ਸਨਾਵਰ ਨੇ ਕਿਹਾ ਆਰ.ਪੀ. ਅਰੋੜਾ ਤੇ ਉਹਦੇ ਸਾਥੀਆਂ ਤੋਂ ਮੇਰੀ ਨੂੰ ਜਾਨ ਖਤਰਾ, ਕਿਸੇ ਉਚ ਅਧਿਕਾਰੀ ਤੋਂ ਕਰਵਾਈ ਜਾਵੇ ਮਾਮਲੇ ਦੀ ਜਾਂਚ
ਰਿਚਾ ਨਾਗਪਾਲ , ਪਟਿਆਲਾ, 9 ਅਕਤੂਬਰ 2021
ਸ਼ਹਿਰ ਦੇ ਅਨਾਰਦਾਨਾ ਚੌਂਕ ਟੈਂਕੀ ਵਾਲਾ ਪਾਰਕ ਵਿਖੇ ਚਾਲੂ ਸਾਲ ਦੀ 9 ਜਨਵਰੀ ਨੂੰ ਸ਼ਾਮ ਸਮੇਂ ਹੋਏ ਮਜੀਦ ਮੁਹੰਮਦ ਉਰਫ ਪਿੰਟਾ ਦੇ ਕਤਲ ਕੇਸ ਵਿੱਚ ਹੁਣ ਉਸ ਦੀ ਪਤਨੀ ਸਨਾਵਰ ਅਤੇ ਹੋਰ ਪਰਿਵਾਰਿਕ ਮੈਂਬਰਾ ਨੇ ਐਸ.ਐਸ.ਪੀ. ਡਾ .ਸੰਦੀਪ ਗਰਗ ਕੋਲ ਪੇਸ਼ ਹੋ ਕੇ ਦੋਸ਼ ਲਾਇਆ ਕਿ ਉਸ ਦੇ ਪਤੀ ਦਾ ਕਤਲ ਆਰ.ਪੀ. ਅਰੋੜਾ ਦੇ ਕਹਿਣ ’ਤੇ ਹੀ ਕੀਤਾ ਗਿਆ ਸੀ। ਇਸ ਲਈ ਉਸ ਨੂੰ ਵੀ ਇਸ ਕਤਲ ਕੇਸ ਵਿੱਚ ਨਾਮਜਦ ਕੀਤਾ ਜਾਵੇ । ਸਨਾਵਰ ਦੀ ਮੰਗ ’ਤੇ ਐਸ.ਐਸ.ਪੀ. ਨੇ ਇਸ ਮਾਮਲੇ ਦੀ ਜਾਂਚ ਹੁਣ ਡੀ.ਐਸ.ਪੀ ਸਿਟੀ-1 ਨੂੰ ਸੌਂਪ ਦਿੱਤੀ ਹੈ। ਸਨਾਵਰ ਨੇ ਅੱਜ ਮੀਡੀਆ ਦੇ ਰੂ ਬ ਰੂ ਹੁੰਦਿਆਂ ਦੱਸਿਆ ਕਿ ਉਸ ਦੇ ਪਤੀ ਦਾ ਕਤਲ 9 ਜਨਵਰੀ 2021 ਨੂੰ ਕੀਤਾ ਗਿਆ ਸੀ । ਜਿਸ ਵਿਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਅਸਦ, ਸਮੀਰ, ਰਾਜਾ, ਇਮਰਾਨ ਉਰਫ ਮੋਨੂੰ ਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਸੀ। ਪਰੰਤੂ ਆਰ.ਪੀ. ਅਰੋੜਾ ਨੂੰ ਛੱਡ ਦਿੱਤਾ ਗਿਆ ਸੀ। ਜਦੋਂ ਕਿ ਮਜੀਦ ਦਾ ਕਤਲ ਕਥਿਤ ਤੌਰ ਤੇ ਆਰ.ਪੀ. ਅਰੋੜਾ ਦੇ ਇਸ਼ਾਰੇ ’ਤੇ ਹੀ ਕੀਤਾ ਗਿਆ ਸੀ।
