ਤਫਤੀਸ਼ ਅਧਿਕਾਰੀ ਨੇ ਕਿਹਾ, ਕਾਰ ਬਰਾਮਦ, ਨਾਮਜ਼ਦ ਦੋਸ਼ੀ ਵੀ ਗਿਰਫਤਾਰ
ਹਰਿੰਦਰ ਨਿੱਕਾ , ਬਰਨਾਲਾ 1 ਦਸੰਬਰ 2021
ਇਸ ਨੂੰ ਸਹਿਣਸ਼ੀਲਤਾ ਜਾਂ ਸੰਜਮ ਦੀ ਘਾਟ ਹੀ ਸਮਝੋ ਕਿ ਸੜਕ ਤੇ ਜਾ ਰਹੀ ਇੱਕ ਸਵਿਫਟ ਕਾਰ ਤੋਂ ਰਾਹ ਦੇਣ ਲਈ ਹਾਰਨ ਵਜਾਉਣ ਵਾਲੇ ਨੂੰ 2 ਕਾਰ ਸਵਾਰਾਂ ਨੇ ਖੂਬ ਕੁਟਾਪਾ ਚਾੜ੍ਹ ਦਿੱਤਾ। ਨਤੀਜੇ ਵਜੋਂ ਪੀੜਤ ਦੇ ਬਿਆਨ ਪਰ ਪੁਲਿਸ ਨੇ ਤਿੰਨੋਂ ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ , ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਘਟਨਾਕ੍ਰਮ ਦੀ ਜਾਣਕਾਰੀ ਪੁਲਿਸ ਨੂੰ ਦਿੰਦਿਆਂ ਉਮੇਸ਼ ਮਿੱਤਲ ਪੁੱਤਰ ਦਰਸ਼ਨ ਮਿੱਤਲ ਵਾਸੀ ਆਸਥਾ ਕਲੋਨੀ ਬਰਨਾਲਾ ਨੇ ਦੱਸਿਆ ਕਿ ਉਹ ਆਪਣੀ ਕਾਰ ਨੰਬਰੀ ਪੀਬੀ 19 K 7635 , ਜਿਸ ਨੂੰ ਇਕਬਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪ੍ਰੇਮ ਨਗਰ ਚਲਾ ਰਿਹਾ ਸੀ। ਜਦੋਂ ਅਸੀ ਜੀ.ਜੀ.ਐਸ ਕਾਲਜ ਧਨੌਲਾ ਰੋਡ ਬਰਨਾਲਾ ਨੇੜੇ ਪਹੁੰਚੇ ਤਾਂ ਇੱਕ ਚਿੱਟੇ ਰੰਗ ਦੀ ਸਵਿਫਟ ਡਿਜਾਇਰ ਕਾਰ ਨੰਬਰੀ ਪੀਬੀ 11 BY 8835 ਉਨਾਂ ਤੋਂ ਅੱਗੇ ਜਾ ਰਹੀ ਸੀ, ਜੋ ਸਾਨੂੰ ਲੰਘਣ ਲਈ ਸਾਈਡ ਨਹੀ ਦੇ ਰਹੀ ਸੀ। ਮੇਰੀ ਕਾਰ ਦੇ ਡਰਾਇਵਰ ਨੇ ਸਾਈਡ ਦੇਣ ਲਈ ਹਾਰਨ ਕੀ ਵਜਾਇਆ ਸਵਿਫਟ ਕਾਰ ਵਿੱਚ ਸਵਾਰ ਦੋ ਨੌਜਵਾਨ ਅੱਗ ਬਬੂਲਾ ਹੋ ਕੇ ਕਾਰ ਸਾਡੀ ਕਾਰ ਦੇ ਅੱਗੇ ਰੋਕ ਕੇ ਬਾਹਰ ਸੜਕ ਤੇ ਆ ਗਏ। ਕਾਰ ਸਵਾਰਾਂ ਨੇ ਮੇਰੀ ਅਤੇ ਮੇਰੀ ਕਾਰ ਦੇ ਡਰਾਇਵਰ ਦੀ ਬੁਰੀ ਤਰਾਂ ਕੁੱਟ ਮਾਰ ਕੀਤੀ । ਕਾਰ ਸਵਾਰਾਂ ਦੀ ਪਹਿਚਾਣ ਜਸਵਿੰਦਰ ਸਿੰਘ ਵਾਸੀ ਰਾਮਗੜੀਆ ਰੋਡ ਬਸਤੀ ਨੇੜੇ ਰੋਡੇ ਫਾਟਕ ਬਰਨਾਲਾ ਅਤੇ ਕੁਲਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਨੱਥੋਵਾਲ ਦੇ ਰੂਪ ਵਿੱਚ ਹੋਈ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ।
ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਬੂਟਾ ਸਿੰਘ ਨੇ ਦੱਸਿਆ ਕਿ ਉਮੇਸ਼ ਮਿੱਤਲ ਦੇ ਬਿਆਨ ਪਰ ਨਾਮਜਦ ਦੋਸ਼ੀਆਂ ਜਸਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਦੇ ਖਿਲਾਫ ਥਾਣਾ ਸਿਟੀ 2 ਬਰਨਾਲਾ ਵਿਖੇ ਅਧੀਨ ਜੁਰਮ 323/341/34 ਆਈਪੀਸੀ ਤਹਿਤ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਉਨਾਂ ਦੱਸਿਆ ਕਿ ਉਕਤ ਕਾਰ ਕਬਜ਼ੇ ਵਿੱਚ ਲੈ ਕੇ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਕਰਕੇ,ਹਸਬ ਜਾਬਤਾ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।