ਜੇਕਰ ਪ੍ਰਸ਼ਾਸ਼ਨ ਨੇ ਜਬਰਦਸਤੀ ਕੀਤੀ ਤਾਂ ਉਹ ਸੰਘਰਸ਼ ਵਿੱਢਣਗੇ – ਪੀੜਤ ਪ੍ਰੀਵਾਰ
ਅਸ਼ੋਕ ਵਰਮਾ, ਬਠਿੰਡਾ,4 ਅਗਸਤ 2021
ਬਠਿੰਡਾ ਜਿਲ੍ਹੇ ਦੇ ਪਿੰਡ ਲਹਿਰਾ ਖਾਨਾ ’ਚ ਰੇਲ ਵਿਭਾਗ ਦੇ ਇੱਕ ਪ੍ਰਜੈਕਟ ਲਈ ਜਮੀਨ ਐਕਵਾਇਰ ਕਰਨ ਦੇ ਮਾਮਲੇ ’ਚ ਨਵਾਂ ਰੱਫੜ ਖੜ੍ਹਾ ਹੋ ਗਿਆ ਹੈ। ਬਠਿੰਡਾ ਰਾਜਪੁਰਾ ਸੈਕਸ਼ਨ ’ਤੇ ਰੇਲ ਲਾਈਨ ਨੂੰ ਦੋਹਰੀ ਕਰਨ ਉਪਰੰਤ ਰੇਲ ਵਿਭਾਗ ਇਹ ਪ੍ਰਜੈਕਟ ਬਨਾਉਣਾ ਚਾਹੁੰਦਾ ਹੈ। ਸਰਕਾਰ ਵੱਲੋਂ ਮੁਆਵਜਾ ਦੇਣ ਮੌਕੇ ਤੈਅ ਕੀਤੀ ਕੀਮਤ ਤੋਂ ਅਸੰਤੁਸ਼ਟ ਕਿਸਾਨ ਲਾਮਬੰਦ ਹੋ ਗਏ ਹਨ। ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਮੁਆਵਜੇ ਦਾ ਮਾਮਲਾ ਕੇਂਦਰੀ ਪ੍ਰਜੈਕਟ ਨਾਲ ਜੁੜਿਆ ਹੋਣ ਕਰਕੇ ਕਿਸਾਨ ਧਿਰਾਂ ਪੀੜਤ ਕਿਸਾਨਾਂ ਦੀ ਪਿੱਠ ਤੇ ਆ ਗਈਆਂ ਹਨ ਜੋਕਿ ਪਹਿਲਾਂ ਹੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਵਤੀਰੇ ਤੋਂ ਤਪੀਆਂ ਬੈਠੀਆਂ ਹਨ। ਅੱਜ ਬਠਿੰਡਾ ’ਚ ਪ੍ਰੈਸ ਕਾਨਫਰੰਸ ਕਰਕੇ ਪੀੜਤ ਪ੍ਰੀਵਾਰਾਂ ਨੇ ਸਪਸ਼ਟ ਰੂਪ ’ਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨਾਲ ਅਨਿਆਂ ਹੋਇਆ ਤਾਂ ਉਹ ਆਰ ਪਾਰ ਦੀ ਲੜਾਈ ਲੜਨਗੇ।
ਪਿੰਡ ਲਹਿਰਾ ਖਾਨਾ ਵਾਸੀਆਂ ਨੇ ਦੱਸਿਆ ਕਿ ਬਠਿੰਡਾ ਰਾਜਪੁਰਾ ਸੈਕਸਨ ਦੇ ਦੋਹਰੀਕਰਨ ਨਾਲ ਸਬੰਧਤ ਲਾਈਨਾਂ ਵਿਛਾਉਣ ਲਈ ਰੇਲ ਵਿਭਾਗ ਨੇ ਆਪਣੀ ਜਮੀਨ ਵਰਤ ਲਈ ਪਰ ਹੁਣ ਆਪਣੇ ਵਿਸਥਾਰ ਤਹਿਤ ਇੱਕ ਨਵਾਂ ਪ੍ਰਜੈਕਟ ਲਾਉਣ ਜਾ ਰਿਹਾ ਹੈ ਜਿਸ ਨੂੰ ਉਸਾਰਨ ਵਾਸਤੇ ਉਨ੍ਹਾਂ ਦੀ ਜਮੀਨ ਐਕਵਾਇਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭੋਏਂ ਪ੍ਰਾਪਤੀ ਕੁਲੈਕਟਰ ਕਮ ਐਸ ਡੀ ਐਮ ਬਠਿੰਡਾ ਨੇ ਇਸ ਕੰਮ ਲਈ 8 ਤੋਂ 9 .41 ਲੱਖ ਰੁਪਏ ਤੱਕ ਦਾ ਐਵਾਰਡ ਸੁਣਾਇਆ ਹੈ ਜਦੋਂਕਿ ਉਨ੍ਹਾਂ ਦੇ ਪਿੰਡ ਦੇ ਨਾਲ ਪੈਂਦੇ ਲਹਿਰਾ ਮੁਹੱਬਤ ਦੀ ਜਮੀਨ ਦੀ ਕੀਮਤ 20 ਤੋਂ 25 ਲੱਖ ਰੁਪਏ ਏਕੜ ਦੇ ਹਿਸਾਬ ਨਾਲ ਅਦਾ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਲਹਿਰਾ ਖਾਨਾ ਵਿੱਚ ਬਣਾਈ ਨਵੀਂ ਅਨਾਜ ਮੰਡੀ ਲਈ ਜਮੀਨ ਐਕਵਾਇਰ ਕਰਨ ਵੇਲੇ ਜਮੀਨ ਮਾਲਕਾਂ ਨੂੰ 90 ਲੱਖ ਰੁਪਏ ਤੱਕ ਦਾ ਮੁਆਵਜਾ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਕੋਲੋਂ ਉਨ੍ਹਾਂ ਦੀ ਜਮੀਨ ਮਿੱਟੀ ਦੇ ਭਾਅ ਹੜੱਪੀ ਜਾ ਰਹੀ ਹੈ ਜਿਸ ਨੂੰ ਲੈਕੇ ਉਹ ਅਧਿਕਾਰੀਆਂ ਅਤੇ ਮੰਤਰੀਆਂ ਤੱਕ ਫਰਿਆਦ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਾਂ ਹੋਣ ਕਰਕੇ ਮਜਬੂਰੀ ਵੱਸ ਸੰਘਰਸ਼ ਵਿੱਢਣ ਵਾਲੇ ਰਾਹ ਪੈਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਲਹਿਰਾ ਖਾਨਾ ਦੀ 71 ਕਨਾਲ 8 ਮਰਲੇ ਜਮੀਨ ਐਕਵਾਇਰ ਕੀਤੀ ਗਈ ਹੈ ਜਦੋਂਕਿ ਪਿੰਡ ਲਹਿਰਾ ਮੁਹੱਬਤ ਦਾ 27 ਕਨਾਲ 2 ਮਰਲੇ ਅਤੇ ਪਿੰਡ ਲਹਿਰਾ ਧੂਰਕੋਟ ਦਾ 31 ਕਨਾਲ 17 ਮਰਲੇ ਰਕਬਾ ਇਸ ਪ੍ਰਕਿਰਿਆ ਤਹਿਤ ਪਾਇਆ ਗਿਆ ਹੈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਪਿੰਡ ਲਹਿਰਾ ਧੂਰਕੋਟ ਲਈ 3,40,90,864 ਰੁਪਏ, ਪਿੰਡ ਲਹਿਰਾ ਖਾਨਾ ਲਈ 1,23,15,417 ਰੁਪਏ ਅਤੇ ਪਿੰਡ ਲਹਿਰਾ ਮੁਹੱਬਤ ਲਈ 7,42,12,452 ਰੁਪਏ ਦਾ ਐਵਾਰਡ ਜਾਰੀ ਹੋਇਆ ਹੈ ਜੋਕਿ ਪੂਰੀ ਤਰਾਂ ਨਿਗੂਣਾ ਹੈ ਜਿਸ ਦਾ ਜਮੀਨ ਦੇ ਮਾਲਕ ਵਿਰੋਧ ਕਰ ਰਹੇ ਹਨ।
ਕਿਸਾਨਾਂ ਨੇ ਆਖਿਆ ਕਿ ਪ੍ਰਸ਼ਾਸ਼ਨ ਵੱਲੋਂ ਜਾਰੀ ਐਵਾਰਡ ’ਚ ਲਿਖਿਆ ਹੈ ਕਿ ਜਮੀਨ ਦੇ ਮਾਲਕ ਮੌਕੇ ਤੇ ਮੌਜੂਦ ਸਨ ਜਦੋਂਕਿ ਅਜਿਹਾ ਕੁੱਝ ਵੀ ਨਹੀਂ ਹੈ। ਉਨ੍ਹਾਂ ਆਖਿਆ ਕਿ ਅਧਿਕਾਰੀਆਂ ਨੇ ਏਸੀ ਕਮਰਿਆਂ ’ਚ ਬੈਠ ਕੇ ਉਨ੍ਹਾਂ ਨਾਲ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਕੀ ਗੱਲ ਤਾਂ ਦੂਰ ਐਵਾਰਡ ਵਿੱਚ ਉਨ੍ਹਾਂ ਦੇ ਦਰੱਖਤ ਵਿਸਾਰ ਹੀ ਦਿੱਤੇ ਹਨ ਜਦੋਂਕਿ ਉਨ੍ਹਾਂ ਦੀ ਪੂਰੀ ਗਿਣਤੀ ਮਿਣਤੀ ਹੋਣੀ ਚਾਹੀਦੀ ਸੀ। ਉਨ੍ਹਾਂ ਦੱਸਿਆ ਕਿ ਲਹਿਰਾ ਖਾਨਾ ਦੀ ਪੰਚਾਇਤ ਵੀ ਉਨ੍ਹਾਂ ਦੇ ਨਾਲ ਹੈ ਅਤੇ ਮਤਾ ਪਾਕੇ ਉਨ੍ਹਾਂ ਦੀ ਪੂਰੀ ਪੂਰੀ ਹਮਾਇਤ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸ਼ਨ ਨੇ ਜਬਰਦਸਤੀ ਕੀਤੀ ਤਾਂ ਉਹ ਸੰਘਰਸ਼ ਵਿੱਢਣਗੇ। ਇਸ ਮੌਕੇ ਜਗਰੂਪ ਸਿੰਘ, ਭੋਲਾ ਸਿੰਘ, ਰਾਮ ਸਿੰਘ, ਗੁਰਪ੍ਰੀਤ ਸਿੰਘ, ਜੋਗਿੰਦਰ ਸਿੰਘ, ਹਰਜੀਤ ਸਿੰਘ, ਜਸਪਾਲ ਸਿੰਘ, ਰੂਪ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਤਿਰਲੋਚਨ ਸਿੰਘ, ਸੁਰਜੀਤ ਸਿੰਘ, ਕਰਤਾਰ ਸਿੰਘ ਅਤੇ ਹਰਬੰਸ ਸਿੰਘ ਆਦਿ ਹਾਜ਼ਰ ਸਨ।
ਬਠਿੰਡਾ ’ਚ ਇਹੋ ਵਰਤਾਰਾ
