ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਨੇ ਤਰੰਜੀ ਖੇੜਾ ਦੇ ਕਿਸਾਨਾਂ ਲਈ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਲਗਾਇਆ
ਹਰਪ੍ਰੀਤ ਬਬਲੀ ਸੰਗਰੂਰ , 9 ਅਕਤੂਬਰ 2021
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਦੇ ਸਹਿਯੋਗੀ ਨਿਰਦੇਸ਼ਕ ਡਾ. ਮਨਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਤਰੰਜੀ ਖੇੜਾ ਦੇ ਕਿਸਾਨਾਂ ਲਈ ਪਰਾਲੀ ਦੀ ਯੋਗ ਸਾਂਭ-ਸੰਭਾਲ ਸਬੰਧੀ ਪੰਜ ਦਿਨਾਂ ਦਾ ਸਿਖਲਾਈ ਕੋਰਸ ਕਰਵਾਇਆ ਗਿਆ।
ਡਾ. ਮਨਦੀਪ ਸਿੰਘ ਨੇ ਸਿਖਲਾਈ ਕੋਰਸ ਦਾ ਉਦਘਾਟਨ ਕਰਦੇ ਹੋਏ ਦੱਸਿਆ ਕਿ ਇਸ ਵਾਰ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਆਈ.ਸੀ.ਏ.ਆਰ. ਸਕੀਮ ਤਹਿਤ ਝੋਨੇ ਦੀ ਪਰਾਲੀ ਦੇ ਸੁੱਚਜੇ ਪ੍ਰਬੰਧਨ ਲਈ ਪਿੰਡ ਤਰੰਜੀ ਖੇੜਾ ਦੀ ਚੋਣ ਕੀਤੀ ਗਈ ਹੈ। ਉਹਨਾਂ ਦੱਸਿਆ ਕਿ 10 ਕੁਇੰਟਲ ਪਰਾਲੀ ਨੂੰ ਸਾੜਣ ਨਾਲ 400 ਕਿੱਲੋ ਜੈਵਿਕ ਕਾਰਬਨ, 5 ਕਿੱਲੋ ਨਾਈਟ੍ਰੋਜਨ, 3.2 ਕਿੱਲੋ ਫ਼ਾਸਫੋਰਸ, 25 ਕਿੱਲੋ ਪੋਟਾਸ਼ ਅਤੇ 1.2 ਕਿੱਲੋ ਸਲਫ਼ਰ ਤੱਤਾਂ ਦਾ ਨੁਕਸਾਨ ਹੁੰਦਾ ਹੈ ਅਤੇ ਮਿੱਟੀ ਵਿੱਚਲੇ ਸੂਖਮ ਜੀਵ ਵੀ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਖੇਤਾਂ ਦੀਆਂ ਵੱਟਾਂ ਦੇ ਆਲੇ-ਦੁਆਲੇ ਦੇ ਰੁੱਖਾਂ ਅਤੇ ਪੰਛੀਆਂ ਦੇ ਰਹਿਣ ਬਸੇਰੇ ਵੀ ਖਤਮ ਹੋ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵਾਤਾਵਰਣ ਦੂਸ਼ਿਤ ਹੋਣ ਦੇ ਨਾਲ ਅੱਖਾਂ ਵਿੱਚ ਜਲਣ, ਸਾਹ ਲੈਣ ਵਿੱਚ ਦਿੱਕਤ ਅਤੇ ਕਈ ਵਾਰ ਤਾਂ ਦੁਰਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਇਸ ਲਈ ਉਹਨਾਂ ਨੇ ਪਰਾਲੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸੁਝਾਈਆਂ ਤਕਨੀਕਾਂ ਅਪਣਾ ਕੇ ਖੇਤਾਂ ਵਿੱਚ ਹੀ ਸੰਭਾਲਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਦੀ ਆਬੋ-ਹਵਾ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਨਾਲ-ਨਾਲ ਜ਼ਮੀਨ ਦੀ ਜੈਵਿਕ ਸਿਹਤ ਨੂੰ ਹੋਰ ਸੁਧਾਰਿਆ ਜਾ ਸਕੇ।
