ਲੋਕਾਂ ਦੀ ਨਬਜ਼ ਟੋਹਣ ਲੱਗੀਆਂ ਸਰਵੇ ਟੀਮਾਂ, ਲੀਡਰਾਂ ਤੋਂ ਵੱਧ ਲੋਕ ਤੇਜ਼
ਮੀਤ ਹੇਅਰ ਦੇ ਜਿੱਤ ਵੱਲ ਵੱਧਦੇ ਕਦਮਾਂ ਨੂੰ ਮੂਹਰੇ ਹੋ ਕੇ ਮਨੀਸ਼ ਬਾਂਸਲ ਰੋਕੂ ਜਾਂ ਫਿਰ ਕੁਲਵੰਤ ਸਿੰਘ ਕੰਤਾ ?
ਹਰਿੰਦਰ ਨਿੱਕਾ , ਬਰਨਾਲਾ 13 ਫਰਵਰੀ 2022
ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦਾ ਸਮਾਂ ਪਲ ਪਲ ਖਤਮ ਹੋਣ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਉਮੀਦਵਾਰਾਂ ਕੋਲ ਧੂੰਆਂਧਾਰ ਪ੍ਰਚਾਰ ਕਰਨ ਲਈ ਸਿਰਫ 18 ਫਰਵਰੀ ਦੀ ਸ਼ਾਮ ਪੰਜ ਵਜੇ ਤੱਕ ਦਾ ਹੀ ਸਮਾਂ ਬਚਿਆ ਹੈ। ਪਰੰਤੂ ਵੋਟਰਾਂ ਦੀ ਧਾਰੀ ਚੁੱਪ ਨੇ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਉਮੀਦਵਾਰਾਂ ਦੇ ਸਾਂਹ ਸੂਤੇ ਹੋਏ ਹਨ। ਉਮੀਦਵਾਰਾਂ ਵੱਲੋਂ ਲੋਕਾਂ ਦਾ ਮਨ ਪੜ੍ਹਨ ਅਤੇ ਉਨਾਂ ਦੀ ਨਬਜ਼ ਟੋਹਣ ਲਈ ਸਰਵੇ ਟੀਮਾਂ ਭੇਜੀਆਂ ਜਾ ਰਹੀਆਂ ਹਨ। ਵਿਧਾਨ ਸਭਾ ਹਲਕਾ ਬਰਨਾਲਾ ਦੇ ਲੋਕ ਉਮੀਦਵਾਰਾਂ ਦੀਆਂ ਨੁੱਕੜ ਮੀਟਿੰਗਾਂ ‘ਚ ਗੱਲ ਤਾਂ ਸਾਰੀਆਂ ਧਿਰਾਂ ਦੀ ਸੁਣ ਰਹੇ ਹਨ, ਪਰੰਤੂ ਦਿਲ ਦਾ ਭੇਦ ਨਹੀਂ ਖੋਲ੍ਹ ਰਹੇ। ਅਜਿਹੀਆਂ ਹਾਲਤਾਂ ਵਿੱਚ ਤਿੰਨੋਂ ਪ੍ਰਮੁੱਖ ਰਾਜਸੀ ਧਿਰਾਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰਾਂ ਵੱਲੋਂ ਵੋਟਰਾਂ ਦਾ ਰੁੱਖ ਆਪਣੇ ਪੱਖ ਵਿੱਚ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਹਰ ਉਮੀਦਵਾਰ ਦੇ ਸਮਰਥਕਾਂ ਨੂੰ ਆਪੋ-ਆਪਣੇ ਉਮੀਦਵਾਰ ਜਾਂ ਪਾਰਟੀ ਦੀ ਜਿੱਤ ਯਕੀਨੀ ਦਿੱਖ ਰਹੀ ਹੈ।
ਕਾਂਗਰਸੀ ਤੇ ਅਕਾਲੀ ਆਪਣਾ ਮੁਕਾਬਲਾ ਆਪ ਨਾਲ ਹੋਣ ਦਾ ਕਰ ਰਹੇ ਦਾਅਵਾ
