ਭਲਕੇ ਦੇ ਰੇਲ ਰੋਕੋ ਪ੍ਰੋਗਰਾਮ ਲਈ ਤਿਆਰੀਆਂ ਮੁਕੰਮਲ

Advertisement
Spread information

 ਭਲਕੇ ਦੇ ਰੇਲ ਰੋਕੋ ਪ੍ਰੋਗਰਾਮ ਲਈ ਤਿਆਰੀਆਂ ਮੁਕੰਮਲ;10 ਤੋਂ 4 ਵਜੇ ਤੱਕ ਰੇਲਵੇ ਲਾਈਨਾਂ ‘ਤੇ ਹੀ ਲਾਵਾਂਗੇ ਧਰਨੇ: ਉਪਲੀ

* ਨਾ-ਖੁਸ਼ਗਵਾਰ ਮੌਸਮ ਵੀ ਧਰਨੇ ਦਾ ਜੋਸ਼ ਤੇ ਉਤਸ਼ਾਹ ਬਰਕਰਾਰ ਰਿਹਾ; ਵਰ੍ਹਦੇ ਮੀਂਹ ‘ਚ ਪਹੁੰਚੇ ਕਿਸਾਨ।

* ਬਿਜਾਈ ਸ਼ੀਜਨ ਸਿਰ ‘ਤੇ ਹੈ ਪਰ ਕਿਸਾਨ ਖਾਦ ਤੇ ਬੀਜਾਂ ਲਈ ਦਰ ਦਰ ਭਟਕ ਰਹੇ ਹਨ; ਸਰਕਾਰ ਕਿੱਲਤ ਤੁਰੰਤ ਦੂਰ ਕਰੇ: ਕਿਸਾਨ ਆਗੂ


ਪਰਦੀਪ ਕਸਬਾ  , ਬਰਨਾਲਾ:  17 ਅਕਤੂਬਰ, 2021

  ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 382 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ  ਭਲਕੇ 18 ਤਰੀਕ ਦੇ ਦੇਸ਼-ਪੱਧਰੀ ਰੇਲ ਰੋਕੋ ਪ੍ਰੋਗਰਾਮ ਬਾਰੇ ਚਰਚਾ ਕੀਤੀ।ਆਗੂਆਂ ਨੇ ਕਿਹਾ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਨੂੰ ਲਖੀਮਪੁਰ-ਖੀਰੀ ਕਾਂਡ ਦੇ ਦੋਸ਼ੀ  ਅਜੈ ਮਿਸ਼ਰਾ ਨੂੰ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਅਤੇ ਗ੍ਰਿਫਤਾਰ ਕਰਨ ਲਈ ਦੋ ਹਫਤਿਆਂ ਦਾ ਸਮਾਂ ਦਿੱਤਾ ਸੀ।

Advertisement

ਪਰ ਕਿਸਾਨਾਂ ਨੂੰ ‘ਦੋ ਮਿੰਟ ਵਿੱਚ ਖਦੇੜਨ’ ਵਾਲਾ ਭੜਕਾਊ  ਤੇ ਧਮਕੀ ਭਰਪੂਰ ਬਿਆਨ ਦੇਣ ਵਾਲੇ ਕੇਂਦਰੀ ਮੰਤਰੀ ਵਿਰੁੱਧ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਇਸ ਲਈ ਕਿਸਾਨ ਮੋਰਚਾ,ਪਹਿਲਾਂ ਤੋਂ ਐਲਾਨੇ ਫੈਸਲੇ ਅਨੁਸਾਰ, ਕੱਲ੍ਹ ਨੂੰ 10 ਤੋਂ 4 ਵਜੇ ਤੱਕ ਰੇਲਾਂ ਰੋਕਣ ਦਾ ਪ੍ਰੋਗਰਾਮ ਲਾਗੂ ਕਰੇਗਾ। ਇਸ ਅਰਸੇ ਦੌਰਾਨ ਧਰਨੇ ਰੇਲਵੇ ਲਾਈਨਾਂ ਉਪਰ ਹੀ ਲਾਏ ਜਾਣਗੇ।ਆਗੂਆਂ ਨੇ ਸਭ ਨੂੰ ਇਸ ਪ੍ਰੋਗਰਾਮ ਵਿੱਚ ਵਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

  ਅੱਜ ਸਵੇਰੇ ਤੋਂ ਹੀ ਬਰਨਾਲਾ ਵਿੱਚ ਰੁਕ ਰੁਕ ਮੀਂਹ ਪੈਂਦਾ ਰਿਹਾ ਪਰ ਨਾ ਤਾਂ ਧਰਨਾਕਾਰੀਆਂ ਦੀ ਗਿਣਤੀ ਵਿੱਚ ਅਤੇ ਨਾ ਹੀ ਉਨ੍ਹਾਂ ਦੇ ਜੋਸ਼ ਵਿੱਚ ਕੋਈ ਕਮੀ ਨਜ਼ਰ ਆਈ।

   ਬੁਲਾਰਿਆਂ ਨੇ ਅੱਜ ਪੰਜਾਬ ਵਿੱਚ ਖਾਦ ਤੇ ਬੀਜਾਂ ਦੀ ਕਿੱਲਤ ਦਾ ਮਸਲਾ ਉਠਾਇਆ। ਆਗੂਆਂ ਨੇ ਕਿਹਾ ਕਿ ਹਾੜੀ ਦੀਆਂ ਫਸਲਾਂ ਦੀ ਬਿਜਾਈ ਸਿਰ ‘ਤੇ ਹੈ, ਕਿਸਾਨ ਝੋਨੇ ਦੀ ਕਟਾਈ ਵਿੱਚ ਰੁੱਝੇ ਹੋਏ ਹਨ ਅਤੇ ਦੂਜੇ ਪਾਸੇ ਖਾਦ ਤੇ ਬੀਜਾਂ ਦਾ ਇੰਤਜਾਮ ਕਰਨ ਲਈ ਉਨ੍ਹਾਂ ਨੂੰ ਦਰ ਦਰ ਭਟਕਣਾ ਪੈ ਰਿਹਾ ਹੈ। ਬੁਲਾਰਿਆਂ ਨੇ  ਸਰਕਾਰ ਤੋਂ ਇਸ ਕਿੱਲਤ ਨੂੰ ਤੁਰੰਤ ਦੂਰ ਕਰਨ ਦੀ ਮੰਗ ਕੀਤੀ।

     ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ,ਕਰਨੈਲ ਸਿੰਘ ਗਾਂਧੀ, ਗੁਰਨਾਮ ਸਿੰਘ ਠੀਕਰੀਵਾਲਾ, ਬਲਵਿੰਦਰ ਕੌਰ ਖੁੱਡੀ, ਬਾਬੂ ਸਿੰਘ ਖੁੱਡੀ, ਜਸਪਾਲ ਸਿੰਘ ਚੀਮਾ, ਬਲਵੀਰ ਕੌਰ ਕਰਮਗੜ੍ਹ, ਮੇਲਾ ਸਿੰਘ ਕੱਟੂ, ਚਰਨਜੀਤ ਕੌਰ,  ਗੁਰਜੰਟ ਸਿੰਘ ਹਮੀਦੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਜ ਕੌਮਾਂਤਰੀ ਭੁੱਖਮਰੀ ਸੂਚਕ-ਅੰਕ ਲਿਸਟ ਵਿੱਚ ਭਾਰਤ ਦੀ ਨਿੱਘਰ ਰਹੀ ਹਾਲਤ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਦੱਸਿਆ ਇੱਕ ਵਕਾਰੀ ਅੰਤਰਰਾਸ਼ਟਰੀ ਸੰਸਥਾ ਵੱਲੋਂ  ਭੁੱਖਮਰੀ ਬਾਰੇ ਕਰਵਾਏ ਸਰਵੇ ਅਨੁਸਾਰ ਕੁੱਲ 116 ਦੇਸ਼ਾਂ ਦੀ ਸੂਚੀ ਵਿੱਚ ਭਾਰਤ 101ਵੇਂ ਨੰਬਰ ‘ਤੇ ਆ ਗਿਆ ਹੈ।ਪਿਛਲੇ ਸਾਲ ਭਾਰਤ  94ਵੇਂ ਨੰਬਰ ‘ਤੇ ਸੀ,ਯਾਨੀ ਸਾਲ ਭਰ ਦੌਰਾਨ ਹਾਲਤ ਹੋਰ ਨਿੱਘਰ ਗਈ। ਇਹ ਅੰਕੜੇ ਸਰਕਾਰ ਦੇ ਇਸ ਦਾਅਵੇ ਦੀ ਪੋਲ ਖੋਲ੍ਹਦੇ ਹਨ ਕਿ ਦੇਸ਼ ਵਿੱਚ ਅਨਾਜ ਦਾ ਭੰਡਾਰ, ਜਰੂਰਤ ਨਾਲੋਂ ਤਿੰਨ ਗੁਣਾ ਵੱਧ ਹੈ। ਜੇਕਰ ਇੰਨਾ ਅਨਾਜ ਭੰਡਾਰ ਹੈ ਤਾਂ ਭੁੱਖਮਰੀ ਦੇ ਪੱਖੋਂ ਸਾਡੀ ਹਾਲਤ ਇੰਨੀ ਖਰਾਬ ਕਿਉਂ ਹੈ। ਅਸਲ ਵਿੱਚ ਵਾਧੂ ਭੰਡਾਰਨ ਦਾ ਕਾਰਨ ਅਨਾਜ ਦੀ ਵਾਧੂ ਪੈਦਾਵਾਰ ਨਹੀਂ,ਆਮ ਲੋਕਾਂ ਦੀ ਖਰੀਦ-ਸ਼ਕਤੀ ਦੀ ਕਮੀ ਹੈ।

ਬੁਲਾਰਿਆਂ ਨੇ ਕਿਹਾ ਕਿ ਇਹ ਅੰਕੜਾ ਸਾਡੇ ਲਈ ਇਸ ਲਈ ਮਹੱਤਵਪੂਰਨ ਹੈ ਕਿ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਬਾਅਦ ਕਾਰਪੋਰੇਟ ਘਰਾਣੇ ਇਸ ਭੁੱਖਮਰੀ ਨੂੰ ਆਪਣਾ ਮੁਨਾਫ਼ਾ ਵਧਾਉਣ ਲਈ ਵਰਤਣਗੇ  ਅਤੇ ਭੁੱਖਮਰੀ ਕਾਰਨ ਕਾਲ ਜਿਹੇ ਹਾਲਾਤ ਪੈਦਾ ਹੋ ਜਾਣਗੇ।  ਮਹਿੰਗਾਈ ਕਾਰਨ ਭੋਜਨ ਆਮ ਲੋਕਾਂ ਦੀ ਪਹੁੰਚ ਵਿੱਚ  ਨਹੀਂ ਰਹੇਗਾ। ਇਸ ਲਈ ਭੁੱਖਮਰੀ ਤੋਂ ਬਚਣ ਲਈ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਗੈਰ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ।
  ਅੱਜ ਫਰਵਾਹੀ ਪਿੰਡ ਦੀ ਸੰਗਤ ਨੇ ਲੰਗਰ ਦੀ ਸੇਵਾ ਨਿਭਾਈ।

Advertisement
Advertisement
Advertisement
Advertisement
Advertisement
error: Content is protected !!