ਸਨਾਵਰ ਨੇ ਦੱਸਿਆ ਕਿ ਇੰਨਾ ਹੀ ਨਹੀਂ ਹੁਣ ਆਰ.ਪੀ. ਅਰੋੜਾ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਉਨ੍ਹਾਂ ਨੂੰ ਧਮਕਾ ਰਿਹਾ ਹੈ ਕਿ ਉਹ ਕੇਸ ਵਾਪਸ ਲੈ ਲੈਣ ਨਹੀਂ ਤਾਂ ਉਹ ਉਸ ਨੂੰ ਅਤੇ ਉਸ ਦੇ ਦੋਨਾ ਬੱਚਿਆਂ ਨੂੰ ਵੀ ਮਾਰ ਦੇਵੇਗਾ। ਇਹ ਘਟਨਾ 1 ਅਕਤੂਬਰ 2021 ਦੀ ਹੈ ਅਤੇ ਇਸ ਮਾਮਲੇ ਵਿਚ ਉਸ ਨੇ ਥਾਣਾ ਕੋਤਵਾਲੀ ਨੂੰ ਸ਼ਿਕਾਇਤ ਵੀ ਦਿੱਤੀ ਸੀ। ਪਰ ਉਸ ‘ਤੇ ਵੀ ਆਰ.ਪੀ. ਅਰੋੜਾ ਨੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ। ਸਨਾਵਰ ਨੇ ਕਿਹਾ ਕਿ ਉਸ ਦੇ ਪਤੀ ਦੇ ਕਤਲ ਤੋਂ ਪਹਿਲਾਂ 16-12-2020 ਨੂੰ ਆਰ.ਪੀ ਅਰੋੜਾ ਆਪਣੇ ਸਾਥੀਆਂ ਸਮੇਤ ਮੇਰੇ ਪਤੀ ਅਤੇ ਮੇਰੇ ਪਰਿਵਾਰ ਨੂੰ ਜਾਨੋ ਮਾਰਨ ਦੀ ਨੀਯਤ ਨਾਲ ਮੇਰੇ ਘਰ ਵਿਚ ਦਾਖਲ ਹੋਇਆ ਸੀ ਅਤੇ ਮੇਰੇ ਘਰ ਦੀ ਭੰਨ ਤੋੜ ਕੀਤੀ ਸੀ, ਪਰ ਅਸੀਂ ਗਰੀਬ ਹੋਣ ਕਰਕੇ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਇਸ ਦੀ ਜਾਂਚ ਦੇ ਲਈ ਆਰ.ਪੀ. ਅਰੋੜਾ ਅਤੇ ਉਸ ਦੀ ਪਤਨੀ ਦੇ ਮੋਬਾਇਲ ਦੀ ਫੋਨ ਲੋਕੇਸ਼ਨ ਤੇ ਕਾਲ ਡਿਟੇਲ ਕਢਵਾਈ ਜਾਵੇ। ਸਨਾਵਰ ਨੇ ਕਿਹਾ ਕਿ ਆਰ.ਪੀ.ਅਰੋੜਾ ਇੱਕ ਪੇਸ਼ੇਵਰ ਅਪਰਾਧੀ ਕਿਸਮ ਦਾ ਵਿਅਕਤੀ ਹੈ, ਜਿਸ ਦੇ ਖਿਲਾਫ ਦੜਾ ਸੱਟਾ, ਜੂਆ, ਨਸ਼ਾ ਵੇਚਣ ਅਤੇ ਮੈਚ ਫਿਕਸਿੰਗ ਵਰਗੇ ਮਾਮਲਿਆ ਵਿੱਚ ਵੱਖ ਵੱਖ ਸ਼ਹਿਰਾਂ ਦੇ ਥਾਣਿਆਂ ‘ਚ ਕੇਸ ਦਰਜ ਹਨ। ਸਨਾਵਰ ਨੇ ਕਿਹਾ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ ਅਤੇ ਜੇਕਰ ਉਸ ਨੂੰ ਜਾਂ ਉਸ ਦੇ ਪਰਿਵਾਰ ਨੂੰ ਕੁਝ ਵੀ ਹੁੰਦਾ ਹੈ ਤਾਂ ਉਸ ਦੇ ਲਈ ਆਰ.ਪੀ. ਅਰੋੜਾ ਹੀ ਜਿੰਮੇਵਾਰ ਹੋਵੇਗਾ।