ਐਸ ਡੀ ਕਾਲਜ ਵਿਖੇ ਅੰਤਰ-ਕਾਲਜ ਨੈੱਟਬਾਲ ਮੁਕਾਬਲੇ ਆਰੰਭ
ਰਘਬੀਰ ਹੈਪੀ,ਬਰਨਾਲਾ,6 ਦਸੰਬਰ 2021
ਐਸ ਡੀ ਕਾਲਜ ਵਿਖੇ ਦੋ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਨੈੱਟਬਾਲ (ਲੜਕੀਆਂ) ਮੁਕਾਬਲੇ ਸ਼ੁਰੂ ਹੋ ਗਏ। ਮੁਕਾਬਲਿਆਂ ਦਾ ਰਸਮੀ ਉਦਘਾਟਨ ਅੰਤਰ ਰਾਸ਼ਟਰੀ ਨੈੱਟਬਾਲ ਖਿਡਾਰੀ ਇੰਸਪੈਕਟਰ ਰਾਜਪਾਲ ਸਿੰਘ ਬਾਜਵਾ ਨੇ ਕੀਤਾ। ਉਹਨਾਂ ਆਪਣੇ ਸੰਬੋਧਨ ਵਿਚ ਵੱਖ ਵੱਖ ਕਾਲਜਾਂ ਤੋਂ ਹਿੱਸਾ ਲੈਣ ਆਏ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਹਰ ਇਕ ਵਿਦਿਆਰਥੀ ਲਈ ਪੜਾਈ ਦੇ ਨਾਲ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ। ਇਸ ਨਾਲ ਨਾ ਸਿਰਫ਼ ਸਾਡਾ ਸਰੀਰਕ ਵਿਕਾਸ ਹੁੰਦਾ ਹੈ ਸਗੋਂ ਮਾਨਸਿਕ ਮਜ਼ਬੂਤੀ ਵੀ ਮਿਲਦੀ ਹੈ। ਉਹਨਾਂ ਕਾਲਜ ਅਤੇ ਅਤੇ ਖ਼ਾਸ ਤੌਰ ’ਤੇ ਇਸ ਖੇਡ ਮੈਦਾਨ ਵਿਚ ਬਿਤਾਏ ਆਪਣੇ ਸਮੇਂ ਨੂੰ ਭਾਵੁਕਤਾ ਨਾਲ ਯਾਦ ਕੀਤਾ। ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਐਸ ਡੀ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿ ਨੈੱਟਬਾਲ ਖੇਡ ਦਾ ਸਭ ਤੋਂ ਵੱਡਾ ਹਸਤਾਖਰ ਅੱਜ ਸਾਡੇ ਵਿਚਕਾਰ ਹੈ। ਇਸੇ ਖੇਡ ਮੈਦਾਨ ਤੋਂ ਤਰੱਕੀ ਕਰਦਿਆਂ ਅੱਜ ਸ੍ਰੀ ਰਾਜਪਾਲ ਪੰਜਾਬ ਪੁਲਿਸ ਦੇ ਉੱਚ ਅਹੁਦੇ ’ਤੇ ਬਿਰਾਜਮਾਨ ਹਨ। ਖਿਡਾਰੀ ਇਸ ਮਹਾਨ ਹਸਤੀ ਦੀ ਆਮਦ ਤੋਂ ਜ਼ਰੂਰ ਪ੍ਰੇਰਣਾ ਲੈਣਗੇ। ਖੇਡ ਵਿਭਾਗ ਦੀ ਪ੍ਰੋ. ਜਸਵਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਕਾਲਜ ਵੱਲੋਂ ਇਹ ਮੁਕਾਬਲੇ ਪੂਰੀ ਸਫ਼ਲਤਾ ਨਾਲ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਡਾ. ਤਰਸਪਾਲ ਕੌਰ ਨੇ ਸਟੇਜ ਸਕੱਤਰ ਦੇ ਫ਼ਰਾਇਜ਼ ਅੰਜਾਮ ਦਿੱਤੇ। ਇਸ ਮੌਕੇ ਐਸ ਡੀ ਕਾਲਜ ਦੀ ਪ੍ਰਿੰਸੀਪਲ ਡਾ. ਰਮਾ ਸ਼ਰਮਾ ਤੋਂ ਇਲਾਵਾ ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ ਪ੍ਰਿੰਸੀਪਲ ਪ੍ਰੋ. ਰਾਕੇਸ਼ ਗਰਗ ਪ੍ਰਿੰਸੀਪਲ ਸ੍ਰੀ ਕਸ਼ਮੀਰ ਸਿੰਘ ਏ.ਐਸ. ਆਈ. ਮੁਕੇਸ਼ ਪਾਂਡੇ ਏ. ਐਸ. ਆਈ ਬਲਵਿੰਦਰ ਸਿੰਘ ਪ੍ਰੋ. ਜਗਜੀਵਨ ਕੌਰ ਵੱਖ ਟੀਮਾਂ ਦੇ ਇੰਚਾਰਜ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਪਹਿਲੇ ਦਿਨ ਮੇਜ਼ਬਾਨ ਐਸ ਡੀ ਕਾਲਜ ਅਤੇ ਮਾਤਾ ਸੁੰਦਰੀ ਕਾਲਜ ਮਾਨਸਾ ਨੇ ਆਪਣੇ ਮੈਚ ਜਿੱਤ ਲਏ।