ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 433ਵਾਂ ਦਿਨ
- ਮੋਰਚੇ ਦੀ ਪੰਜ ਮੈਂਬਰੀ ਕਮੇਟੀ ਨੂੰ ਗੱਲਬਾਤ ਦਾ ਸੱਦਾ ਨਾ ਦੇਣ ਦੀ ਨਿਖੇਧੀ; ਟਾਲ-ਮਟੋਲ ਵਾਲੀ ਸਰਕਾਰੀ ਸਾਜਿਸ਼ ਕਾਮਯਾਬ ਨਹੀਂ ਹੋਣ ਦੇਵਾਂਗੇ।
- ਨਾਗਾਲੈਂਡ ਕਤਲੇਆਮ ਦੀ ਨਿਰਪੱਖ ਜਾਂਚ ਕਰਾ ਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਉ; ਅਫਸਪਾ ਕਾਨੂੰਨ ਨੂੰ ਤੁਰੰਤ ਵਾਪਸ ਲਵੋ: ਕਿਸਾਨ ਆਗੂ
- ਐਨਐਚਐਮ ਮੁਲਾਜਮਾਂ ਦੇ ਸੜਕ-ਜਾਮ ਧਰਨੇ ‘ਚ ਸ਼ਾਮਲ ਹੋ ਘੋਲ ਨਾਲ ਇੱਕਜੁੱਟਤਾ ਪ੍ਰਗਟਾਈ; ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ: ਉਪਲੀ
- ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਘੋਲ ਦੀ ਹਿਮਾਇਤ ਕੀਤੀ; ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ: ਕਿਸਾਨ ਆਗੂ
ਸੋਨੀ ਪਨੇਸਰ,ਬਰਨਾਲਾ: 07 ਦਸੰਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ,ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿਵਾਉਣ, ਕਿਸਾਨਾਂ ‘ਤੇ ਦਰਜ ਕੇਸ ਰੱਦ ਕਰਵਾਉਣ ਅਤੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚਲੀਆਂ ਬਾਕੀ ਮੰਨਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 433 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।ਅੱਜ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਪੰਜ ਮੈਂਬਰੀ ਕਮੇਟੀ ਨੂੰ ਗੱਲਬਾਤ ਲਈ ਕੋਈ ਸੱਦਾ ਨਾ ਦੇਣ ਦੀ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅੰਦੋਲਨ ਸ਼ੁਰੂ ਦੇ ਪਹਿਲੇ ਦਿਨ ਤੋਂ ਹੀ ਇਹ ਰੱਟ ਲਾਈ ਹੋਈ ਸੀ ਕਿ ਮੋਰਚਾ ਇੱਕ ਛੋਟੀ ਕਮੇਟੀ ਬਣਾਏ ਜਿਸ ਨਾਲ ਸਰਕਾਰ ਗੱਲਬਾਤ ਕਰ ਸਕੇ। ਪਰ ਹੁਣ ਜਦੋਂ ਸਰਕਾਰ ਦੀ ਹੀ ਮਨਸ਼ਾ ਅਨੁਸਾਰ ਇੱਕ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ, ਸਰਕਾਰ ਨੇ ਇਸ ਕਮੇਟੀ ਨੂੰ ਕੋਈ ਸੱਦਾ ਨਹੀਂ ਦਿੱਤਾ। ਇਸ ਤੋਂ ਸਰਕਾਰ ਦੀ ਅਸਲੀ ਮਨਸ਼ਾ ਜੱਗ-ਜ਼ਾਹਰ ਹੁੰਦੀ ਹੈ ਕਿ ਉਹ ਸਾਜ਼ਸੀ ਟਾਲ-ਮਟੋਲ ਦੀ ਨੀਤੀ ਅਪਣਾ ਕੇ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ। ਅਸੀਂ ਸਰਕਾਰ ਦੀਆਂ ਚਾਲਾਂ ਵਿੱਚ ਨਹੀਂ ਆਵਾਂਗੇ ਅਤੇ ਬਾਕੀ ਦੀਆਂ ਮੰਗਾਂ ਮੰਨੇ ਜਾਣ ਤੱਕ ਅੰਦੋਲਨ ਜਾਰੀ ਰੱਖਾਂਗੇ।
