ਚਰਨਜੀਤ ਸਿੰਘ ਚੰਨੀ ਨੇ ਕਿਹਾ ਭਗਵੰਤ ਮਾਨ ਅਣਪੜ ਵਿਅਕਤੀ
ਹਲਕੇ ਦੇ ਲੋਕਾਂ ਦਾ ਸਹਿਯੋਗ ਰਿਹਾ ਫਿੱਕਾ, ਮੁੱਖ ਮੰਤਰੀ ਦੇ ਨਾਲ ਆਏ ਅਮਲੇ ਦਾ ਇਕੱਠ ਰਿਹਾ ਭਾਰੂ
ਲੋਕ ਮੁੱਦਿਆਂ ਦੀ ਬਿਜਾਏ ਮਨ-ਲੁਭਾਊ ਕੰਮਾਂ ਤੇ ਕੇਂਦਰਿਤ ਰਹੇ ਮੁੱਖ ਮੰਤਰੀ
ਜਗਸੀਰ ਸਿੰਘ ਚਹਿਲ , ਬਰਨਾਲਾ, 9 ਫਰਵਰੀ 2022
ਵਿਧਾਨ ਸਭਾ ਹਲਕਾ ਭਦੌੜ ਤੋਂ ਚੋਣ ਲੜ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਵਲੋਂ ਅਗਲੇ ਮੁੱਖ ਮੰਤਰੀ ਦਾ ਚੇਹਰਾ ਐਲਾਨ ਦੇਣ ਤੋਂ ਬਾਅਦ ਅੱਜ ਹਲਕੇ ਦੇ ਵੱਖ –ਵੱਖ ਪਿੰਡਾਂ ਅੰਦਰ ਚੋਣ ਪ੍ਰਚਾਰ ਕੀਤਾ ਗਿਆ । ਪਿੰਡ ਅਤਰ ਸਿੰਘ ਵਾਲਾ, ਕੁੱਬੇ ਤੋਂ ਬਾਅਦ ਅਸਪਾਲ ਖੁਰਦ ਪਹੁੰਚੇ ਮੁੱਖ ਮੰਤਰੀ ਦਾ ਸਵਾਗਤ ਵੀ ਫਿੱਕਾ ਰਿਹਾ। ਕਰੀਬ 1700 ਵੋਟ ਵਾਲੇ ਇਸ ਪਿੰਡ ਵਿੱਚੋਂ ਮੁੱਖ ਮੰਤਰੀ ਦੇ ਸਵਾਗਤ ਲਈ 50 ਬੰਦਿਆਂ ਦਾ ਇਕੱਠ ਵੀ ਨਾ ਹੋ ਸਕਿਆ। ਇਕੱਠ ਨਾ ਹੋਣ ਕਾਰਨ ਕਾਂਗਰਸੀ ਸਮਰਥਕਾਂ ਵਲੋਂ ਸੰਬੋਧਨ ਦੇ ਰੱਖੇ ਪ੍ਰੋਗਰਾਮ ਨੂੰ ਰੱਦ ਕਰਕੇ ਚਰਨਜੀਤ ਸਿੰਘ ਚੰਨੀ ਨੇੜੇ ਚੱਲ ਰਹੇ ਕ੍ਰਿਕਟ ਟੂਰਨਾਮੈਂਟ ਵਿੱਚ ਗਏ ਅਤੇ ਉਹਨਾ ਇੱਕ ਓਬਰ ਤੇ ਬੇਟਿੰਗ ਤਾਂ ਕੀਤੀ । ਸਿਆਸੀ ਮੈਦਾਨ ਚ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮ਼ੰਤਰੀ ਦੀ ਦੌੜ ‘ਚੋਂ ਕੈਚਆਉਟ ਕਰਨ ‘ਚ ਕਾਮਯਾਬ ਹੋਏ ਚਰਨਜੀਤ ਸਿੰਘ ਚੰਨੀ ਅੱਜ ਕ੍ਰਿਕਟ ਖੇਡ ਕੇ ਕੋਈ ਰਣ ਵੀ ਨਾ ਲੈ ਸਕੇ।
