ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 429 ਵਾਂ ਦਿਨ

Advertisement
Spread information

ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 429 ਵਾਂ ਦਿਨ

* ਜਥੇਬੰਦਕ ਏਕੇ ਦੀ ਤਾਕਤ ਦਾ ਅਹਿਸਾਸ ਪੈਦਾ ਹੋਣਾ ਅੰਦੋਲਨ ਦੀ ਵੱਡੀ ਪ੍ਰਾਪਤੀ; ਭਵਿੱਖ ਦੇ ਅੰਦੋਲਨਾਂ ਦੀ ਨੀਂਹ ਮਜ਼ਬੂਤ ਹੋਈ: ਕਿਸਾਨ ਆਗੂ 
* ਯੂਰੀਏ ਦੀ ਕਿੱਲਤ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾਈਆਂ; ਕਣਕ ਦਾ ਝਾੜ ਘਟਣ ਦਾ ਖਦਸ਼ਾ: ਕਿਸਾਨ ਆਗੂ 
* ਝੋਨੇ ਦੀ ਖਰੀਦ ਨਾ ਹੋਣ ‘ਤੇ ਤਿਲੰਗਾਨਾ ਦੇ  ਕਿਸਾਨਾਂ ਦੀਆਂ ਖੁਦਕੁਸ਼ੀਆਂ ਨੇ ਐਮਐਸਪੀ ਦੇ ਨਾਲ ਖਰੀਦ ਦੀ ਵੀ ਗਾਰੰਟੀ ਦਾ ਮੁੱਦਾ ਉਭਾਰਿਆ।