ਡਾ. ਬੂਟਾ ਸਿੰਘ ਰੋਮਾਣਾ, ਮੁਖੀ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਕਿਸਾਨਾਂ ਪਰਾਲੀ ਦੀ ਸੰਭਾਲ ਵਿੱਚ ਪਿਛਲੇ ਸਾਲ ਦਰਪੇਸ਼ ਆਈਆਂ ਦਿੱਕਤਾਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਦੂਰ ਕਰਨ ਦੇ ਯੋਗ ਹੱਲ ਸੁਝਾਏ। ਡਾ. ਯਾਦਵਿੰਦਰ ਸਿੰਘ, ਵੈਟਨਰੀ ਅਫਸਰ, ਮੂਨਕ ਨੇ ਪਰਾਲੀ ਦੀ ਪਸ਼ੂਧਨ ਲਈ ਵਰਤੋਂ ਬਾਰੇ ਦੱਸਿਆ।
ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀ.) ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸਭਾਲ ਲਈ ਉਪਲਬਧ ਖੇਤੀ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਦੀ ਸਹੀ ਢੰਗ ਨਾਲ ਵਰਤੋਂ ਲਈ ਧਿਆਨ ਰੱਖਣਯੋਗ ਨੁਕਤੇ ਦੱਸੇ। ਓਹਨਾਂ ਨੇ ਕਿਸਾਨਾਂ ਨੂੰ ਮਸ਼ੀਨਰੀ ਦੀ ਵਰਤੋਂ ਦੇ ਸਮੇਂ ਆਉਣ ਵਾਲੀਆਂ ਦਿੱਕਤਾਂ ਅਤੇ ਓਹਨਾਂ ਦੇ ਹੱਲ ਬਾਰੇ ਵੀ ਦੱਸਿਆ। ਸ੍ਰੀ ਅਮਨ ਸ਼ਰਮਾ, ਜ਼ਿਲ੍ਹਾ ਮੈਨੇਜਰ, ਹਵਾ ਪ੍ਰਦੂਸ਼ਣ ਐਕਸ਼ਨ ਗਰੁੱਪ, ਸੰਗਰੂਰ ਨੇ ਕਿਸਾਨਾਂ ਨੂੰ ਆਈ ਖੇਤ ਐਪ ਦੀ ਸਿਖਲਾਈ ਦਿੱਤੀ ਅਤੇ ਐਪ ਨੂੰ ਉਹਨਾਂ ਦੇ ਮੋਬਾਇਲ ਫੋਨ ਵਿੱਚ ਡਾਊਨਲੋਡ ਕਰਵਾਇਆ।
ਡਾ. ਅਸ਼ੋਕ ਕੁਮਾਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਕਿਸਾਨਾਂ ਨੂੰ ਪਰਾਲੀ ਵਿੱਚ ਬੀਜੀ ਕਣਕ ਵਿੱਚ ਖਾਦਾਂ ਦੀ ਵਰਤੋਂ ਅਤੇ ਕਣਕ ਵਿੱਚ ਜੈਵਿਕ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਡਾ. ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਬਾਗ਼ਬਾਨੀ) ਨੇ ਕਿਸਾਨਾਂ ਨੂੰ ਸਬਜੀਆਂ ਵਿੱਚ ਪਰਾਲੀ ਦੀ ਮਲਚ ਦੇ ਤੌਰ ਤੇ ਵਰਤੋਂ ,ਤੇ ਖੁੰਬ ਉਤਪਾਦਨ ਲਈ ਇਸ ਦੀ ਵਰਤੋਂ ਕਰਨ ਲਈ ਦੱਸਿਆ। ਡਾ. ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪਲਾਂਟ ਪਥੋਲੋਜੀ) ਨੇ ਕਿਸਾਨਾਂ ਨੂੰ ਪਰਾਲੀ ਵਿੱਚ ਬੀਜੀ ਕਣਕ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ।
ਡਾ. ਦਮਨਪ੍ਰੀਤ ਸਿੰਘ, ਖੇਤੀਬਾੜੀ ਅਫਸਰ, ਸੁਨਾਮ ਨੇ ਪਰਾਲੀ ਦੀ ਸੰਭਾਲ ਲਈ ਸਬਸਿਡੀ ਸਕੀਮਾਂ ਬਾਰੇ ਦੱਸਿਆ। ਟ੍ਰੇਨਿੰਗ ਦੌਰਾਨ ਕਿਸਾਨਾਂ ਨੂੰ ਬੇਲਰ ਨਾਲ ਪਰਾਲੀ ਦੀਆਂ ਗੰਢਾਂ ਬਣਾਉਣ ਦੀ ਪ੍ਰਕਿਰਿਆ ਦਿਖਾਉਣ ਲਈ ਪਿੰਡ ਦੁਗਾਲ ਦਾ ਦੌਰਾ ਕਰਵਾਇਆ ਗਿਆ। ਟ੍ਰੇਨਿੰਗ ਦੇ ਅਖੀਰ ਵਿੱਚ ਸਾਰਿਆਂ ਨੂੰ ਪਰਾਲੀ ਦੀ ਸੰਭਾਲ ਨਾਲ ਸੰਬੰਧਿਤ ਖੇਤੀ ਸਾਹਿਤ ਵੰਡਿਆ ਗਿਆ।
Advertisement