ਪਿੰਡ ਕੋਟਦੁੱਨਾ ਪਹੁੰਚਣ ਤੇ ਕਿਸਾਨ ਯੂਨੀਅਨ ਦੇ ਝੰਡੇ ਹੇਠ ਹੇਠ ਇਕੱਠੇ ਹੋਏ ਗੱਡੀ ਗਿਣਤੀ ਮਰਦ-ਔਰਤਾਂ ਵਲੋਂ ਮੁੱਖ ਮੰਤਰੀ ਦਾ ਜਬਰਦਸਤ ਵਿਰੋਧ ਕੀਤਾ ਗਿਆ। ਵਿਰੋਧ ਨੂੰ ਦੇਖਦਿਆਂ ਚਰਨਜੀਤ ਸਿੰਘ ਚੰਨੀ ਚੋਣ ਜਲਸੇ ਨੂੰ ਸੰਬੋਧਨ ਕੀਤੇ ਬਿਨ੍ਹਾ ਹੀ ਚਲਦੇ ਬਣੇ। ਪਰ ਵਾਪਸੀ ਤੇ ਆਉਂਦੇ ਸਮੇਂ ਉਹਨਾ ਕੋਟਦੁੱਨਾ ਦੇ ਬੱਸ ਸਟੈਂਡ ਤੇ ਬੈਠੇ ਬਜੁਰਗਾਂ ਨਾਲ ਤਾਂਸ ਦੀ ਬਾਜੀ ਲਗਾਈ । ਪਿੰਡ ਪੰਧੇਰ ਦੀ ਸੱਥ ਵਿੱਚ ਰੱਖੇ ਸਮਾਗਮ ਦੌਰਾਨ ਉਹਨਾ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਨਰੇਗਾ ਕਾਮਿਆਂ ਦੀ ਦਿਹਾੜੀ ਅਤੇ ਦਿਨਾਂ ਵਿੱਚ ਵਾਧਾ ਕੀਤਾ ਜਾਵੇਗਾ । ਪਾਰਟੀਬਾਜੀ ਤੋਂ ਉੱਪਰ ਉੱਠ ਕੇ ਵੋਟ ਪਾਉਣ ਦੀ ਅਪੀਲ ਕਰਦਿਆਂ ਉਹਨਾ ਕਿਹਾ ਸ੍ਰੀ ਚਮਕੌਰ ਸਾਹਿਬ ਦਾ ਬਹੁਤ ਵਿਕਾਸ ਕਰਵਾ ਚੁੱਕੇ ਹਨ ਅਤੇ ਹੁਣ ਹਲਕਾ ਭਦੌੜ ਦਾ ਵਿਕਾਸ਼ ਕਰਵਾਉਣ ਆਏ ਹਨ। ਭਗਵੰਤ ਮਾਨ ਵਲੋਂ ਚਰਨਜੀਤ ਸਿੰਘ ਚੰਨੀ ਦੀ ਜਾਇਦਾਦ ਬਾਰੇ ਦਿੱਤੇ ਬਿਆਨ ਬਾਰੇ ਬੋਲਦਿਆਂ ਉਹਨਾ ਕਿਹਾ ਕਿ ਭਗਵੰਤ ਸਿੰਘ ਮਾਨ ਅਣਪੜ੍ਹ ਕਿਸਮ ਦਾ ਬੰਦਾ ਹੈ। ਉਹ ਮਹਿਜ ਬਾਰਾਂ ਪੜਿਆ ਹੈ ਅਤੇ ਤਿੰਨ ਵਾਰ ਬਾਰਵੀਂ ਚੋਂ ਫੇਲ ਹੋਇਆ ਹੈ । ਜਿਸ ਕਾਰਨ ਉਸ ਨੂੰ 1 ਕਰੋੜ 70 ਲੱਖ ਦੀ ਪ੍ਰੋਪਟੀ 170 ਲੱਖ ਹੀ ਨਜ਼ਰ ਆਉਂਦੀ ਹੈ। ਨਾਮਜਦੀ ਭਰਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਲਕੇ ਅੰਦਰ ਇਹ ਦੂਜੀ ਫੇਰੀ ਸੀ ਅਤੇ ਇਸ ਫੇਰੀ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਲਕੇ ਦਾ ਲੋਕਾਂ ਦਾ ਬਹੁਤਾ ਸਹਿਯੋਗ ਮਿਲਦਾ ਨਜ਼ਰ ਨਾ ਆਉਣ ਕਾਰਨ ਉਹਨਾ ਦੇ ਚੇਹਰੇ ਤੇ ਮਾਯੂਸੀ ਸਾਫ ਨਜ਼ਰ ਆਈ। ਅੱਜ ਦੀ ਫੇਰੀ ਦੌਰਾਨ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਆਗੂਆਂ ਦੀ ਗਿਣਤੀ ਤਾਂ ਬਹੁਤ ਸੀ। ਪਰ ਹਲਕੇ ਦੇ ਵਰਕਰ ਸੀਮਤ ਦਿਖਾਈ ਦਿੱਤੇ।