ਕੇਂਦਰ ਸਰਕਾਰ ਕੈਨੇਡਾ ਦੂਤਾਵਾਸ ਤੇ ਕੈਨੇਡੀਅਨ ਸਰਕਾਰ ਨਾਲ ਮਿਲਕੇ ਕੰਟਰੈਕਟ ਮੈਰਿਜ ਬੁਰਾਈ ਦਾ ਟਾਕਰਾ ਕਰਨ ‘ਤੇ ਜ਼ੋਰ ਦੇਵੇ
ਵਿਆਹ ਧੋਖਾਧੜੀ ਮਾਮਲਿਆਂ ਦੇ ਮੁਲਾਂਕਣ ਲਈ ਇੱਕ ਕਮਿਸ਼ਨ ਕਾਇਮ ਕਰਨ ਦੀ ਵੀ ਮੰਗ
ਬਲਵਿੰਦਰਪਾਲ, ਪਟਿਆਲਾ, 4 ਅਗਸਤ 2021
ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕੇਂਦਰੀ ਵਿਦੇਸ਼ ਮੰਤਰੀ ਸ੍ਰੀ ਜੈ ਸ਼ੰਕਰ ਪ੍ਰਸ਼ਾਦ ਨੂੰ ਅੱਜ ਇੱਕ ਪੱਤਰ ਲਿਖ ਕੇ ਕੈਨੇਡਾ ਜਾ ਕੇ ਪੱਕੇ ਵੱਸਣ ਦੀ ਚਾਹਨਾ ਵਾਲੇ ਵਿਆਹਾਂ ਦੇ ਵੱਧ ਰਹੇ ਧੋਖਾਧੜੀ ਮਾਮਲਿਆਂ ਦੀ ਸਮੱਸਿਆ ਦੇ ਹੱਲ ਲਈ, ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਕੈਨੇਡਾ ਦੂਤਾਵਾਸ ਅਤੇ ਕੈਨੇਡਾ ਸਰਕਾਰ ਨਾਲ ਮਿਲਕੇ ਕੰਮ ਕਰਨ ਲਈ ਕਿਹਾ ਹੈ।
ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਸ੍ਰੀਮਤੀ ਪ੍ਰਨੀਤ ਕੌਰ ਨੇ ਭਾਰਤ ‘ਚ ਅਜਿਹੇ ਵਿਆਹਾਂ ਦੀ ਧੋਖਾਧੜੀ ਦੇ ਸੰਕਟ ਦਾ ਮੁਲਾਂਕਣ ਕਰਨ ਅਤੇ ਧੋਖਾਧੜੀ ਮਾਮਲਿਆਂ ਦੀ ਪੂਰੀ ਗਿਣਤੀ ਦਾ ਪਤਾ ਲਾਉਣ ਸਮੇਤ ਪੂਰੇ ਮਾਮਲੇ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਕਮਿਸ਼ਨ ਵੀ ਕਾਇਮ ਕਰਨ ਲਈ ਵੀ ਕਿਹਾ ਹੈ।
ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਪਾਸੋਂ ਅਜਿਹੇ ਮਾਮਲਿਆਂ ਦੀ ਪੜਤਾਲ ਲਈ ਇੱਕ ਵਿਸ਼ੇਸ਼ ਵਿਧੀ ਵੀ ਸਥਾਪਤ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਧੋਖਾਧੜੀਆਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਭਾਰਤ ਵਾਪਸ ਭੇਜਣ ਦੀ ਵਿਧੀ ਵੀ ਇਜਾਦ ਕੀਤੀ ਜਾਵੇ, ਤਾਂ ਜੋ ਜਾਅਲੀ ਵਿਆਹਾਂ ਦੇ ਫ਼ਰਜ਼ੀਵਾੜੇ ਤਹਿਤ ਧੋਖਾਧੜੀ ਦਾ ਸ਼ਿਕਾਰ ਹੋਏ ਭੋਲੇ-ਭਾਲੇ ਲੋਕਾਂ ਨਾਲ ਹੋਏ ਅਨਿਆਂ ਦਾ ਨਿਪਟਾਰਾ ਕੀਤਾ ਜਾ ਸਕੇ।
ਇਸ ਮੁੱਦੇ ਨੂੰ ਫ਼ੌਰੀ ਚਿੰਤਾ ਦਾ ਵਿਸ਼ਾ ਕਰਾਰ ਦਿੰਦਿਆਂ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਡਿੱਗ ਰਹੀ ਮੌਜੂਦਾ ਆਰਥਿਕ ਸਥਿਤੀ ਕਰਕੇ, ਬਹੁਤ ਸਾਰੇ ਭਾਰਤੀ ਨੌਜਵਾਨ, ਸਿੱਖਿਆ, ਰੁਜ਼ਗਾਰ ਜਾਂ ਆਪਣੇ ਪਰਿਵਾਰਾਂ ਦੇ ਨਾਲ ਰਹਿਣ ਲਈ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹਨ।
ਸੰਸਦ ਮੈਂਬਰ ਨੇ ਆਪਣੇ ਪੱਤਰ ‘ਚ ਇਸ ਨੁਕਤੇ ਨੂੰ ਉਠਾਉਂਦਿਆਂ ਕਿਹਾ ਕਿ ਲੋਕਾਂ ‘ਚ ਕੈਨੇਡਾ ‘ਚ ਸਥਾਈ ਨਿਵਾਸ ਪ੍ਰਾਪਤ ਕਰਨ ਦੀ ਵਧੀ ਲਾਲਸਾ ਨੇ ਕੁਝ ਲਾਲਚੀ ਲੋਕਾਂ ਨੂੰ ਭੋਲੇ-ਭਾਲੇ ਲੋਕਾਂ ਦੀ ਇਸ ਇੱਛਾ ਦਾ ਨਜਾਇਜ਼ ਲਾਭ ਉਠਾਉਂਦਿਆਂ, ਕੰਟਰੈਕਟ ਮੈਰਿਜ ਅਤੇ ਵਿਆਹਾਂ ਦੇ ਨਾਮ ‘ਤੇ ਵੱਡੀ ਮਾਤਰਾ ‘ਚ ਧੋਖਾਧੜੀ ਕਰਨ ਨੂੰ ਉਤਸ਼ਾਹਤ ਵੀ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਧੋਖਾਧੜੀ ਦੇ ਮਾਮਲੇ ਬਹੁਤ ਸਾਰੇ ਪਰਿਵਾਰਾਂ ਲਈ ਆਰਥਿਕ, ਸਮਾਜਿਕ ਅਤੇ ਮਾਨਸਿਕ ਪਰੇਸ਼ਾਨੀ ਅਤੇ ਇੱਥੋਂ ਤੱਕ ਕਿ ਕੁਝ ਮਾਮਲਿਆਂ ‘ਚ ਆਤਮ ਹੱਤਿਆ ਦਾ ਵੀ ਕਾਰਨ ਬਣਦੀ ਹੈ, ਜਿਸ ਲਈ ਇਸਦਾ ਹੱਲ ਕਰਨਾ ਜਰੂਰੀ ਹੈ।