ਰਵੀ ਸੈਣ,ਬਰਨਾਲਾ: 03ਦਸੰਬਰ, 2021
        ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 429ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਮੌਜੂਦਾ ਕਿਸਾਨ ਅੰਦੋਲਨ ਦੀਆਂ ਪ੍ਰਾਪਤੀਆਂ ਬਾਰੇ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣੇ ਇਸ ਅੰਦੋਲਨ ਦੀ ਬਹੁਤ ਸ਼ਾਨਾਂਮੱਤੀ ਪ੍ਰਾਪਤੀ ਹੈ ਜੋ ਸਿੱਧੇ ਤੌਰ ‘ਤੇ ਨਜ਼ਰ ਆਉਂਦੀ ਹੈ। ਪਰ ਇਸ ਤੋਂ  ਇਲਾਵਾ ਇਸ ਅੰਦੋਲਨ ਨੇ ਅਸਿੱਧੇ ਤੌਰ ‘ਤੇ ਹੋਰ ਵੀ ਬਹੁਤ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਅਹਿਮ ਪ੍ਰਾਪਤੀ ਅੰਦੋਲਨਕਾਰੀਆਂ ਵਿੱਚ ਜਥੇਬੰਦਕ ਏਕੇ ਦੀ ਤਾਕਤ ਦੇ ਅਹਿਸਾਸ ਪੈਦਾ ਕਰਨਾ ਹੈ। ਸਰਕਾਰਾਂ ਮੂਹਰੇ ਨਿਤਾਣੇ ਮਹਿਸੂਸ ਕਰਨ ਵਾਲੇ ਲੋਕਾਂ ਨੂੰ ਹੁਣ ਅਹਿਸਾਸ ਹੋ ਗਿਆ ਹੈ ਕਿ ਉਹ ਆਪਣੇ ਏਕੇ ਦੇ ਬਲ ਨਾਲ ਆਪਣੀ ਪੁੱਗਤ ਬਣਾ ਸਕਦੇ ਹਨ ਅਤੇ ਆਪਣੇ ਮਸਲੇ ਹੱਲ ਕਰਵਾ ਸਕਦੇ ਹਨ। ਭਵਿੱਖ ਦੇ ਅੰਦੋਲਨਾਂ ਲਈ ਜਥੇਬੰਦਕ ਏਕੇ ਦੇ ਇਸੇ ਅਹਿਸਾਸ ਨੇ ਮਜ਼ਬੂਤੀ ਬਖਸ਼ਣੀ ਹੈ।
     ਅੱਜ ਬੁਲਾਰਿਆਂ ਨੇ ਪੰਜਾਬ ਵਿੱਚ ਯੂਰੀਆ ਖਾਦ ਦੀ ਕਿੱਲਤ ਦੇ ਮੁੱਦੇ ਨੂੰ ਫਿਰ  ਉਭਾਰਿਆ। ਆਗੂਆਂ ਨੇ ਕਿਹਾ ਕਿ ਪਹਿਲਾਂ ਕਿਸਾਨ ਕਣਕ ਦੀ ਬਿਜਾਈ ਸਮੇਂ ਡੀਏਪੀ ਖਾਦ ਦੇ ਘਾਟ ਕਾਰਨ ਦਰ ਦਰ ਭੜਕਦੇ ਰਹੇ। ਹੁਣ ਯੂਰੀਏ ਦੀ ਘਾਟ ਕਾਰਨ ਪ੍ਰੇਸ਼ਾਨ  ਹੋ ਰਹੇ ਹਨ। ਕਣਕ ਦੀ ਫਸਲ ਦੇ ਫੁਟਾਰੇ ਲਈ ਇਹ ਬਹੁਤ ਨਾਜ਼ਕ ਦੌਰ ਹੈ ਜਦੋਂ ਯੂਰੀਆ ਦੀ ਖਾਦ ਪਾਉਣ ਦੀ ਬਹੁਤ ਜਰੂਰਤ ਹੁੰਦੀ ਹੈ। ਖਾਦ ਦੀ ਘਾਟ ਕਾਰਨ ਕਣਕ ਦਾ ਝਾੜ ਘਟਣ ਦਾ ਖਦਸ਼ਾ ਹੈ। ਸਰਕਾਰ ਤੁਰੰਤ ਯੂਰੀਆ ਖਾਦ ਦੀ ਲੋੜੀਂਦੀ ਸਪਲਾਈ ਦਾ  ਪ੍ਰਬੰਧ ਕਰੇ।
   ਅੱਜ ਧਰਨੇ ਨੂੰ ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਬਲਜੀਤ ਸਿੰਘ ਚੌਹਾਨਕੇ, ਜਸਪਾਲ ਚੀਮਾ, ਨੇਕਦਰਸ਼ਨ ਸਿੰਘ, ਚਰਨਜੀਤ ਕੌਰ, ਹਰਚਰਨ ਸਿੰਘ ਚੰਨਾ, ਪ੍ਰੇਮਪਾਲ ਕੌਰ, ਬਲਵੀਰ ਕੌਰ ਕਰਮਗੜ੍ਹ ਤੇ ਪ੍ਰਮਿੰਦਰ ਹੰਢਿਆਇਆ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਜ ਤਿਲੰਗਾਨਾ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ  ਕੀਤੇ ਜਾਣ ਦੀਆਂ ਖਬਰਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਿਲੰਗਾਨਾ ਵਿੱਚ ਸਿਰਫ 40 ਲੱਖ ਟਨ ਝੋਨਾ ਹੀ ਖਰੀਦਿਆ ਗਿਆ ਜਦੋਂ ਕਿ ਉਥੋਂ ਦੀ ਰਾਜ ਸਰਕਾਰ 90 ਲੱਖ ਟਨ ਖਰੀਦਣ ਦੀ ਮੰਗ ਕਰ ਰਹੀ ਹੈ। ਖਰੀਦਦਾਰ ਨਾ ਹੋਣ ਕਾਰਨ ਕਿਸਾਨ ਮਾਯੂਸ ਹੋ ਕੇ ਖੁਦਕੁਸ਼ੀਆਂ ਕਰਨ ਲੱਗੇ ਹਨ। ਆਗੂਆਂ ਨੇ ਕਿਹਾ ਕਿ ਇਸ ਵਰਤਾਰੇ ਨੇ ਇਸ ਮੰਗ ਨੂੰ ਇੱਕ ਵਾਰ ਫਿਰ ਉਭਾਰ ਦਿੱਤਾ ਹੈ ਕਿ ਸਿਰਫ ਐਮਐਸਪੀ ਦੀ ਹੀ ਨਹੀਂ ਸਗੋਂ ਖਰੀਦ ਦੀ ਵੀ ਗਾਰੰਟੀ ਮਿਲਣੀ ਚਾਹੀਦੀ ਹੈ।
  ਅੱਜ ਪ੍ਰੇਮਪਾਲ ਕੌਰ  ਨੇ ਗੀਤ ਅਤੇ ਨਰਿੰਦਰਪਾਲ ਸਿੰਗਲਾ ਨੇ ਕਵਿਤਾ ਸੁਣਾਈ।
Advertisement
Advertisement
Advertisement
Advertisement
error: Content is protected !!