ਬੇਸ਼ੱਕ ਵੋਟਿੰਗ ਹੋਣ ਵਿੱਚ ਇੱਕ ਹਫਤਾ ਪਿਆ ਹੈ, ਪਰ ਵਿਧਾਨ ਸਭਾ ਹਲਕਾ ਬਰਨਾਲਾ ਤੇ ਹਾਲ ਦੀ ਘੜ੍ਹੀ ਹਵਾ ਆਪ ਦੇ ਉਮੀਦਵਾਰ ਦੇ ਪੱਖ ਵਿੱਚ ਹੀ ਵਗਦੀ ਨਜ਼ਰ ਆ ਰਹੀ ਹੈ। ਇਸ ਤੱਥ ਦੀ ਪੁਸ਼ਟੀ ਇਸ ਗੱਲ ਤੋਂ ਹੁੰਦੀ ਹੈ ਕਿ ਹਲਕੇ ਦਾ ਕਾਂਗਰਸੀ ਅਤੇ ਅਕਾਲੀ-ਬਸਪਾ ਗਠਜੋੜ ਦਾ ਉਮੀਦਵਾਰ ਅਤੇ ਉਨਾਂ ਦੇ ਸਮਰਥਕ ਆਪੋ-ਆਪਣਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਹੋਣ ਦੀ ਗੱਲ ਕਬੂਲਦੇ ਹਨ। ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਹਲਕੇ ਵਿੱਚ ਆਪ ਦੀ ਹਾਲਤ, ਦੂਜੀਆਂ ਪਾਰਟੀਆਂ ਦੇ ਮੁਕਾਬਲੇ ਜਿਆਦਾ ਮਜਬੂਤ ਹੈ। ਰਾਜਸੀ ਹਾਲਤ ਨੂੰ ਗਹੁ ਨਾਲ ਵਾਚਣ ਤੋਂ ਕਾਫੀ ਹੱਦ ਤੱਕ ਸਾਫ ਹੋ ਰਿਹਾ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਮੀਤ ਹੇਅਰ ਨੂੰ ਮਨੀਸ਼ ਬਾਂਸਲ ਅਤੇ ਪੇਂਡੂ ਖੇਤਰਾਂ ਵਿੱਚ ਕੁਲਵੰਤ ਸਿੰਘ ਕੰਤਾ ਟੱਕਰ ਦੇ ਰਿਹਾ ਹੈ।
ਵਿਧਾਨ ਸਭਾ ਹਲਕਾ ਬਰਨਾਲਾ
ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਆਪ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਕਰਦੇ ਹਨ, ਦੁਬਾਰਾ ਫਿਰ ਉਹ ਹੀ ਪਾਰਟੀ ਦੇ ਉਮੀਦਵਾਰ ਹਨ। ਮੀਤ ਹੇਅਰ ਦੇ ਜੇਤੂ ਰਥ ਨੂੰ ਰੋਕਣ ਲਈ ਆਪ ਦੇ ਬਾਗੀ ਆਗੂ ਬਲਜੀਤ ਸਿੰਘ ਬਡਬਰ ਨੇ ਚੋਣ ਮੈਦਾਨ ਵਿੱਚ ਤਾਲ ਠੋਕ ਦਿੱਤੀ ਹੈ। ਮੀਤ ਹੇਅਰ ਦੇ ਹੱਕ ਵਿੱਚ ਆਪ ਦੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਚੱਕਰ ਲਾ ਕੇ ਜਾ ਚੁੱਕੇ ਹਨ। ਉੱਧਰ ਕਾਂਗਰਸ ਪਾਰਟੀ ਨੇ ਆਪਣੇ ਕੱਦਾਵਰ ਆਗੂ ਅਤੇ ਇਲਾਕੇ ਅੰਦਰ ਮਜਬੂਤ ਜਨਅਧਾਰ ਰੱਖਣ ਵਾਲੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਥਾਂ ਤੇ ਸਾਬਕਾ ਕੇਂਦਰੀ ਮੰਤਰੀ ਅਤੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਖਜਾਨਚੀ ਪਵਨ ਕੁਮਾਰ ਬਾਂਸਲ ਦੇ ਬੇਟੇ ਐਡਵੋਕੇਟ ਮਨੀਸ਼ ਬਾਂਸਲ ਨੂੰ ਉਮੀਦਵਾਰ ਬਣਾਇਆ ਹੈ। ਜਿੰਨ੍ਹਾਂ ਨੇ ਚੋਣ ਦੇ ਪਹਿਲੇ ਪੜਾਅ ‘ਚ ਪਾਰਟੀ ਆਗੂਆਂ ਦੇ ਵੱਡੇ ਹਿੱਸੇ ਨੂੰ ਆਪਣੇ ਨਾਲ ਤੋਰਨ ਵਿੱਚ ਸਫਲਤਾ ਹਾਸਿਲ ਕਰ ਲਈ ਹੈ। ਉਨਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਹਲਕੇ ਦੀ ਇੱਕਲੌਤੀ ਨਗਰ ਪੰਚਾਇਤ ਵਿੱਚ ਰੈਲੀ ਵੀ ਕਰ ਚੁੱਕੇ ਹਨ। ਜਿਸ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਅੰਦਰ ਨਵਾਂ ਜੋਸ਼ ਭਰਿਆ ਹੈ। ਪਰੰਤੂ ਕੇਵਲ ਸਿੰਘ ਢਿੱਲੋਂ ਅਤੇ ਉਨ੍ਹਾਂ ਨਾਲ ਖੜ੍ਹੇ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਰਣਜੀਤ ਕੌਰ ਸੋਢੀ, ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਤੇ ਉਤਸ਼ਾਹੀ ਨੌਜਵਾਨ ਆਗੂ ਹਰਦੀਪ ਸਿੰਘ ਸੋਢੀ ਅਤੇ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ, ਕਾਂਗਰਸ ਦੀ ਸਾਬਕਾ ਜਿਲ੍ਹਾ ਪ੍ਰਧਾਨ ਰੂਪੀ ਕੌਰ ਨੇ ਹਾਲੇ ਤੱਕ ਮਨੀਸ਼ ਬਾਂਸਲ ਦੀ ਚੋਣ ਮੁਹਿੰਮ ਤੋਂ ਦੂਰੀ ਬਣਾਈ ਹੋਈ ਹੈ। ਜਿਸ ਦੇ ਬੁਰੇ ਪ੍ਰਭਾਵ ਦਾ ਸਾਇਆ, ਮਨੀਸ਼ ਬਾਂਸਲ ਦੀ ਚੋਣ ਮੁਹਿੰਮ ਅਤੇ ਜਿੱਤ ਦੀਆਂ ਸੰਭਾਵਨਾਵਾਂ ਤੇ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਦੀ ਟਿਕਟ ਤੇ ਮੈਦਾਨ ਵਿੱਚ ਉਤਾਰੇ ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਬੀਆ ਦੇ ਮੁੜ ਕਾਂਗਰਸ ਵਿੱਚ ਸ਼ਾਮਿਲ ਹੋ ਜਾਣ ਕਾਰਣ, ਕੁਲਵੰਤ ਸਿੰਘ ਕੰਤਾ ਨੂੰ ਹਲਕੇ ਤੋਂ ਅਕਾਲੀ-ਬਸਪਾ ਗਠਜੋੜ ਦਾ ਉਮੀਦਵਾਰ ਬਣਾਇਆ ਗਿਆ ਹੈ। ਜਿੰਨ੍ਹਾਂ ਦੀ ਮੁਹਿੰਮ ਨੂੰ ਪੈਰਾਂ ਸਿਰ ਕਰਨ ਲਈ, ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਦਾਅਵੇਦਾਰ ਸੁਖਬੀਰ ਸਿੰਘ ਬਾਦਲ ਧਨੌਲਾ, ਬਰਨਾਲਾ ਅਤੇ ਹੰਡਿਆਇਆ ਵਿੱਚ ਚੋਣ ਸਭਾਵਾਂ ਕਰ ਕੇ ਗਏ ਹਨ। ਕੁਲਵੰਤ ਸਿੰਘ ਕੰਤਾ ਵੀ ਪਾਰਟੀ ਦੇ ਕੁੱਝ ਨਰਾਜ ਚੱਲ ਰਹੇ ਨੇਤਾਵਾਂ ਨੂੰ ਆਪਣੇ ਹੱਕ ਵਿੱਚ ਤੋਰਨ ਵਿੱਚ ਕਾਮਯਾਬ ਤਾਂ ਹੋ ਗਏ, ਪਰੰਤੂ ਬਹੁਤੇ ਲੀਡਰ ਚੋਣ ਮੁਹਿੰਮ ਵਿੱਚ ਖਾਨਾਪੂਰਤੀ ਕਰਨ ਲਈ, ਮਟਕਣੀ ਚਾਲ ਤੁਰ ਰਹੇ ਹਨ। ਜਿਸ ਦਾ ਅਸਰ ਕੰਤਾ ਦੇ ਮੁੱਖ ਮੁਕਾਬਲੇ ਵਿੱਚ ਬਣਿਆ ਰਹਿਣ ਦੀ ਸੰਭਾਵਨਾਵਾਂ ਨੂੰ ਸ਼ੱਕੀ ਬਣਾ ਰਿਹਾ ਹੈ। ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਧੀਰਜ਼ ਦੱਧਾਹੂਰ ਵੀ ਮੁਕਾਬਲੇ ਨੂੰ ਚੌਹਕੋਨਾ ਬਣਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ। ਕੱਲ੍ਹ ਨੂੰ ਕੇਂਦਰੀ ਮੰਤਰੀ ਪਿਯੂਸ਼ ਗੋਇਲ, ਉਨਾਂ ਦੀ ਮੁਹਿੰਮ ਨੂੰ ਭਖਾਉਣ ਲਈ ਬਰਨਾਲਾ ਪਹੁੰਚ ਰਹੇ ਹਨ। ਫਿਲਹਾਲ ਮਨੀਸ਼ ਗੋਇਲ ਅਤੇ ਕੁਲਵੰਤ ਕੰਤਾ ਆਪ ਉਮੀਦਵਾਰ ਨੂੰ ਚੁਣੌਤੀ ਦੇਣ ਲਈ ਹਰ ਹੀਲਾ ਵਰਤ ਰਹੇ ਹਨ। ਆਉਣ ਵਾਲੇ ਕੁੱਝ ਦਿਨਾਂ ਅੰਦਰ, ਇਲਾਕੇ ਦਾ ਚੋਣ ਦ੍ਰਿਸ਼ ਕਾਫੀ ਸਾਫ ਹੋਣ ਦੇ ਆਸਾਰ ਹਨ, ਜਿਸ ਤੋਂ ਪਤਾ ਲੱਗ ਜਾਵੇਗਾ ਕਿ ਮੀਤ ਹੇਅਰ ਦੇ ਜਿੱਤ ਵੱਲ ਵੱਧਦੇ ਕਦਮਾਂ ਨੂੰ ਮੂਹਰੇ ਹੋ ਕੇ ਮਨੀਸ਼ ਬਾਂਸਲ ਰੋਕੂ ਜਾਂ ਫਿਰ ਕੁਲਵੰਤ ਸਿੰਘ ਕੰਤਾ । ਰਾਜਸੀ ਪੰਡਤਾਂ ਅਨੁਸਾਰ ਧੀਰਜ ਦੱਧਾਹੂਰ ਨੂੰ ਪੈਣ ਵਾਲੀਆਂ ਵੋਟਾਂ ਦੀ ਸੰਖਿਆ, ਕਿਹੜੇ ਉਮੀਦਵਾਰ ਨੂੰ ਨੁਕਸਾਨ ਪਹੁੰਚਾਏਗੀ ਜਾਂ ਫਿਰ ਫਾਇਦਾ ਕਰੇਗੀ। ਇਹ ਤੱਥ ਦੀ ਪੁਸ਼ਟੀ ਕੁੱਝ ਦਿਨਾਂ ਅੰਦਰ ਪ੍ਰਤੱਖ ਦਿਖਾਈ ਦੇਣ ਲੱਗ ਪਵੇਗੀ।