ਅੱਜ ਬੁਲਾਰਿਆਂ ਨੇ ਨਾਗਾਲੈਂਡ ‘ਚ ਫੌਜ ਵੱਲੋਂ ਅੰਨੇਵਾਹ ਗੋਲੀ ਚਲਾ ਕੇ 14 ਆਮ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰ ਦੇਣ ਵਾਲੀ ਘਟਨਾ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਅਫਸਪਾ ਕਾਨੂੰਨ ਦੇ ਨਾਂਅ ਹੇਠ ਸੁਰੱਖਿਆ ਕਰ਼ਮੀਆਂ ਨੂੰ ਜਵਾਬਦੇਹੀ ਤੋਂ ਮੁਕਤ ਕਰ ਰੱਖਿਆ ਹੈ। ਅਸਲ ਵਿੱਚ ਸਰਕਾਰ ਉਤਰ-ਪੂਰਬੀ ਖਿੱਤੇ ਦੇ ਲੋਕਾਂ ਦੀਆਂ ਜਮਹੂਰੀ ਭਾਵਨਾਵਾਂ ਨੂੰ ਕੁਚਲ ਕੇ ਉਥੋਂ ਦੇ ਸਥਾਨਕ ਸੱਭਿਆਚਾਰ ਨੂੰ ਖਤਮ ਕਰਨਾ ਚਾਹੁੰਦੀ ਹੈ। ਪਿਛਲੇ ਕਈ ਦਹਾਕਿਆਂ ਤੋਂ ਉਨ੍ਹਾਂ ਦੇ ਜਮਹੂਰੀ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਕਤਲੇਆਮ ਕਾਂਡ ਦੀ ਉਚ- ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਫੌਜ ਨੂੰ ਜਵਾਬਦੇਹੀ ਤੋਂ ਮੁੱਕਤ ਕਰਨ ਵਾਲਾ ਅਫਸਪਾ ਕਾਨੂੰਨ ਤੁਰੰਤ ਵਾਪਸ ਲਿਆ ਜਾਵੇ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਨਛੱਤਰ ਸਿੰਘ ਸਾਹੌਰ,ਬਲਵੀਰ ਕੌਰ ਕਰਮਗੜ੍ਹ, ਬਲਜੀਤ ਸਿੰਘ ਚੌਹਾਨਕੇ, ਸਰਪੰਚ ਗੁਰਚਰਨ ਸਿੰਘ, ਪ੍ਰੇਮਪਾਲ ਕੌਰ, ਚਰਨਜੀਤ ਕੌਰ, ਅਮਰਜੀਤ ਕੌਰ, ਬਾਬੂ ਸਿੰਘ ਖੁੱਡੀ ਕਲਾਂ, ਪਰਮਜੀਤ ਕੌਰ ਠੀਕਰੀਵਾਲਾ,ਗੁਰਨਾਮ ਸਿੰਘ ਠੀਕਰੀਵਾਲਾ, ਨੇਕਦਰਸ਼ਨ ਸਿੰਘ,ਜਸਵੰਤ ਕੌਰ ਬਰਨਾਲਾ ਨੇ ਸੰਬੋਧਨ ਕੀਤਾ। ਪਿਛਲੇ ਕਈ ਹਫਤਿਆਂ ਤੋਂ ਸੰਘਰਸ਼ ਕਰ ਰਹੇ ਐਨਐਚਐਮ ਮੁਲਾਜਮ ਨੇ ਅੱਜ ਬਰਨਾਲਾ ਕਚਹਿਰੀ ਚੌਕ ਵਿੱਚ ਧਰਨਾ ਦੇ ਕੇ ਸੜਕ ਜਾਮ ਕੀਤੀ। ਸੰਯੁਕਤ ਕਿਸਾਨ ਮੋਰਚਾ ਨੇ ਇਸ ਧਰਨੇ ‘ਚ ਸ਼ਮੂਲੀਅਤ ਕਰ ਕੇ ਇਨ੍ਹਾਂ ਮੁਲਾਜਮਾਂ ਦੇ ਘੋਲ ਨਾਲ ਇੱਕਜੱਟਤਾ ਪ੍ਰਗਟਾਈ। ਆਗੂਆਂ ਨੇ ਸਰਕਾਰ ਨੂੰ ਸਿਹਤ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਸਵੀਕਾਰ ਕਰਨ ਲਈ ਕਿਹਾ। ਪੀਆਰਟੀਸੀ ਦੇ ਕੱਚੇ ਮੁਲਾਜ਼ਮ ਦੀ ਆਪਣੀਆਂ ਮੰਗਾਂ ਮਨਵਾਉਣ ਲਈ ਹੜਤਾਲ ‘ਤੇ ਹਨ । ਆਗੂਆਂ ਨੇ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਵੀ ਹਿਮਾਇਤ ਕਰਦੇ ਹੋਏ ਉਨ੍ਹਾਂ ਦੀਆਂ ਮੰਗਾਂ ਤੁਰੰਤ ਮੰਨਣ ਲਈ ਕਿਹਾ।
ਅੱਜ ਪਿੰਡ ਠੀਕਰੀਵਾਲਾ ਦੀ ਸੰਗਤ ਨੇ ਲੰਗਰ ਦੀ ਸੇਵਾ ਨਿਭਾਈ।
ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਗਾਇਣ ਰਾਹੀਂ ਪੰਡਾਲ ‘ਚ ਜੋਸ਼ ਭਰਿਆ। ਗੁਰਮੀਤ ਸਿੰਘ ਬਰਨਾਲਾ ਨੇ ਗੀਤ ਤੇ ਨਰਿੰਦਰਪਾਲ ਸਿੰਗਲਾ ਨੇ ਕਵਿਤਾ ਸੁਣਾਈ।