ਲਹਿਰਾਖਾਨਾ ਦੀ ਜਮੀਨ ਦਾ ਮਾਮਲਾ ਕੋਈ ਪਹਿਲਾ ਨਹੀਂ ਬਲਕਿ ਬਠਿੰਡਾ ਜਿਲ੍ਹੇ ’ਚ ਤਾਂ ਕਿਸਾਨਾਂ ਨਾਲ ਹਰ ਵਾਰ ਹੀ ਧੱਕਾ ਹੋਇਆ ਹੈ। ਬਠਿੰਡਾ ਅੰਮ੍ਰਿਤਸਰ ਸੜਕ ਦੇ ਮੁਆਵਜੇ ਲਈ ਤਾਂ ਕਿਸਾਨਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ ਸੀ ਜਦੋਂਕਿ ਬਠਿੰਡਾ ਜੀਰਕਪੁਰ ਸੜਕ ਵੀ ਕਿਸਾਨਾਂ ਨਾਲ ਧੱਕੇਸ਼ਾਹੀ ਦਾ ਗਵਾਹ ਹੈ। ਭਾਰਤਮਾਲਾ ਪ੍ਰਜੈਕਟ ਖਿਲਾਫ ਕਿਸਾਨ ਸੜਕਾਂ ਤੇ ਹਨ ਤਾਂ ਬਠਿੰਡਾ ਡੱਬਵਾਲੀ ਸੜਕ ਤੇ ਪੈਂਦੀ ਜਮੀਨ ਦੇ ਮਾਲਕਾਂ ਵੱਲੋਂ ਵੀ ਧਰਨਾ ਲਾਇਆ ਹੋਇਆ ਹੈ।
ਮੋਢੇ ਨਾਲ ਮੋਢਾ ਜੋੜੇਗੀ ਯੂਨੀਅਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਅਤੇ ਪਿੰਡ ਵਾਸੀ ਸੰਤੋਖ ਸਿੰਘ ਲਹਿਰਾ ਖਾਨਾ ਕਹਿਣਾ ਸੀ ਕਿ ਜੇਕਰ ਸਰਕਾਰ ਨੇ ਧੱਕਾ ਕਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਯੂਨੀਅਨ ਮੋਹਰੀ ਹੋਕੇ ਲੜਾਈ ਲੜੇਗੀ। ਉਨ੍ਹਾਂ ਆਖਿਆ ਕਿ ਅਸਲ ’ਚ ਇਸ ਪਿੱਛੇ ਮੋਦੀ ਸਰਕਾਰ ਹੈ ਜੋ ਕਿਸਾਨਾਂ ਦੀਆਂ ਜਮੀਨਾਂ ਖੋਹਣਾ ਚਾਹੁੰਦੀ ਹੈ ਅਤੇ ਪੰਜਾਬ ਸਰਕਾਰ ਪਿੱਠ ਥਾਪੜ ਰਹੀ ਹੈ ਜਿਸ ਨੂੰ ਹਰਗਿਜ਼ ਸਹਿਣ ਨਹੀਂ ਕੀਤਾ ਜਾਏਗਾ।
ਨਿਯਮਾਂ ਮੁਤਾਬਕ ਕਾਰਵਾਈ:ਐਸਡੀਐਮ
ਐਸ ਡੀ ਐਮ ਬਠਿੰਡਾ ਹਰਜੋਤ ਕੌਰ ਦਾ ਕਹਿਣਾ ਸੀ ਕਿ ਲਹਿਰਾ ਖਾਨਾ ਆਦਿ ਪਿੰਡਾਂ ਦੀ ਜਮੀਨ ਮਾਮਲੇ ’ਚ ਨਿਯਮਾਂ ਮੁਤਾਬਕ ਹੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਇਤਰਾਜ਼ ਹੈ ਤਾਂ ਅਦਾਲਤ ਜਾਂ ਆਰਬੀਟੇਟਰ ਕੋਲ ਅਪੀਲ ਕੀਤੀ ਜਾ ਸਕਦੀ ਹੈ।