-
-
ਅਸ਼ੋਕ ਵਰਮਾ , ਬਠਿੰਡਾ, 03 ਜਨਵਰੀ 2022
-
ਲੋਕ ਪੱਖੀ ਗਾਇਕ ਅਤੇ ਲੇਖਕ ਜਗਸੀਰ ਜੀਦਾ ਦੇ ਬੋਲ ‘ਦੀਵਾ ਬਾਲਾਂਗੇ ਹਨੇਰਿਆਂ ਦੀ ਹਿੱਕ ਤੇ ਝੱਖੜਾ ਤੂੰ ਝੂਲਦਾ ਰਹੀਂ’ ਖੁਦ ਨੂੰ ਰੈਗੂਲਰ ਕਰਨ ਦੀ ਮੰਗ ਕਰ ਰਹੇ ਪੰਜਾਬ ਦੇ ਦਸ ਹਜ਼ਾਰ ਤੋਂ ਵੱਧ ਕੱਚੇ ਅਧਿਆਪਕਾਂ ਤੇ ਸਟੀਕ ਬੈਠਦੇ ਹਨ । ਇਨ੍ਹਾਂ ਅਧਿਆਪਕਾਂ ਨੇ ਸਾਥੀਆਂ ਦੀ ਮੌਤ ਦੇਖੀ ਤੇ ਸਰਕਾਰੀ ਜਬਰ ਹੰਢਾਇਆ ਫਿਰ ਵੀ ਹਾਰ ਨਾਂ ਮੰਨਣ ਦੀ ਠਾਣੀ ਬੈਠੇ ਹਨ। ਕਪੂਰਥਲਾ ’ਚ ਖੁਦ ਨੂੰ ਅਗਨ ਭੇਂਟ ਕਰਨ ਵਾਲੀ ਈਜੀਐਸ ਵਲੰਟੀਅਰ ਕਿਰਨਜੀਤ ਕੌਰ ਤੋਂ ਬਾਅਦ ਮੋਗਾ ਜਿਲ੍ਹੇ ਦੇ ਪਿੰਡ ਬੰਬੀਹਾ ਭਾਈ ਦੀ ਕਿਰਨਜੀਤ ਕੌਰ ਦਾ ਨਾਮ ਸਾਹਮਣੇ ਆਉਂਦਾ ਹੈ। ਕਿਰਨਜੀਤ ਕੌਰ ਕੜਾਕੇ ਦੀ ਸਰਦੀ ਦੌਰਾਨ ਬਠਿੰਡਾ ’ਚ ਟੈਂਕੀ ਲਾਗੇ ਧਰਨੇ ਤੇ ਬੈਠੀ ਸੀ ਤਾਂ ਪੁਲਿਸ ਨੇ ਧਰਨਾਕਾਰੀਆਂ ਤੋਂ ਰਜਾਈਆਂ ਖੋਹ ਲਈਆਂ।
ਸਿੱਟੇ ਵਜੋਂ ਬੱਚੀ ਨੂੰ ਠੰਢ ਲੱਗ ਗਈ ਅਤੇ ਅੰਤ ਨੂੰ ਜਿਗਰ ਦੋ ਟੋਟਾ ‘ਮਾਂ ਦੇ ਢਿੱਡ’ ਲਈ ਕੁਰਬਾਨ ਹੋ ਗਿਆ। ਉਦੋਂ ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ,ਪ੍ਰਤਾਪ ਸਿੰਘ ਬਾਜਵਾ ,ਹਰਮਿੰਦਰ ਸਿੰਘ ਜੱਸੀ ਆਦਿ ਕਾਂਗਰਸੀ ਆਗੂ ਹਮਾਇਤ ’ਚ ਪੁੱਜੇ ਸਨ ਤੇ ਮੰਗ ਜਾਇਜ ਦੱਸੀ ਸੀ। ਕੱਚਾ ਅਧਿਆਪਕ ਗੁਰਪ੍ਰੀਤ ਸਿੰਘ ਫਰੀਦਕੋਟ ਤਾਂ ਸਰਕਾਰ ਦੇ ਦੁੱਖੋਂ ਖੁਦਕਸ਼ੀ ਦੇ ਰਾਹ ਪੈ ਗਿਆ ਹੈ। ਉਸ ਨੂੰ ਛੇ ਹਜਾਰ ਤਨਖਾਹ ਮਿਲਦੀ ਸੀ। ਘਰ ਚਲਾਉਣ ਲਈ ਸਕੂਲੋਂ ਬਾਅਦ ਉਹ ਕਢਾਈ ਦਾ ਕੰਮ ਕਰਦਾ ਸੀ। ਜਦੋਂ ਹਾਕਮ ਚੁੱਪ ਵੱਟ ਗਏ ਤਾਂ ਉਸ ਨੇ ਸਦਾ ਲਈ ਖਾਮੋਸ਼ੀ ਧਾਰ ਲਈ। ਹੁਣ ਪਿੱਛੇ ਵਿਧਵਾ ਵੀਰਪਾਲ ਕੌਰ ਨੂੰ ਦੋ ਬੱਚਿਆਂ ਨੂੰ ਪਾਲਣ ਦੇ ਨਾਲ ਨਾਲ ਸਰਕਾਰ ਨਾਲ ਜੰਗ ਲੜਨੀ ਪੈ ਰਹੀ ਹੈ।
ਵੀਰਪਾਲ ਕੌਰ ਆਖਦੀ ਹੈ ਕਿ ਜੇਕਰ ਸਰਕਾਰ ਸੁਹਿਰਦ ਹੁੰਦੀਆਂ ਤਾਂ ਉਨ੍ਹਾਂ ਰੁਲਣਾ ਨਹੀਂ ਸੀ।ਸੰਘਰਸ਼ ਦੌਰਾਨ ਸੜਕ ਪਾਰ ਕਰ ਰਿਹਾ ਕੁਲਵਿੰਦਰ ਸਿੰਘ ਭਵਿੱਖ ਦੇ ਖਿਆਲਾਂ ’ਚ ਅਜਿਹਾ ਡੁੱਬਿਆ ਕਿ ਟਰਾਲੇ ਦੀ ਲਪੇਟ ’ਚ ਆਕੇ ਦਮ ਤੋੜ ਗਿਆ। ਇਸੇ ਤਰਾਂ ਹੀ ਸੰਗਰੂਰ ਦੇ ਪਿੰਡ ਹਰਿਆਊ ਦਾ ਨੌਜਵਾਨ ਰਾਜਬੀਰ ਸਿੰਘ ਸਿੱਖਿਆ ਸਕੱਤਰ ਨਾਲ ਮੀਟਿੰਗ ਕਰਨ ਉਪਰੰਤ ਘਰ ਪਰਤ ਰਿਹਾ ਸੀ ਤਾਂ ਹਾਦਸੇ ਨੇ ਜਾਨ ਲੈ ਲਈ। ਇਸੇ ਤਰਾਂ ਹੀ ਕੱਚੇ ਰੁਜ਼ਗਾਰਾਂ ਦਾ ਦੁੱਖ ਨਾਂ ਸਹਾਰਦੇ ਮੋਗਾ ਦੇ ਜਗਮੋਹਨ ਸਿੰਘ ਨੇ ਫਾਹਾ ਲੈਕੇ ਖੁਦਕਸ਼ੀ ਕਰ ਲਈ ਜਦੋਂਕਿ ਏਦਾਂ ਦੇ ਕਾਰਨਾਂ ਕਰਕੇ ਹੀ ਲੰਬੀ ਦਾ ਵਿਜੇ ਕੁਮਾਰ ਵੀ ਕੀਟਨਾਸ਼ਕ ਪੀਕੇ ਆਪਣੇ ਸਾਥੀ ਜਗਮੋਹਨ ਸਿੰਘ ਵਾਲੇ ਰਾਹ ਪੈ ਗਿਆ ।
ਵਲੰਟੀਅਰ ਅਧਿਆਪਕ ਜੀਲਾ ਸਿੰਘ ਨੂੰ ਕੌਣ ਭੁੱਲਿਆ ਹੈ ਜੋ ਫਰੀਦਕੋਟ ’ਚ ਸੰਘਰਸ਼ ਦੌਰਾਨ ਜਹਾਨੋ ਤੁਰ ਗਿਆ। ਮਾਨਸਾ ਦੇ ਸਿਮਰਜੀਤ ਸਿੰਘ ਨੇ ਸਰਕਾਰੀ ਵਤੀਰੇ ਤੋਂ ਅੱਕ ਕੇ ਅੱਗ ਲਾ ਲਈ ਸੀ ਪਰ ਸਾਥੀਆਂ ਨੇ ਬਚਾਅ ਲਿਆ। ਸਮਰਜੀਤ ਆਖਦਾ ਹੈ ਕਿ ਹਕੂਮਤਾਂ ਦੇ ਵਤੀਰੇ ਦੀ ਅੱਗ ਸਾਹਮਣੇ ਹੋਰ ਸੇਕ ਤਾਂ ਕੋਈ ਮਾਇਨੇ ਨਹੀਂ ਰੱਖਦਾ ਹੈ। ਈਜੀਐਸ ਨਿਸ਼ਾਂਤ ਕੁਮਾਰ ਨੇ ਨਸ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਦਰਜਨਾਂ ਵਲੰਟੀਅਰ ਟੈਂਕੀਆਂ ਤੇ ਚੜ੍ਹੇ ਫਿਰ ਵੀ ਹੋਣੀ ਨਹੀਂ ਬਦਲੀ। ਕੱਚੇ ਅਧਿਆਪਕ ਆਖਦੇ ਹਨ ਕਿ ਸਰਕਾਰਾਂ ਦੀ ਨੀਅਤ ਦੇ ਖੋਟ ਅਤੇ ਧਨਾਢ ਪੱਖੀ ਨੀਤੀਆਂ ਨੇ ਪੰਜਾਬ ਦੀ ਜਵਾਨੀ ਨੂੰ ਬੁਰੀ ਤਰਾਂ ਰੋਲ ਕੇ ਰੱਖ ਦਿੱਤਾ ਹੈ।
ਸੰਘਰਸ਼ ਦਾ ਆਈਕਾਨ ਬਣੀ ਵੀਰਪਾਲ
ਵੀਰਪਾਲ ਕੌਰ ਨੂੰ ਬੇਕਾਰੀ ਨੇ ਕਈ ਥਾਣੇ ਦਿਖਾ ਦਿੱਤੇ ਹਨ। ਉਸ ਨੂੰ ਆਪਣੇ ਤੇ ਹੋਏ ਲਾਠੀਚਾਰਜਾਂ ਦੀ ਗਿਣਤੀ ਦਾ ਚੇਤਾ ਨਹੀਂ। ਹਕੂਮਤ ਨੇ ਉਸ ’ਤੇ ਇਰਾਦਾ ਕਤਲ ਦਾ ਕੇਸ ਪਾਇਆ। ਕਾਂਗਰਸ ਸਰਕਾਰ ਤੋਂ ਵੀ ਲਾਠੀਆਂ ਹੀ ਮਿਲੀਆਂ ਹਨ । ਬਠਿੰਡਾ ਜਿਲ੍ਹੇ ਦੇ ਪਿੰਡ ਸਿਧਾਣਾ ਦੀ ਵੀਰਪਾਲ ਕੌਰ ਪੋਸਟ ਗਰੈਜੂਏਟ ਹੈ। ਉਸ ਕੋਲ ਈਟੀਟੀ ਅਤੇ ਬੀ.ਐੱਡ ਦੀ ਡਿਗਰੀ ਹੈ। ਉਸ ਨੇ ਈਜੀਐੱਸ ਵਜੋਂ ਇੱਕ ਹਜਾਰ ਰੁਪਏ ’ਤੇ ਨੌਕਰੀ ਸ਼ੁਰੂ ਕੀਤੀ ਤੇ ਹੁਣ 16 ਸਾਲ ਮਗਰੋਂ ਤਨਖਾਹ ਛੇ ਹਜਾਰ ਰੁਪਏ ਹੈ ।
ਰਾਜਵੀਰ ਕੌਰ ਨੂੰ ਨਹੀਂ ਮਿਲਿਆ ਰਾਜ
ਬਲਾਕ ਮਲੋਟ ਦੇ ਪਿੰਡ ਰਾਣੀਵਾਲਾ ਦੀ ਰਾਜਵੀਰ ਕੌਰ ਜਿੱਥੇ ਵੀ ਮੰਗ ਲਈ ਗਈ ਲਾਠੀਆਂ ਮਿਲੀਆਂ। ਰਾਜਵੀਰ ਕੌਰ ਨੇ ਮੁਹਾਲੀ ’ਚ ਸਿੱਖਿਆ ਬੋਰਡ ਦੀ ਇਮਾਰਤ ’ਤੇ ਸਲਫਾਸ ਖਾ ਲਈ ਸੀ। ਮਾਂ ਜਿਊਂਦੀ ਹੁੰਦੀ ਤਾਂ ਜਰੂਰ ਆਖਦੀ, ‘ਧੀਏ! ਤੈਨੂੰ ਸਲਫਾਸ ਖਾਣ ਲਈ ਨਹੀਂ ਜੰਮਿਆ ਸੀ।’ ਰਾਜਵੀਰ ਕੌਰ ਨੇ ਪਹਿਲਾਂ ਭੋਖੜਾ ’ਚ ਖੁਦਕੁਸ਼ੀ ਕਰਨ ਦਾ ਯਤਨ ਕੀਤਾ ਸੀ। ਰਾਜਵੀਰ ਦੇ ਪੇਟ ’ਚ ਅੱਠ ਮਹੀਨੇ ਦਾ ਬੱਚਾ ਸੀ, ਜਦੋਂ ਉਹ ਤਿੰਨ ਦਿਨ ਪਾਣੀ ਵਾਲੀ ਟੈਂਕੀ ’ਤੇ ਚੜ੍ਹੀ ਰਹੀ ਸੀ।
ਹਰਪ੍ਰੀਤ ਨੇ ਤਾਂ ਨਹਿਰ ’ਚ ਮਾਰੀ ਸੀ ਛਾਲ
’ਰੁਜਗਾਰ ਖਾਤਰ ਜਲੰਧਰ ਦੀ ਹਰਪ੍ਰੀਤ ਕੌਰ ਦੋ ਦਫਾ ਜੇਲ੍ਹ ਵੇਖ ਚੁੱਕੀ ਹੈ। ਪਾਣੀ ਦੀਆਂ ਬੁਛਾੜਾਂ ਅੱਗੇ ਕਈ ਵਾਰ ਅੜ ਚੁੱਕੀ ਹੈ। ਜਦੋਂ ਪੁਲੀਸ ਨੇ ਚੁਣੌਤੀ ਦਿੱਤੀ ਤਾਂ ਇਸ ਧੀ ਨੇ ਸਾਲ 2015 ਵਿੱਚ ਬਠਿੰਡਾ ਨਹਿਰ ’ਚ ਛਾਲ ਮਾਰ ਦਿੱਤੀ। ਹਰਪ੍ਰੀਤ ਗਰੈਜੂਏਟ ਤੇ ਈਟੀਟੀ ਤੋਂ ਇਲਾਵਾ ਐੱਨਟੀਟੀ ਪਾਸ ਵੀ ਹੈ। ਹਰਪ੍ਰੀਤ ਦੇ ਪੁਰਖਿਆਂ ’ਚੋਂ ਕੋਈ ਥਾਣੇ ਕਚਹਿਰੀ ਅੱਗਿਓਂ ਨਹੀਂ ਲੰਘਿਆ ਸੀ ਪਰ ਹਕੂਮਤਾਂ ਨੇ ਪਿਓ-ਦਾਦੇ ਦੀ ਵਿਰਾਸਤ ਨੂੰ ਦਾਗ ਲਾ ਦਿੱਤਾ।ਸਰਕਾਰਾਂ ਦੀ ਨੀਅਤ ’ਚ ਖੋਟ:ਗਗਨ
ਕੱਚੇ ਅਧਿਆਪਕਾਂ ਦੀ ਆਗੂ ਗਗਨ ਅਬੋਹਰ ਦਾ ਕਹਿਣਾ ਸੀ ਕਿ ਇਸੇ ਤਰ੍ਹਾਂ ਦੀ ਕਹਾਣੀ ਹਜਾਰਾਂ ਧੀਆਂ ਦੀ ਹੈ, ਜਿਨ੍ਹਾਂ ਦੇ ਜਖਮਾਂ ’ਤੇ ਲੂਣ ਭੁੱਕਣ ਲਈ ਲੀਡਰਾਂ ਦੇ ਪੁੱਤਰਾਂ ਨੂੰ ਤਾਂ ਪੱਕੀ ਸਰਕਾਰੀ ਨੌਕਰੀ ਦੇ ਦਿੱਤੀ ਪਰ ਉਨ੍ਹਾਂ ਨੂੰ ਵਿਸਾਰ ਛੱਡਿਆ ਹੈ। ਉਨ੍ਹਾਂ ਆਖਿਆ ਕਿ ਸਰਕਾਰ ਜੋ ਮਰਜੀ ਕਹੇ ਹੱਕ ਲੈਕੇ ਹੀ ਪਿੱਛੇ ਹਟਿਆ ਜਾਏਗਾ।.
-