਖਿਆ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਗੈਰਹਾਜ਼ਿਰੀ ਕਾਰਣ, ਲੋਕਾਂ ਨੂੰ ਆਪਣੇ ਕੰਮ-ਕਾਜ਼ ਕਰਵਾਉਣ ਲਈ ਅਨੇਕਾਂ ਤਰਾਂ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਸ ਦਾ ਜ਼ਿਕਰ ਆਮ ਲੋਕਾਂ ਤੋਂ ਇਲਾਵਾ ਸੂਬੇ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ, ਅਕਸਰ ਹੀ ਆਪਣੇ ਭਾਸ਼ਣਾਂ ਰਾਹੀਂ, ਲੋਕਾਂ ਦੀ ਦੁਖਦੀ ਰਗ ਤੇ ਹੱਥ ਧਰਦੇ ਰਹੇ ਹਨ।

Advertisement

       ਹੁਣ ਮਾਨ ਦੇ ਹੱਥ ਕਮਾਨ ਆ ਜਾਣ ਦਾ ਅਸਰ ਇਹ ਹੋਇਆ ਹੈ ਕਿ ਜਿਲ੍ਹੇ ਦੇ ਆਲ੍ਹਾ ਅਧਿਕਾਰੀ ਨੇ ਸਾਰੇ ਹੀ ਵਿਭਾਗਾਂ ਦੇ ਵੱਡੇ ਅਧਿਕਾਰੀਆਂ ਦੀ ਮੀਟਿੰਗ ਸੱਦ ਕੇ, ਉਨਾਂ ਨੂੰ ਸਾਫ ਅਤੇ ਸਪੱਸ਼ਟ ਕਹਿ ਦਿੱਤਾ ਕਿ ਹੁਣ ਸਰਕਾਰ ਬਦਲ ਗਈ ਹੈ,ਇਸ ਲਈ ਹਰ ਕਰਮਚਾਰੀ ਸਮੇਂ ਤੋਂ ਪੰਜ ਮਿੰਟ ਪਹਿਲਾਂ ਡਿਊਟੀ ਤੇ ਪਹੁੰਚੋ ਅਤੇ ਦਫਤਰ ਦਾ ਸਮਾਂ ਸਮਾਪਤ ਹੋਣ ਤੇ ਹੀ ਦਫਤਰ ਛੱਡ ਕੇ ਜਾਉ। ਉਨਾਂ ਹਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਇਹ ਵੀ ਦਿੱਤੀ ਹੈ ਕਿ ਉਹ ਆਪਣੇ ਅਧੀਨ ਕੰਮ ਕਰਦੇ, ਅਧਿਕਾਰੀਆਂ / ਕਰਮਚਾਰੀਆਂ ਤੱਕ ਇਹ ਹੁਕਮ ਪਹੁੰਚਾਉਣ ਕਿ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਡਿਊਟੀ ਸਮੇਂ ਦੌਰਾਨ ਦਫਤਰ ਤੋਂ ਬਾਹਰ ਜਾਣ ਲਈ, ਆਪਣਾ ਦਫਤਰ ਛੱਡ ਕੇ ਜਾਣ ਦਾ ਵੇਰਵਾ ਮੂਵਮੈਂਟ ਰਜਿਸਟਰ ਵਿੱਚ ਦਰਜ਼ ਕਰਕੇ ਹੀ ਜਾਣ, ਜੇਕਰ ਕੋਈ ਕਰਮਚਾਰੀ/ ਅਧਿਕਾਰੀ ਅਜਿਹਾ ਨਹੀਂ ਕਰੇਗਾ ਤਾਂ ਅਚਾਣਕ ਹੋਣ ਵਾਲੀ ਚੈਕਿੰਗ ਦੌਰਾਨ ਹੋਣ ਵਾਲੇ, ਨੁਕਸਾਨ ਦਾ ਉਹ ਖੁਦ ਜਿੰਮੇਵਾਰ ਹੋਵੇਗਾ। ਉਨਾਂ ਇਹ ਵੀ ਤਾਕੀਦ ਕੀਤੀ ਕਿ ਕੋਈ ਵੀ ਵਿਭਾਗ ਦਾ ਅਧਿਕਾਰੀ ਆਪਣੇ ਬੌਸ ਦੀ ਅਗਾਊਂ ਪ੍ਰਵਾਨਗੀ ਤੋਂ ਬਗੈਰ ਸਟੇਸ਼ਨ ਛੱਡ ਕੇ ਨਾ ਜਾਵੇ।

