9 ਵੀਂ ਫੇਲ , 10 ਵੀਂ ,12 ਵੀੰ, ਫਾਰਮੇਸੀ, ਬੀ.ਏ. ਪਾਸ ਤੇ ਹੋਟਲ ਮੈਨੇਜਮੈਂਟ ਅਕਾਊਂਟਸ ਦੀ ਪੜ੍ਹਾਈ ਕਾਰਨ ਰਹੇ ਨੌਜਵਾਨਾਂ ਨੇ ਬਣਾਇਆ ਰਾਸ਼ਟਰੀ ਪੱਧਰ ਦਾ ਗੈਂਗ
ਪਟਿਆਲਾ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਬਰਾਮਦ, 5 ਗ੍ਰਿਫ਼ਤਾਰ-ਐਸ.ਐਸ.ਪੀ. ਡਾ. ਸੰਦੀਪ ਗਰਗ
ਪਰਦੀਪ ਕਸਬਾ , ਪਟਿਆਲਾ, 2 ਸਤੰਬਰ 2021
ਜਦੋਂ ਦੇਸ਼ ਦੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਗਲਤ ਰਸਤੇ ਤੁਰ ਪਵੇ ਤਾਂ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਦੇਸ਼ ਕਿਸ ਪਾਸੇ ਵੱਲ ਨੂੰ ਜਾਵੇਗਾ। ਅਜਿਹਾ ਹੀ ਇਕ ਨੌਜੁਆਨਾਂ ਦਾ ਗੈਂਗ ਪਟਿਆਲਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ । ਇਸ ਗੈਂਗ ਵਿਚ ਨੌਵੀਂ ਫੇਲ੍ਹ , ਦਸਵੀਂ ਪਾਸ ,ਬਾਰ੍ਹਵੀਂ ਪਾਸ, ਬੀ ਏ ਪਾਸ ਅਤੇ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਹੇ ਨੌਜਵਾਨ ਸ਼ਾਮਲ ਹਨ ।
ਪਟਿਆਲਾ ਪੁਲਿਸ ਨੇ ਪੰਜਾਬ ਦੇ ਸਰਹੱਦੀ ਖੇਤਰ ‘ਚ ਸਪਲਾਈ ਕਰਨ ਲਈ ਲਿਆਂਦੀਆਂ ਜਾ ਰਹੀਆਂ 2 ਲੱਖ 37 ਹਜ਼ਾਰ (ਟਰਾਮਾਡੋਲ) ਨਸ਼ੀਲੀਆਂ ਗੋਲੀਆਂ, 76800 ਨਸ਼ੀਲੇ ਕੈਪਸੂਲ ਅਤੇ 4000 ਨਸ਼ੀਲੇ ਟੀਕੇ (ਪੈਂਟਾਜੋਨਿਕਾ) ਬ੍ਰਾਮਦ ਕਰਕੇ ਨਸ਼ਿਆਂ ਦੇ ਕਾਲੇ ਕਾਰੋਬਾਰ ‘ਚ ਲੱਗੇ 5 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪ੍ਰਗਟਾਵਾ ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਪਾੜ੍ਹਿਆਂ ਨੇ ਬਣਾਇਆ ਨਸ਼ੀਲੀਆਂ ਗੋਲੀਆਂ ਵੇਚਣ ਵਾਲਾ ਗੈਂਗ , ਬਰਾਮਦ ਕੀਤੀਆਂ ਲੱਖਾਂ ਨਸ਼ੀਲੀਆਂ ਗੋਲੀਆਂ ਅਤੇ ਟੀਕੇ
ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ‘ਚੋਂ 3 ਜਣੇ ਯੂ.ਪੀ. ‘ਚ ਨਸ਼ੀਲੀਆਂ ਗੋਲੀਆਂ ਦਾ ਧੰਦਾ ਕਾਫ਼ੀ ਲੰਮੇ ਸਮੇਂ ਤੋਂ ਚਲਾ ਰਹੇ ਸਨ। ਡਾ. ਗਰਗ ਨੇ ਨਸ਼ਿਆਂ ਦੇ ਕਾਲੇ ਕਾਰੋਬਾਰ ‘ਚ ਲੱਗੇ ਵਿਅਕਤੀਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਉਹ ਅਜਿਹਾ ਕਾਰੋਬਾਰ ਬੰਦ ਕਰ ਦੇਣ ਕਿਉਂਕਿ ਪਟਿਆਲਾ ਪੁਲਿਸ ਪੰਜਾਬ ਸਰਕਾਰ ਦੀ ‘ਜ਼ੀਰੋ ਟਾਲਰੈਂਸ ਨੀਤੀ’ ਦੀ ‘ਤੇ ਚਲਦਿਆਂ ਨਸ਼ਾ ਤਸਕਰਾਂ ਨਾਲ ਕਰਾਰੇ ਹੱਥੀਂ ਸਿੱਝੇਗੀ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਹੀ ਰਾਜਪੁਰਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਦੀ ਇਹ ਵੱਡੀ ਖੇਪ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਐਸ.ਪੀ. ਜਾਂਚ ਡਾ. ਮਹਿਤਾਬ ਸਿੰਘ, ਡੀ.ਐਸ.ਪੀ. ਰਾਜਪੁਰਾ ਗੁਰਬੰਸ ਸਿੰਘ ਬੈਂਸ ਦੀ ਨਿਗਰਾਨੀ ਹੇਠ 28 ਅਗਸਤ 2021 ਨੂੰ ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ 2 ਜਣਿਆਂ, 26 ਸਾਲਾ 12ਵੀਂ ਪਾਸ ਟਰੱਕ ਡਰਾਇਵਰ, ਸਰਵਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਆਸ਼ਿਕੇ ਥਾਣਾ ਮੱਲਵਾਲਾ ਜਿਲਾ ਫਿਰੋਜਪੁਰ ਅਤੇ 23 ਸਾਲਾ 9ਵੀਂ ਫੇਲ ਟਰੱਕ ‘ਤੇ ਕਲੀਨਰ ਤੇ ਡਰਾਇਵਰ, ਗੁਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਬਲੇਰ ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ ਨੂੰ ਕਾਬੂ ਕੀਤਾ ਗਿਆ ਸੀ, ਇਨ੍ਹਾਂ ਕੋਲੋਂ, ਟਰਾਮਾਡੋਲ, ਜੋ ਕਿ ਐਨ.ਡੀ.ਪੀ.ਐਸ. ਐਕਟ ਮੁਤਾਬਕ, ਡਾਕਟਰ ਦੀ ਲਿਖਤੀ ਪਰਚੀ ਤੋਂ ਬਗ਼ੈਰ ਨਹੀਂ ਵਰਤੀ ਜਾ ਸਕਦੀ, ਦੀਆਂ 22000 ਨਸ਼ੀਲੀਆਂ ਬਰਾਮਦ ਹੋਈਆਂ ਸਨ।ਇਨ੍ਹਾਂ ਵਿਰੁੱਧ ਮੁਕੱਦਮਾ ਨੰਬਰ 109 ਮਿਤੀ 28/08/2021 ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 22,61, 85 ਤਹਿਤ ਥਾਣਾ ਰਾਜਪੁਰਾ ਵਿਖੇ ਦਰਜ ਕੀਤਾ ਗਿਆ ਸੀ।
ਨਸ਼ੀਲੀਆਂ ਗੋਲੀਆਂ ਦੇ ਕਾਲੇ ਧੰਦੇ ਨੂੰ ਯੂ.ਪੀ. ‘ਚ ਲੰਮੇ ਸਮੇਂ ਤੋਂ ਚਲਾ ਰਹੇ ਸਨ
ਐਸ.ਐਸ.ਪੀ. ਨੇ ਡਾ. ਗਰਗ ਨੇ ਅੱਗੇ ਦੱਸਿਆ ਕਿ ਇਸ ਮੁਕੱਦਮੇ ਦੀ ਵੱਡੀ ਖੇਪ ਦੇ ਧੁਰੇ ਦੀ ਡੁੰਘਾਈ ਨਾਲ ਪੜਤਾਲ ਕਰਦਿਆਂ ਥਾਣਾ ਸਦਰ ਰਾਜਪੁਰਾ ਦੇ ਐਸ.ਐਚ.ਓ. ਤੇ ਬਸੰਤਪੁਰਾ ਚੌਂਕੀ ਦੇ ਐਸ.ਐਚ.ਓ. ਏ.ਐਸ.ਆਈ. ਗੁਰਵਿੰਦਰ ਸਿੰਘ ਗੁਰਾਇਆ ਨੇ ਉਚ ਅਧਿਕਾਰੀਆਂ ਦੀ ਅਗਵਾਈ ਹੇਠ ਇਨ੍ਹਾਂ ਮੁਲਜਮਾਂ ਦੀਆਂ ਕੜੀਆਂ ਨੂੰ ਲੱਭਦਿਆਂ ਤਿੰਨ ਹੋਰ ਅਜਿਹੇ ਵਿਅਕਤੀ ਕਾਬੂ ਕੀਤੇ, ਜਿਹੜੇ ਕਿ ਇਨ੍ਹਾਂ ਨਸ਼ੀਲੀਆਂ ਗੋਲੀਆਂ ਦੇ ਕਾਲੇ ਧੰਦੇ ਨੂੰ ਯੂ.