ਬੀਕੇਯੂ ਏਕਤਾ ਡਕੌਂਦਾ ਬਲਾਕ ਬਰਨਾਲਾ ਵੱਲੋਂ ਠੀਕਰੀਵਾਲ, ਸੰਘੇੜਾ, ਕਰਮਗੜ੍ਹ ਵਿਖੇ ਮੀਟਿੰਗਾਂ/ਨੁੱਕੜ ਨਾਟਕ
ਪਰਦੀਪ ਕਸਬਾ , ਬਰਨਾਲਾ, 5 ਅਗਸਤ , 2021
ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਬਲਾਕ ਬਰਨਾਲਾ ਵੱਲੋਂ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ ਕਿਸਾਨ ਅੰਦੋਲਨ ਨੂੰ ਸਮਰਪਿਤ 24 ਵੇਂ ਬਰਸੀ ਸਮਾਗਮ ਨੂੰ ਸਫਲ ਬਨਾਉਣ ਲਈ ਠੀਕਰੀਵਾਲ, ਸੰਘੇੜਾ, ਕਰਮਗੜ੍ਹ ਵਿਖੇ ਮੀਟਿੰਗਾਂ/ਨੁੱਕੜ ਨਾਟਕ ਖੇਡੇ ਗਏ । ਇਸ ਸਮੇਂ ਵੱਡੀ ਗਿਣਤੀ ਵਿੱਚ ਸ਼ਾਮਿਲ ਕਿਸਾਨ ਮਰਦ ਔਰਤਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਬਾਬੂ ਸਿੰਘ ਖੁੱਡੀਕਲਾਂ, ਗੁਰਦਰਸ਼ਨ ਸਿੰਘ ਫਰਵਾਹੀ, ਡਾ ਰਜਿੰਦਰਪਾਲ, ਡਾ ਸੁਖਵਿੰਦਰ ਸਿੰਘ, ਕੁਲਵੀਰ ਅੋਲਖ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉਣ ਅਤੇ ਬਿਜਲੀ ਸੋਧ ਬਿਲ-2021 ਰੱਦ ਕਰਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਚਲਦਾ ਸੰਘਰਸ਼ ਨੌਵੇਂ ਮਹੀਨੇ ਵਿੱਚ ਦਾਖਲ ਹੋ ਗਿਆ ਹੈ।ਇਨ੍ਹਾਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਰਾਹੀਂ ਇੱਕ ਵਾਰ ਕਰੋੜਾਂ ਕਰੋੜ ਲੋਕਾਂ ਦੇ ਉਜਾੜੇ ਦਾ ਸਵਾਲ ਹੈ ਤੇ ਦੂਜੇ ਪਾਸੇ ਸਾਮਰਾਜੀ ਸੰਸਥਾਵਾਂ ਅਤੇ ਭਾਰਤੀ ਉੱਚ ਅਮੀਰ ਘਰਾਣਿਆਂ ਦੇ ਲੁਟੇਰੇ ਹਿੱਤ ਹਨ।ਆਗੂਆਂ ਨੇ ਸਭਨਾਂ ਇਨਸਾਫਪਸੰਦ ਲੋਕਾਂ ਨੂੰ ਇਸ ਕਿਸਾਨ/ਜਨ ਅੰਦੋਲਨ ਵਿੱਚ ਹਰ ਸੰਭਵ ਢੰਗ ਨਾਲ ਹਿੱਸਾ ਬਨਣ ਦੀ ਅਪੀਲ ਕੀਤੀ। ਆਗੂਆਂ ਇਹ ਵੀ ਦੱਸਿਆ ਕਿ ਮਹਿਲਕਲਾਂ ਦੀ ਇਤਿਹਾਸਕ ਧਰਤੀ ਉੱਤੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ। ਇਨ੍ਹਾਂ ਮੀਟਿੰਗ ਨੂੰ ਮੇਜਰ ਸਿੰਘ ਸੰਘੇੜਾ, ਜਸਵੰਤ ਸਿੰਘ ਸੰਘੇੜਾ, ਦਰਸ਼ਨ ਸਿੰਘ ਠੀਕਰੀਵਾਲ , ਬਲਵੰਤ ਸਿੰਘ ਠੀਕਰੀਵਾਲ, ਪਰਮਜੀਤ ਕੌਰ ਠੀਕਰੀਵਾਲ, ਸੁਖਦੇਵ ਸਿੰਘ, ਭੋਲਾ ਸਿੰਘ ਸੰਘੇੜਾ, ਨਾਜਰ ਸਿੰਘ, ਭੁਰਾ ਸਿੰਘ, ਬਲਵਿੰਦਰ ਸਿੰਘ, ਜਸਪਾਲ ਕੌਰ ,ਬਲਵੀਰ ਕੌਰ ਕਰਮਗੜ੍ਹ,ਭੋਲਾ ਸਿੰਘ ,ਅਜਮੇਰ ਸਿੰਘ ਕਰਮਗੜ੍ਹ ਨੇ ਆਗੂ ਟੀਮ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸ਼ਹੀਦ ਕਿਰਨਜੀਤ ਕੌਰ ਦੇ 12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਜਾ ਰਹੇ 24 ਵੇਂ ਬਰਸੀ ਸਮਾਗਮ ਵਿੱਚ ( ਰਾਸ਼ਨ, ਦੁੱਧ,ਆਰਥਿਕ ਸਹਾਇਤਾ ) ਹਰ ਪੱਖੋਂ ਤਿਆਰੀਆਂ ਕਰਕੇ ਕਿਸਾਨ ਮਰਦ ਔਰਤਾਂ ਦੇ ਕਾਫਲੇ ਬੰਨ੍ਹ ਪਹੁੰਚਣਗੇ। 11 ਅਗਸਤ ਤੱਕ ਪੂਰੇ ਬਲਾਕ ਦੇ ਪਿੰਡਾਂ ਅੰਦਰ ਨੁੱਕੜ ਨਾਟਕ/ਵੱਡੀਆਂ ਮੀਟਿੰਗਾਂ ਰਾਹੀਂ ਕਿਸਾਨ ਅੰਦੋਲਨ ਅਤੇ ਸ਼ਹੀਦ ਕਿਰਨਜੀਤ ਦੀ ਸ਼ਹਾਦਤ ਦਾ ਸੰਦੇਸ਼ ਦਿੱਤਾ ਜਾਵੇਗਾ।ਸ਼ਹੀਦ ਭਗਤ ਸਿੰਘ ਕਲਾ ਮੰਚ ਦੀ ਨਾਟਕ ਟੀਮ ਵੱਲੋਂ ਭਾਅ ਜੀ ਗੁਰਸ਼ਰਨ ਸਿੰਘ ਦੀ ਰਚਨਾ “ਲੀਰਾਂ” ਤੀਰਥ ਚੜਿੱਕ ਦੀ ਨਿਰਦੇਸ਼ਨਾ ਹੇਠ ਬਹੁਤ ਖੁਬਸੂਰਤੀ ਨਾਲ ਪੇਸ਼ ਕੀਤਾ ਗਿਆ।