       ਬੇਸ਼ੱਕ ਆਲ੍ਹਾ ਅਧਿਕਾਰੀ ਦੇ ਇਨ੍ਹਾਂ ਹੁਕਮਾਂ ਦਾ ਕਾਫੀ ਅਸਰ ਨਗਰ ਕੌਂਸਲ ਬਰਨਾਲਾ ਦੇ ਦਫਤਰ ਵਿੱਚ ਵੀ ਵੇਖਣ ਨੂੰ ਮਿਲਿਆ ਅਤੇ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਵੀ ਕਾਫੀ ਰਾਹਤ ਵੀ ਮਹਿਸੂਸ ਹੋ ਰਹੀ ਹੈ। ਪਰੰਤੂ ਫਿਰ ਵੀ ਕੁੱਝ ਅਧਿਕਾਰੀ, ਮੈਂ ਨਾ ਮਾਨੂੰ ਦੀ ਜਿੱਦ ਤੇ ਹਾਲੇ ਵੀ ਅੜੇ ਹੋਏ ਹਨ। ਸੂਤਰਾਂ ਅਨੁਸਾਰ ਲੰਘੀ ਕੱਲ੍ਹ ਵੀ, ਦੋ ਕੌਂਸਲ ਅਧਿਕਾਰੀ ਮੂਵਮੈਂਟ ਰਜਿਸਟਰ ਵਿੱਚ ਆਪਣਾ ਦਫਤਰ ‘ਚੋ ਚਲੇ ਜਾਣ ਬਾਰੇ ਕੁੱਝ ਵੀ ਨਹੀਂ ਲਿਖ ਕੇ ਗਏ। ਇੱਥੋਂ ਤੱਕ ਕਿ ਛੁੱਟੀ ਤੇ ਦੱਸੇ ਜਾ ਰਹੇ ਇੱਕ ਆਲ੍ਹਾ ਅਧਿਕਾਰੀ ਨੇ ਲਿਖ ਕੇ ਛੁੱਟੀ ਤੱਕ ਲੈਣ ਦੀ ਵੀ ਜਰੂਰਤ ਨਹੀਂ ਸਮਝੀ। ਪਤਾ ਇਹ ਵੀ ਲੱਗਿਆ ਕਿ ਇਹ ਅਧਿਕਾਰੀ ਕਾਫੀ ਦਿਨਾਂ ਤੋਂ ਅਕਸਰ ਹੀ, ਦਫਤਰ ਵੀ ਨਹੀਂ ਆ ਰਿਹਾ। ਹੁਣ ਦੇਖਣਾ ਇਹ ਹੋਵੇਗਾ ਕਿ  ਸਾਬ੍ਹ ਵੱਲੋਂ ਵੱਖ ਵੱਖ ਵਿਭਾਗਾਂ ਨੂੰ ਦਿੱਤਾ ਹੁਕਮ ਕਿਨ੍ਹਾਂ ਕੁ ਅਤੇ ਕਿੰਨ੍ਹਾਂ ਸਮਾਂ ਅਸਰਦਾਰ ਰਹੇਗਾ। ਕੁੱਝ ਵੀ ਹੋਵੇ, ਇੱਕ ਵਾਰ ਤਾਂ ਲੋਕਾਂ ਨੂੰ ਪੰਜਾਬ ‘ਚ ਸੱਤਾ ਦੇ ਗਲਿਆਰਿਆਂ ਦੀ ਬਦਲੀ ਫਿਜ਼ਾ ਦਾ ਅਹਿਸਾਸ ਆਮ ਲੋਕਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਗਿਆ।

Advertisement
Advertisement
Advertisement
Advertisement
Advertisement
error: Content is protected !!