ਪੀ. ‘ਚ ਲੰਮੇ ਸਮੇਂ ਤੋਂ ਚਲਾ ਰਹੇ ਸਨ। ਇਨ੍ਹਾਂ ‘ਚੋਂ ਇੱਕ ਸਾਢੇ 18 ਸਾਲਾ ਤੇ ਫਾਰਮੇਸੀ ਦੀ ਪੜਾਈ ਅਤੇ ਦਵਾਈਆਂ ਦਾ ਕੰਮ ਕਰਨ ਵਾਲੇ ਰਾਜਵਿਕਰਮ ਸਿੰਘ ਪੁੱਤਰ ਅਵਿਨਾਸ਼ ਸਿੰਘ ਵਾਸੀ ਪਿੰਡ ਬੰਥਰਾਂ ਥਾਣਾ ਤਿਲਹਰ ਜਿਲਾ ਸ਼ਾਹਜਹਾਨਪੁਰ (ਯੂ.ਪੀ) ਨੂੰ ਇਸ ਮੁਕੱਦਮੇ ਵਿੱਚ ਨਾਮਜਦ ਕੀਤਾ ਗਿਆ।
ਐਸ.ਐਸ.ਪੀ. ਨੇ ਦੱਸਿਆ ਇਸ ਨੂੰ ਕਾਬੂ ਕਰਨ ਲਈ ਪੁਲਿਸ ਨੇ ਆਪਣੀਆਂ ਦੋ ਟੀਮਾਂ ਤਿਆਰ ਕਰਕੇ ਜਿਲ੍ਹਾ ਸ਼ਾਹਜਹਾਂਪੁਰ (ਯੂ.ਪੀ) ਭੇਜੀਆਂ, ਜਿੱਥੇ ਰਾਜਵਿਕਰਮ ਸਿੰਘ ਨੂੰ ਉਸ ਦੇ ਹੋਰ ਸਾਥੀਆਂ ਸਮੇਤ, ਜਿੰਨ੍ਹਾਂ ਵਿੱਚ 20 ਸਾਲਾ 10ਵੀਂ ਪਾਸ ਤੇ ਮੈਡੀਕਲ ਏਜੰਸੀ ‘ਚ ਕੰਮ ਕਰਦੇ, ਸ਼ਰਦ ਅਵਸਥੀ ਪੁੱਤਰ ਅਸ਼ੀਸ਼ ਅਵਸਥੀ ਵਾਸੀ ਮੁਹੱਲਾ ਰੇਤੀ ਥਾਣਾ ਆਰਸੀ ਮਿਸ਼ਨ ਜਿਲਾ ਸ਼ਾਹਜਹਾਨਪੁਰ (ਯੂ.ਪੀ) ਅਤੇ ਗੋਦਾਮ ਦੇ ਮਾਲਕ 25 ਸਾਲਾ ਬੀ.ਏ. ਪਾਸ ਤੇ ਹੋਟਲ ਮੈਨੇਜਮੈਂਟ ਅਕਾਊਂਟਸ ਦੀ ਪੜ੍ਹਾਈ ਕਰ ਰਹੇ ਰਜਤ ਗੋਗੀਆਂ ਪੁੱਤਰ ਪ੍ਰਦੀਪ ਕੁਮਾਰ ਵਾਸੀ ਮਕਾਨ ਨੰਬਰ 27 ਕ੍ਰਿਸ਼ਨਾ ਨਗਰ ਕਲੋਨੀ ਥਾਣਾ ਸਦਰ ਬਹਾਰ ਜਿਲਾ ਸ਼ਾਹਜਹਾਨਪੁਰ (ਯੂ.ਪੀ) ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਦੇ ਕਬਜਾ ਵਿੱਚੋਂ 2 ਲੱਖ 15 ਹਜ਼ਾਰ ਟਰਾਮਾਡੋਲ ਨਸ਼ੀਲੀਆਂ ਗੋਲੀਆਂ 76800 ਨਸ਼ੀਲੇ ਕੈਪਸੂਲ ਟਰਾਮਾਡੋਲ ਤੇ 4,000 ਨਸ਼ੀਲੇ ਟੀਕੇ ਪੈਂਟਾਜੋਨਿਕਾ ਬ੍ਰਾਮਦ ਕੀਤੇ ਗਏ।
ਅਦਾਲਤ ਵਿੱਚ ਪੇਸ਼ ਕਰਕੇ 7 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ
ਡਾ. ਸੰਦੀਪ ਗਰਗ ਨੇ ਦੱਸਿਆ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 7 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਨੇ ਹੋਰ ਦੱਸਿਆ ਕਿ ਯੂ.ਪੀ. ਦੇ ਮੁਲਜਮ ਕਾਫੀ ਲੰਮੇ ਸਮੇਂ ਤੋਂ ਨਸ਼ੀਲੀਆਂ ਗੋਲੀਆਂ ਦਾ ਧੰਦਾ ਚਲਾ ਰਹੇ ਸਨ ਅਤੇ ਇਹ ਯੂ.ਪੀ. ਦੇ ਵੱਡੇ ਮਗਰਮੱਛ ਸਨ ਜਦੋਂਕਿ ਪੰਜਾਬ ਦੇ ਇਨ੍ਹਾਂ ਦੋਵਾਂ ਵਿਅਕਤੀਆਂ ਨੇ ਇਹ ਕਾਰੋਬਾਰ ਕੁਝ ਸਮੇਂ ਤੋਂ ਹੀ ਸ਼ੁਰੂ ਕੀਤਾ ਸੀ ਅਤੇ ਇਹ ਪੰਜਾਬ ਦੇ ਸਰਹੱਦੀ ਖੇਤਰ ‘ਚ ਆਪਣਾ ਕਾਲਾ ਕਾਰੋਬਾਰ ਚਲਾ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