ਜੇਕਰ ਸਰਕਾਰ ਲੋਕਾਂ ਉੱਤੇ ਦਰਜ ਪੁਲਸ ਕੇਸ ਰੱਦ ਨਹੀਂ ਕਰਦੀ ਤਾਂ ਸਰਕਾਰ ਨੂੰ ਲੋਕਾਂ ਦੇ ਤਿੱਖੇ ਜਥੇਬੰਦਕ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਵੇਗਾ
ਪਰਦੀਪ ਕਸਬਾ , ਨਵਾਂਸ਼ਹਿਰ 3 ਅਗਸਤ 2021
ਅੱਜ ਇੱਥੇ 16 ਜਥੇਬੰਦੀਆਂ ਨੇ ਮੀਟਿੰਗ ਕਰਕੇ ਕਰੋਨਾ ਪਾਬੰਦੀਆਂ ਵਿਚ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਉੱਤੇ ਦਰਜ ਪੁਲਸ ਕੇਸ ਰੱਦ ਕਰਵਾਉਣ ਦੀ ਮੰਗ ਨੂੰ ਲੈਕੇ 6 ਅਗਸਤ ਨੂੰ ਡਿਪਟੀ ਕਮਿਸ਼ਨਰ ਦਫਤਰ ਨਵਾਂਸ਼ਹਿਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ਅੱਗੇ ਕੀਤੀ ਗਈ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਜਸਬੀਰ ਦੀਪ ਨੇ ਦੱਸਿਆ ਕਿ ਇਹ ਧਰਨਾ 6 ਅਗਸਤ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ।ਉਹਨਾਂ ਕਿਹਾ ਕਿ ਸਰਕਾਰ ਨੇ ਕਰੋਨਾ ਲਹਿਰ ਦੀ ਚੜ੍ਹਤ ਵਿਚ ਲੋਕਾਂ ਦੇ ਕੰਮਾਂ ਨੂੰ ਬਿਨਾਂ ਧਿਆਨ ਵਿਚ ਰੱਖਿਆਂ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਦੀ ਥਾਂ ਪਾਬੰਦੀਆਂ ਦੇ ਇਕ ਪਾਸੜ ਹੁਕਮ ਜਾਰੀ ਕਰ ਦਿੱਤੇ ਪਰ ਜਦੋਂ ਲੋਕਾਂ ਨੇ ਡੈਪੂਟੇਸ਼ਨਾਂ ਰਾਹੀਂ ,ਮੁਜਾਹਰਿਆਂ ਰਾਹੀਂ ਆਪਣੀਆਂ ਮੁਸ਼ਕਲਾਂ ਨੂੰ ਸਰਕਾਰ ਦੇ ਧਿਆਨ ਵਿਚ ਲਿਆਉਣਾ ਚਾਹਿਆ ਤਾਂ ਉਹਨਾਂ ਉੱਤੇ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਪੁਲਸ ਕੇਸ ਦਰਜ ਕਰ ਦਿੱਤੇ ਗਏ।
ਨਾ ਤਾਂ ਸਰਕਾਰ ਵਲੋਂ ਲੋੜੀਂਦੀ ਆਕਸੀਜਨ, ਨਾ ਲੋੜੀਂਦੇ ਵੈਂਟੀਲੇਟਰ,ਨਾ ਲੋੜੀਂਦੀਆਂ ਦਵਾਈਆਂ ਅਤੇ ਵੈਕਸੀਨ ਦਾ ਪ੍ਰਬੰਧ ਕੀਤਾ ਗਿਆ।ਮਤਲਬ ਸਾਫ ਹੈ ਕਿ ਸਰਕਾਰ ਨੇ ਆਪਣੀ ਬਣਦੀ ਜਿੰਮੇਵਾਰੀ ਨਹੀਂ ਨਿਭਾਈ ਪਰ ਕਰੋਨਾ ਦੇ ਫੈਲਾਓ ਲਈ ਲੋਕਾਂ ਦੇ ਸਿਰ ਠੀਕਰਾ ਭੰਨਿਆ ਗਿਆ। ਜਥੇਬੰਦੀਆਂ ਵਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਕੇ ਆਪਣੀਆਂ ਮੁਸ਼ਕਲਾਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਜਿਹਨਾਂ ਦਾ ਕੋਈ ਸਾਰਥਕ ਹੱਲ ਕਰਨ ਵਿਚ ਸਰਕਾਰ ਅਸਫਲ ਰਹੀ।ਉਲਟਾ ਲੋਕਾਂ ਦੀਆਂ ਜੇਬਾਂ ਵਿਚੋਂ ਭਾਰੀ ਜੁਰਮਾਨੇ ਵੀ ਕੱਢੇ ਗਏ।ਜਥੇਬੰਦੀਆਂ ਨੇ ਅਨੁਭਵ ਕੀਤਾ ਹੈ ਕਿ ਸਰਕਾਰ ਨੇ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਲੋਕਾਂ ਨੂੰ ਕੇਸਾਂ ਵਿਚ ਉਲਝਾਉਣ ਦੇ ਯਤਨ ਕੀਤੇ ਹਨ।ਸਰਕਾਰ ਨੇ ਮੁਸੀਬਤ ਦੀ ਘੜੀ ਵਿਚ ਲੋਕਾਂ ਪ੍ਰਤੀ ਆਪਣੀ ਬਣਦੀ ਜੁੰਮੇਵਾਰੀ ਨਹੀਂ ਨਿਭਾਈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਲੋਕਾਂ ਉੱਤੇ ਦਰਜ ਪੁਲਸ ਕੇਸ ਰੱਦ ਨਹੀਂ ਕਰਦੀ ਤਾਂ ਸਰਕਾਰ ਨੂੰ ਲੋਕਾਂ ਦੇ ਤਿੱਖੇ ਜਥੇਬੰਦਕ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਵੇਗਾ।
ਅੱਜ ਦੀ ਮੀਟਿੰਗ ਵਿਚ ਡੈਮੋਕ੍ਰੇਟਿਕ ਲਾਇਰਜ ਐਸੋਸੀਏਸ਼ਨ ਦੇ ਸੂਬਾ ਕਨਵੀਨਰ ਦਲਜੀਤ ਸਿੰਘ ਐਡਵੋਕੇਟ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ,ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਬੂਟਾ ਸਿੰਘ, ਏਟਕ ਦੇ ਆਗੂ ਮੁਕੰਦ ਲਾਲ, ਆਸ਼ਾ ਵਰਕਰਜ਼ ਯੂਨੀਅਨ ਦੇ ਜਿਲਾ ਆਗੂ ਰਾਜਵਿੰਦਰ ਕੌਰ ਕੱਟ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਬਲਜੀਤ ਸਿੰਘ ਧਰਮਕੋਟ, ਜੇ ਪੀ ਐਮ ਓ ਦੇ ਆਗੂ ਸਤਨਾਮ ਸਿੰਘ ਗੁਲਾਟੀ,
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸਤਨਾਮ ਸਿੰਘ ਸੁੱਜੋਂ,ਪੇਂਡੂ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਕਮਲਜੀਤ ਸਨਾਵਾ, ਆਟੋ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਬਛੌੜੀ, ਪ੍ਰਵਾਸੀ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਪ੍ਰਵੀਨ ਕੁਮਾਰ ਨਿਰਾਲਾ, ਰੇਹੜੀ ਵਰਕਰਜ਼ ਯੂਨੀਅਨ ਦੇ ਆਗੂ ਹਰੇ ਲਾਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪਰਮਜੀਤ ਸਿੰਘ ਸ਼ਹਾਬਪੁਰ, ਭੱਠਾ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ ਨੇ ਵਿਚਾਰ ਪੇਸ਼ ਕੀਤੇ।ਇਸ ਮੀਟਿੰਗ ਵਿਚ ਬਲਜਿੰਦਰ ਸਿੰਘ ਭੰਗਲ,ਰੁਪਿੰਦਰ ਕੌਰ ਦੁਰਗਾ ਪੁਰ,ਬਿੱਲਾ ਗੁੱਜਰ, ਸੋਨੀਆ ਕਟਾਰੀਆ,ਬਿੱਕਰ ਸਿੰਘ ਸ਼ੇਖੂਪੁਰ,ਪ੍ਰੇਮ ਸਿੰਘ ਸ਼ਹਾਬਪੁਰ, ਕਿਸ਼ੋਰ ਕੁਮਾਰ, ਹਰੀ ਰਾਮ ਰਸੂਲਪੁਰੀ, ਗੋਪਾਲ, ਪ੍ਰਵੇਸ਼ ਗੁਪਤਾ, ਸੁਰਿੰਦਰ ਮੀਰਪੁਰੀ ਵੀ ਮੌਜੂਦ ਸਨ।