-ਰੀਸੈਂਪਲਿੰਗ ਚ, ਕੋਰੋਨਾ ਪੌਜੇਟਿਵ ਮ੍ਰਿਤਕਾ ਕਰਮਜੀਤ ਕੌਰ ਦੇ ਪਰਿਵਾਰ ਦੇ 5 ਤੇ ਅਮਰਜੀਤ ਸਿੰਘ ਗੱਗੜਪੁਰ ਦੇ 2 ਅਤੇ ਰਾਧਾ ਦਾ 1 ਕਨਟੈਕਟ ਵੀ ਸ਼ਾਮਿਲ
–4 ਨਵੇਂ ਸ਼ੱਕੀ ਮਰੀਜ਼ਾਂ ਦੇ ਵੀ ਜਾਂਚ ਲਈ ਭੇਜ਼ੇ ਸੈਂਪਲ
ਹਰਿੰਦਰ ਨਿੱਕਾ ਬਰਨਾਲਾ 18 ਅਪ੍ਰੈਲ 2020
ਫਿਲਹਾਲ ਜਿਲ੍ਹੇ ਚ, ਕੋਰੋਨਾ ਵਾਇਰਸ ਦਾ ਭਾਂਵੇ ਕੋਈ ਵੀ ਪੌਜੇਟਿਵ ਮਰੀਜ਼ ਨਹੀਂ ਹੈ। ਪਰੰਤੂ ਫਿਰ ਵੀ ਜਿਲ੍ਹਾ ਵਾਸੀਆਂ ਦੇ ਸਿਰ ਤੋਂ ਕੋਰੋਨਾ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰਾਂ ਨੇ ਕੋਰੋਨਾ ਪੌਜੇਟਿਵ ਮ੍ਰਿਤਕਾ ਕਰਮਜੀਤ ਕੌਰ ਮਹਿਲ ਕਲਾਂ ਨਾਲ ਸਬੰਧਿਤ ਉਸ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਚੋਂ ਕੁੱਲ 5 ਮੈਂਬਰਾਂ ਦੀ ਰੀਸੈਂਪਲਿੰਗ ਕਰਕੇ ਫਿਰ ਜ਼ਾਂਚ ਲਈ ਭੇਜ਼ੀ ਗਈ ਹੈ। ਇਸੇ ਤਰਾਂ ਸੰਗਰੂਰ ਜਿਲ੍ਹੇ ਦੇ ਗੱਗੜਪੁਰ ਪਿੰਡ ਦੇ ਰਹਿਣ ਵਾਲੇ ਕੋਰੋਨਾ ਪੌਜੇਟਿਵ ਮਰੀਜ਼ ਅਮਰਜੀਤ ਸਿੰਘ ਦੇ ਸੌਹਰੇ ਪਰਿਵਾਰ ਬੀਹਲਾ ਦੇ 2 ਜਣਿਆਂ ਦੇ ਅਤੇ ਜਿਲ੍ਹੇ ਦੀ ਪਹਿਲੀ ਕੋਰੋਨਾ ਪੌਜਾਟਿਵ ਰਹੀ ਰਾਧਾ ਦੇ ਕਨਟੇਕਟ ਵਾਲੇ ਸ਼ਹਿਰ ਦੇ ਜੰਡਾ ਵਾਲਾ ਰੋਡ ਦੇ ਨਿਵਾਸੀ 1 ਬੰਦੇ ਦਾ ਵੀ ਸੈਂਪਲ ਲੈ ਕੇ ਦੁਬਾਰਾ ਜਾਂਚ ਲਈ ਭੇਜਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਮਉ ਡਾਕਟਰ ਜੋਤੀ ਕੌਸਲ ਨੇ ਦੱਸਿਆ ਕਿ ਮਹਿਲ ਕਲਾਂ ਨਿਵਾਸੀ ਕਰਮਜੀਤ ਕੌਰ ਦੇ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਫਰੀਦਕੋਟ ਦੇ ਸਰਕਾਰੀ ਹਸਪਤਾਲ ਨੂੰ ਪਹਿਲਾਂ ਦੀ ਭੇਜ਼ੀ ਗਈ ਸੀ। ਪਰੰਤੂ ਰਿਪੋਰਟ ਸ਼ੱਕੀ ਆ ਜਾਣ ਕਰਕੇ ਦੁਬਾਰਾ ਫਿਰ ਉਨ੍ਹਾਂ ਦੇ ਸੈਂਪਲ ਲੈ ਕੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ਼ੇ ਗਏ ਹਨ। ਇਸੇ ਤਰਾਂ ਅਮਰਜੀਤ ਸਿੰਘ ਦੇ ਸੌਹਰਾ ਪਰਿਵਾਰ ਦੇ 2 ਮੈਂਬਰਾਂ ਅਤੇ ਰਾਧਾ ਦੇ ਕਨਟੈਕਟ ਚ, ਆਏ ਜੰਡਾ ਵਾਲਾ ਰੋਡ ਦੇ ਨਿਵਾਸੀ 1 ਬੰਦੇ ਦੀ ਰਿਪੋਰਟ ਵੀ ਸ਼ੱਕੀ ਆਉਣ ਕਰਕੇ ਉਸਦਾ ਵੀ ਸੈਂਪਲ ਲੈ ਕੇ ਜਾਂਚ ਲਈ ਪਟਿਆਲਾ ਭੇਜ਼ਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 8 ਵਿਅਕਤੀਆਂ ਦੀ ਰਿਪੋਰਟ ਚ, ਇਨਕਨਕਲੂਜਿਵ ਲਿਖਿਆ ਆਇਆ ਹੈ। ਯਾਨੀ ਕੋਰੋਨਾ ਵਾਇਰਸ ਦਾ ਸ਼ੱਕ ਦੂਰ ਨਹੀਂ ਹੋਇਆ ਹੈ, ਭਾਵ ਰਿਪੋਰਟ ਚ, ਕੋਈ ਪੁਖਤਾ ਨਿਰਣਾ ਨਹੀਂ ਪ੍ਰਾਪਤ ਹੋਇਆ। ਇਸ ਸ਼ੱਕ ਨੂੰ ਦੂਰ ਕਰਨ ਲਈ ਹੀ ਸੈਂਪਲ ਲੈ ਕੇ ਫਿਰ ਜਾਂਚ ਲਈ ਭੇਜਣਾ ਜਰੂਰੀ ਹੋ ਗਿਆ ਹੈ। ਜਿਲ੍ਹੇ ਦੇ ਨੋਡਲ ਅਧਿਕਾਰੀ ਡਾਕਟਰ ਮੁਨੀਸ਼ ਕੁਮਾਰ ਨੇ ਦੱਸਿਆ ਕਿ 4 ਨਵੇਂ ਸ਼ੱਕੀ ਮਰੀਜ਼ਾਂ ਦੇ ਸੈਂਪਲ ਵੀ ਅੱਜ ਭੇਜੇ ਗਏ ਹਨ, ਇਨ੍ਹਾਂ ਚ, ਬਰਨਾਲਾ ਸ਼ਹਿਰ ਦੇ ਕਿਲਾ ਮੁਹੱਲਾ ਖੇਤਰ ਦੀ 1 ਔਰਤ ਤੇ ਧਨੌਲਾ ਦੇ ਪਿੰਡ ਅਤਰਗੜ ਦੇ 3 ਸ਼ੱਕੀ ਮਰੀਜ਼ ਵੀ ਸਾਹਮਣੇ ਆਏ ਹਨ। ਇਨ੍ਹਾਂ ਚ, 2 ਔਰਤਾਂ ਤੇ ਇੱਕ ਪੁਰਸ਼ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 12 ਜਣਿਆਂ ਦੀ ਰਿਪੋਰਟ ਪੈਂਡਿੰਗ ਹੈ।