ਰਾਜ ਪੱਧਰੀ ਮੁਕਾਬਲੇ ਵਿੱਚ ਕਰਮਜੀਤ ਗਰੇਵਾਲ ਦੀਆਂ ਖੋਜਾਂ ਸਨਮਾਨਿਤ
ਪੰਜਾਬ ਵਿੱਚ ਦੋ ਵਿਸ਼ਿਆਂ ਵਿੱਚੋਂ ਇਨਾਮ ਪ੍ਰਾਪਤ ਕਰਨ ਵਾਲ਼ਾ ਪਹਿਲਾ ਅਧਿਆਪਕ
ਦਵਿੰਦਰ ਡੀ ਕੇ,ਲੁਧਿਆਣਾ ਸਤੰਬਰ 2021
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕ ਪਰਵ 2021 ਪ੍ਰੋਗਰਾਮ ਕਰਵਾਇਆ ਗਿਆ।ਇਸ ਵਿੱਚ ਅਧਿਆਪਕਾਂ ਵੱਲੋਂ ਸਿੱਖਣ ਸਿਖਾਉਣ ਪ੍ਰਕਿਰਿਆ ਨਾਲ਼ ਸਬੰਧਿਤ ਬਣਾਈਆਂ ਗਈਆਂ ਨਵੀਨਤਮ ਤੇ ਵਿਲੱਖਣ ਖੋਜਾਂ ਦੀਆਂ ਪੇਸ਼ਕਾਰੀਆਂ ਹੋਈਆਂ।ਸਕੂਲ, ਬਲਾਕ ਅਤੇ ਜਿਲ੍ਹਾ ਪੱਧਰ ਦੇ ਜੇਤੂ ਅਧਿਆਪਕ ਵਿਭਾਗ ਵੱਲੋਂ ਰਾਜ ਪੱਧਰੀ ਮੁਕਾਬਲੇ ਲਈ ਭੇਜੇ ਗਏ।
ਰਾਜ ਪੱਧਰੀ ਮੁਕਾਬਲੇ ਵਿੱਚ ਹਰੇਕ ਅਧਿਆਪਕ ਨੇ ਤਿੰਨ ਮਾਹਿਰ ਜੱਜ ਸਾਹਿਬਾਨ ਸਾਹਮਣੇ ਆਪਣੀਆਂ ਖੋਜਾਂ ਦਾ ਪ੍ਰਦਰਸ਼ਨ ਕੀਤਾ।ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਲੁਧਿਆਣਾ ਦੇ ਪੰਜਾਬੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ (ਸਟੇਟ/ਨੈਸ਼ਨਲ ਅਵਾਰਡੀ) ਨੇ ਦੋ ਵਿਸ਼ਿਆਂ ਪੰਜਾਬੀ ਅਤੇ ਸਵਾਗਤ ਜ਼ਿੰਦਗੀ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ।ਉਹਨਾਂ ਦੀਆਂ ਦੋਵਾਂ ਵਿਧੀਆਂ ਨੂੰ ਰਾਜ ਪੱਧਰੀ ਮੁਕਾਬਲਿਆਂ ਵਿੱਚ ਦੂਜੇ ਸਥਾਨ ਲਈ ਚੁਣਿਆ ਗਿਆ।
ਪੰਜਾਬ ਵਿੱਚ ਦੋ ਵਿਸ਼ਿਆਂ ਵਿੱਚੋਂ ਇਨਾਮ ਪ੍ਰਾਪਤ ਕਰਨ ਵਾਲ਼ੇ ਉਹ ਪਹਿਲੇ ਅਧਿਆਪਕ ਬਣ ਗਏ।ਲੁਧਿਆਣਾ ਜਿਲ੍ਹੇ ਲਈ ਅਤੇ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਲਈ ਇਹ ਮਾਣ ਮੱਤੀ ਪ੍ਰਾਪਤੀ ਹੈ।ਇਸ ਅਧਿਆਪਕ ਨੇ ਵਿਦਿਆਰਥੀਆਂ ਲਈ ਸਿੱਖਣ-ਸਿਖਾਉਣ ਨੂੰ ਸੁਖਾਲ਼ਾ ਬਣਾਉਣ ਲਈ 270 ਵੀਡੀਓ ਬਣਾਏ ਹਨ ਅਤੇ 10 ਪੁਸਤਕਾਂ ਵੀ ਲਿਖੀਆਂ ਹਨ।
ਦੂਰਦਰਸ਼ਨ ਕੇਂਦਰ ਜਲੰਧਰ ਅਤੇ ਐਜੂਸੈੱਟ ਤੇ ਵੀ ਵਿਦਿਆਰਥੀ ਇਨ੍ਹਾਂ ਵਿਧੀਆਂ ਨਾਲ਼ ਪੜ੍ਹਦੇ ਹਨ।ਉਹਨਾਂ ਦੇ ਗਾਏ ਗੀਤਾਂ ਤੇ ਲਿਖੀਆਂ ਪੁਸਤਕਾਂ ਨੂੰ ਕਈ ਅੰਤਰਰਾਸ਼ਟਰੀ ਇਨਾਮ ਵੀ ਮਿਲੇ ਹਨ।ਇਸ ਪ੍ਰਾਪਤੀ ਲਈ ਉਹਨਾਂ ਸ.ਲਖਵੀਰ ਸਿੰਘ ਸਮਰਾ ਮਾਣਯੋਗ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਲੁਧਿਆਣਾ, ਡੀ.ਐੱਮ ਸਾਹਿਬਾਨ, ਬੀ.ਐੱਮ ਸਾਹਿਬਾਨ, ਸਰਕਾਰੀ ਹਾਈ ਸਕੂਲ਼ ਖੇੜੀ-ਝਮੇੜੀ ਦੇ ਮੁੱਖ ਅਧਿਆਪਕ ਸ੍ਰੀ ਵਿਵੇਕ ਮੋਂਗਾ , ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਭਰਪੂਰ ਸਹਿਯੋਗ ਸਦਕਾ ਇਹ ਮਾਣ ਪ੍ਰਾਪਤ ਹੋਇਆ ।
Advertisement