ਸਿਹਤ ਵਿਭਾਗ ਵੱਲੋਂ ਰਾਸ਼ਟਰੀ ਨੇਤਰਦਾਨ ਪੰਦਰਵਾੜੇ ਦੀ ਸ਼ੁਰੂਆਤ
*ਨੇਤਰਦਾਨ ਨਾਲ ਹਨੇਰੀਆਂ ਜ਼ਿੰਦਗੀਆਂ ਨੂੰ ਰੌਸ਼ਨੀ
ਦਿੱਤੀ ਜਾ ਸਕਦੀ ਹੈ- ਡਾ. ਅੰਜਨਾ ਗੁਪਤਾ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 26 ਅਗਸਤ 2021
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਚ ਅੰਨ੍ਹੇਪਣ ਅਤੇ ਅੱਖਾਂ ਦੇ ਰੋਗਾਂ ਨੂੰ ਠੱਲ ਪਾਊਣ ਲਈ ਜਿਲ੍ਹੇ ਅੰਦਰ 25 ਅਗਸਤ ਤੋਂ 8 ਸਤੰਬਰ ਤੱਕ ਰਾਸ਼ਟਰੀ ਨੇਤਰਦਾਨ ਪੰਦਰਵਾੜੇ ਦਾ ਆਗਾਜ਼ ਸਿਵਲ ਸਰਜਨ ਡਾ.ਅੰਜਨਾ ਗੁਪਤਾ ਵੱਲੋਂ ਕੀਤਾ ਗਿਆ । ਸਿਵਲ ਹਸਪਤਾਲ ਵਿਖੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਨੇਤਰਦਾਨ ਇਕ ਮਹਾਂਦਾਨ ਹੈ ਜਿਸ ਨਾਲ ਹਨੇਰੇ ਵਿਚ ਰਹਿ ਰਹੇ ਨੇਤਰਹੀਨ ਮਨੁੱਖ ਨੂੰ ਰੋਸ਼ਨੀ ਦਿੱਤੀ ਜਾ ਸਕਦੀ ਹੈ। ਉਨ੍ਹਾ ਅਫਸੋਸ ਜਾਹਿਰ ਕੀਤਾ ਕਿ ਸਾਡੇ ਸਮਾਜ ਵਿਚ ਅੰਗਦਾਨ ਕਰਨ ਦਾ ਰੁਝਾਨ ਨਾ ਮਾਤਰ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਇੱਕ ਵੱਡੇ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ ਜੋ ਸਮਾਜ ਨੂੰ ਅੰਗ ਦਾਨ ਕਰਨ ਪ੍ਰਤੀ ਜਾਗਰੂਕ ਕਰੇ।
ਡਾ. ਸੰਜੇ ਮਾਥੁਰ ਐੱਸ ਐਮ ਓ ਆਈ ਮੁਬਾਇਲ ਨੇ ਲੋਕਾਂ ਨੂੰ ਨੇਤਰ ਦਾਨ ਕਰਨ ਦੀ ਪ੍ਰੇਰਨਾ ਦਿਤੀ। ਅੱਖਾਂ ਦੇ ਮਾਹਿਰ ਡਾ. ਨਿਧੀ ਨੇ ਕਿਹਾ ਕਿ ਅੱਖਾਂ ਦਾ ਦਾਨ ਕਰਨ ਦੀ ਪ੍ਰਕਿਰਿਆ ਬਹੁਤ ਆਸਾਨ ਹੈ , ਜਿਸ ਵਿਚ ਨੇਤਰਦਾਨੀ ਨੇ ਇੱਕ ਫਾਰਮ ਭਰਨਾ ਹੁੰਦਾ ਹੈ ਜਿਸ ਉਪਰ ਕਾਰਵਾਈ ਕਰਦੇ ਹੋਏ ਸਿਹਤ ਮਹਿਕਮੇ ਵੱਲੋਂ ਇਕ ਡੋਨਰ ਕਾਰਡ ਨੇਤਰਦਾਨੀ ਨੂੰ ਦਿਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਥੇ ਇਹ ਧਿਆਨ ਦੇਣ ਯੋਗ ਹੈ ਕਿ ਇਸੇ ਡੋਨਰ ਕਾਰਡ ਤੇ ਇੱਕ ਸੰਪਰਕ ਨੰਬਰ ਦਿਤਾ ਹੁੰਦਾ ਹੈ ਅਤੇ ਨੇਤਰਦਾਨੀ ਦੀ ਮੌਤ ਤੋਂ ਬਾਅਦ ਰਿਸਤੇਦਾਰਾਂ ਜਾਂ ਸਬੰਧੀਆਂ ਦੁਆਰਾ ਦਿਤੇ ਗਏ ਸੰਪਰਕ ਨੰਬਰ ਤੇ ਫੋਨ ਕਰਨਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਚਾਰ ਘੰਟੇ ਦੇ ਅੰਦਰ ਅੰਦਰ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਅੱਖਾਂ ਲ਼ੈ ਲਈਆਂ ਜਾਂਦੀਆਂ ਹਨ।
ਇਸ ਮੌਕੇ ਡਾ. ਐਸ. ਜੇ. ਸਿੰਘ ਜਿਲ੍ਹਾ ਸਿਹਤ ਅਫਸਰ, ਡਾ.ਇੰਦਰਜੀਤ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫਸਰ, ਸ੍ਰੀ ਲਖਵਿੰਦਰ ਸਿੰਘ ਵਿਰਕ ਅਤੇ ਸ੍ਰੀਮਤੀ ਸਰੋਜ ਰਾਣੀ ਦੋਨੋ ਡਿਪਟੀ ਮਾਸ ਮੀਡੀਆ ਅਫਸਰ, ਸ੍ਰੀਮਤੀ ਲਵਲੀਨ ਕੌਰ ਅਪਥਾਲਮਿਕ ਅਫਸਰ ਅਤੇ ਸੁਮਨਦੀਪ ਕੌਰ ਕੰਪਿਊਟਰ ਅਪਰੇਟਰ ਹਾਜ਼ਰ ਸਨ।