ਸਿਮਰਜੀਤ ਸਿੰਘ ਬੈਂਸ ਤੇ ਕਮਲਜੀਤ ਸਿੰਘ ਕੜਵਲ ਦੀ 24 ਘੰਟੇ ਵੀਡੀਓਗ੍ਰਾਫੀ ਰਾਹੀਂ ਕੀਤੀ ਜਾਵੇਗੀ ਨਿਗਰਾਨੀ – ਡੀ.ਸੀ
– 14 ਚੋਣ ਆਬਜ਼ਰਵਰਾਂ ਵੱਲੋਂ ਚੋਣਾਂ ਨਾਲ ਸਬੰਧਤ ਗਤੀਵਿਧੀਆਂ ‘ਤੇ ਰੱਖੀ ਜਾ ਰਹੀ ਤਿੱਖੀ ਨਜ਼ਰ – ਪੁਲਿਸ ਕਮਿਸ਼ਨਰ
ਦਵਿੰਦਰ ਡੀ.ਕੇ,ਲੁਧਿਆਣਾ, 09 ਫਰਵਰੀ 2022
ਵਿਧਾਨ ਸਭਾ ਹਲਕਾ ਆਤਮ ਨਗਰ ਵਿੱਚ ਦੋ ਉਮੀਦਵਾਰਾਂ ਦੇ ਸਮਰਥਕਾਂ ਦਰਮਿਆਨ ਹੋਈ ਝੜਪ ਦੇ ਮੱਦੇਨਜ਼ਰ ਅਤੇ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ, ਇਸ ਨੂੰ ਯਕੀਨੀ ਬਣਾਉਣ ਲਈ 62-ਆਤਮ ਨਗਰ ਹਲਕੇ ਦੇ ਰਿਟਰਨਿੰਗ ਅਫ਼ਸਰ ਨੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ 24 ਘੰਟੇ ਵੀਡੀਓਗ੍ਰਾਫੀ ਰਾਹੀਂ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਹਨ।।
ਅੱਜ ਜਾਰੀ ਆਪਣੇ ਪ੍ਰੈਸ ਬਿਆਨ ਵਿੱਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਸਾਰੇ ਉਮੀਦਵਾਰਾਂ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜੇਕਰ ਕੋਈ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਰੈਂਡਮਾਈਜ਼ੇਸ਼ਨ ਤੋਂ ਬਾਅਦ ਕਰੀਬ 20 ਹਜ਼ਾਰ ਅਧਿਕਾਰੀ/ਕਰਮਚਾਰੀ ਚੋਣ ਡਿਊਟੀ ਲਈ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਨੂੰ ਸਹੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਲੁਧਿਆਣਾ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ਵਿੱਚ 9-9 ਸਟੈਟਿਕ ਸਰਵੇਲੈਂਸ ਟੀਮਾਂ, 9 ਫਲਾਇੰਗ ਸਕੁਐਡ ਟੀਮਾਂ ਅਤੇ 3-3 ਵੀਡੀਓ ਵਿਊਇੰਗ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ 7 ਫਰਵਰੀ 2022 ਦੀ ਸ਼ਾਮ ਨੂੰ ਆਤਮ ਨਗਰ ਇਲਾਕੇ ਵਿੱਚ ਸਿਮਰਜੀਤ ਸਿੰਘ ਬੈਂਸ ਅਤੇ ਕਮਲਜੀਤ ਸਿੰਘ ਕੜਵਲ ਦੇ ਸਮਰਥਕਾਂ ਵਿੱਚ ਝੜਪ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਐਫ.ਆਈ.ਆਰ. ਵੀ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਦੇ ਨਾਲ 24 ਘੰਟੇ ਲਈ ਵੀਡੀਓ ਸਰਵੇਲੈਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਇਹ ਹਰ ਸਮੇਂ ਇਨ੍ਹਾਂ ਉਮੀਦਵਾਰਾਂ ਦੇ ਨਾਲ ਚੱਲਣਗੀਆਂ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸਾਰੇ ਵੋਟਰ 20 ਫਰਵਰੀ 2022 ਨੂੰ ਬਿਨਾਂ ਕਿਸੇ ਡਰ ਭੈਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਅਮਨ-ਸ਼ਾਂਤੀ ਨੂੰ ਭੰਗ ਕਰਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਲੁਧਿਆਣਾ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹਾਲ ਹੀ ਵਿੱਚ ਸਿਮਰਜੀਤ ਸਿੰਘ ਬੈਂਸ ਅਤੇ ਕਮਲਜੀਤ ਸਿੰਘ ਕੜਵਲ ਦੇ ਸਮਰਥਕਾਂ ਦਰਮਿਆਨ ਹੋਈ ਝੜਪ ਵਿੱਚ ਤੁਰੰਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਜੁਆਇੰਟ ਪੁਲਿਸ ਕਮਿਸ਼ਨਰ (ਦਿਹਾਤੀ) ਸ. ਰਵਚਰਨ ਸਿੰਘ ਬਰਾੜ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਮੁੱਢਲੀ ਜਾਂਚ ਦੌਰਾਨ ਇਲਾਕਾ ਐਸ.ਐਚ.ਓ ਵੱਲੋਂ ਡਿਊਟੀ ਵਿੱਚ ਕੁਤਾਹੀ ਵਰਤੀ ਗਈ, ਜਿਸ ਨੂੰ ਤੁਰੰਤ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਗੱਲ ਨਾਲ ਇਹ ਸਿੱਧਾ ਸੁਨੇਹਾ ਦਿੱਤਾ ਗਿਆ ਕਿ ਜੇਕਰ ਕੋਈ ਕਾਨੂੰਨ ਆਪਣੇ ਹੱਥਾਂ ਵਿੱਚ ਲੈਂਦਾ ਹੈ ਤਾਂ ਲੁਧਿਆਣਾ ਪੁਲਿਸ ਅਜਿਹੇ ਸਾਰੇ ਵਿਅਕਤੀਆਂ ਵਿਰੁੱਧ ਐਫ.ਆਈ.ਆਰ. ਦਰਜ ਕਰਨ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਦੱਸਿਆ ਕਿ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਬੀਤੇ ਦਿਨ ਉਨ੍ਹਾਂ ਦੇ ਦਫ਼ਤਰ ਦਾ ਦੌਰਾ ਕੀਤਾ ਅਤੇ ਦਾਅਵਾ ਕੀਤਾ ਸੀ ਕਿ ਇਸ ਐਫ.ਆਈ.ਆਰ. ਵਿੱਚ ਦਰਜ ਕੁਝ ਵਿਅਕਤੀ ਮੌਕੇ ‘ਤੇ ਮੌਜੂਦ ਨਹੀਂ ਸਨ।
ਉਨ੍ਹਾਂ ਦੱਸਿਆ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੋਂ ਕੱਲ੍ਹ 9 ਘੰਟੇ ਤੱਕ ਵਿਸਥਾਰਪੂਰਵਕ ਪੁੱਛਗਿੱਛ ਕੀਤੀ ਗਈ ਅਤੇ ਕਿਹਾ ਕਿ ਜਾਂਚ ਅੱਗੇ ਵਧਣ ‘ਤੇ ਉਨ੍ਹਾਂ ਨੂੰ ਵਿਜ਼ੂਅਲ, ਸਮੱਗਰੀ ਜਾਂ ਚਸ਼ਮਦੀਦ ਗਵਾਹਾਂ ਦੇ ਆਧਾਰ ‘ਤੇ ਪੁੱਛਗਿੱਛ ਲਈ ਦੁਬਾਰਾ ਤਲਬ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਲੋਕ ਇਹ ਨਾ ਸੋਚਣ ਕਿ ਕੇਸ ਖਤਮ ਹੋ ਗਿਆ ਹੈ, ਸਗੋਂ ਜਾਂਚ ਦੀ ਸ਼ੁਰੂਆਤ ਹੈ। ਜੁਆਇੰਟ ਪੁਲਿਸ ਕਮਿਸ਼ਨਰ (ਦਿਹਾਤੀ) ਸ. ਰਵਚਰਨ ਸਿੰਘ ਬਰਾੜ ਦੀ ਅਗਵਾਈ ਹੇਠ ਟੀਮ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਘਟਨਾ ਪਿੱਛੇ ਸ਼ਾਮਲ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ ਅਤੇ ਸਾਡਾ ਇਸ ਖੇਤਰ ਵਿੱਚ ਵਿਸ਼ੇਸ਼ ਧਿਆਨ ਹੈ।
ਸ.ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਆਉਂਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਲੁਧਿਆਣਾ ਪੁਲਿਸ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੇ ਖੇਤਰ ਵਿੱਚ ਪੀ.ਏ.ਪੀ. ਅਤੇ ਕਮਾਂਡੋ ਬਟਾਲੀਅਨ ਦੀਆਂ ਕੰਪਨੀਆਂ ਸਮੇਤ ਅਰਧ ਸੈਨਿਕ ਬਲ ਦੀਆਂ 43 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਰੇਕ ਹਲਕੇ ਵਿੱਚ ਅਰਧ ਸੈਨਿਕ ਬਲ ਦੀ ਕੁਇੱਕ ਰੀਐਕਸ਼ਨ ਟੀਮ ਵੀ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਪੁਲਿਸ ਵੀ ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਦੇ ਪ੍ਰਵਾਹ ਨੂੰ ਰੋਕਣ ਲਈ ਡੀ.ਆਰ.ਆਈ., ਐਨ.ਸੀ.ਬੀ. ਅਤੇ ਆਬਕਾਰੀ ਵਿਭਾਗ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਸੀ.ਆਈ.ਏ. ਟੀਮ ਵੱਲੋਂ ਲਾਡੋਵਾਲ ਖੇਤਰ ਵਿੱਚ ਸਤਲੁਜ ਦਰਿਆ ਦੇ ਕੰਢੇ ਤੋਂ 95 ਹਜ਼ਾਰ ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਨਸ਼ਟ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਜ਼ਿਲ੍ਹਾ ਲੁਧਿਆਣਾ ਵਿੱਚ 5 ਸੀਨੀਅਰ ਆਈ.ਏ.ਐਸ. ਅਫ਼ਸਰਾਂ ਨੂੰ ਜਨਰਲ ਅਬਜ਼ਰਵਰ, 6 ਸੀਨੀਅਰ ਆਈ.ਆਰ.ਐਸ. ਅਫ਼ਸਰਾਂ ਨੂੰ ਖਰਚਾ ਨਿਗਰਾਨ ਅਤੇ 3 ਆਈ.ਪੀ.ਐਸ. ਅਫ਼ਸਰਾਂ ਨੂੰ ਪੁਲਿਸ ਅਬਜ਼ਰਵਰ ਵਜੋਂ ਤਾਇਨਾਤ ਕੀਤਾ ਹੈ।