ਕੁਰੜ, ਮਾਂਗੇਵਾਲ, ਮਨਾਲ, ਠੁੱਲੀਵਾਲ ਵਿਖੇ ਰੈਲੀਆਂ/ ਨੁੱਕੜ ਨਾਟਕ
ਗੁਰਸੇਵਕ ਸਹੋਤਾ , ਮਹਿਲਕਲਾਂ, 3 ਅਗਸਤ 2021
ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ 24 ਵੇਂ ਬਰਸੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਦੂਜੇ ਦਿਨ ਵੀ ਜਾਰੀ ਰਿਹਾ। ਠੁੱਲੀਵਾਲ, ਹਰਦਾਸਪੁਰਾ,ਨਿਹਾਲੂਵਾਲ ਛਾਪਾ ਆਦਿ ਪਿੰਡਾਂ ਵਿੱਚ ਸਮਾਗਮ ਕੀਤੇ ਗਏ।ਇਨ੍ਹਾਂ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਗੁਰਬਿੰਦਰ ਸਿੰਘ ਕਲਾਲਾ, ਜਗਰਾਜ ਸਿੰਘ ਹਰਦਾਸਪੁਰਾ, ਗੁਰਮੇਲ ਠੁੱਲੀਵਾਲ,ਅਮਰਜੀਤ ਕੁੱਕੂ, ਅਮਰਜੀਤ ਸਿੰਘ ਠੁੱਲੀਵਾਲ ਨੇ ਕਿਹਾ ਕਿ ਇਸ ਵਾਰ ਐਕਸ਼ਨ ਕਮੇਟੀ ਵੱਲੋਂ ਸ਼ਹੀਦ ਕਿਰਨਜੀਤ ਕੌਰ ਦੇ 24 ਵੇਂ ਬਰਸੀ ਸਮਾਗਮ ਨੂੰ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਨ ਬਾਰੇ ਲਏ ਫੈਸਲੇ ਨਾਲ ਇਤਿਹਾਸਕ ਫਰਜ ਅਦਾ ਕੀਤਾ ਹੈ।
ਐਕਸ਼ਨ ਕਮੇਟੀ ਦੀ ਅਗਵਾਈ ਹੇਠ ਦੋਸ਼ੀਆਂ ਨੂੰ ਮਿਸਾਲੀ ਸਜਾਵਾਂ, ਜਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ,ਪਿੱਠ ਪੂਰਨ ਵਾਲੇ ਸਿਆਸਤਦਾਨਾਂ ਨੂੰ ਲੋਕ ਸੱਥਾਂ ਵਿੱਚੋਂ ਨਿਖੇੜਨ ਤੋਂ ਅੱਗੇ ਤਿੰਨ ਲੋਕ ਆਗੂਆਂ ਦੀਆਂ ਸਜਾਵਾਂ ਰੱਦ ਕਰਾਉਣ ਲਈ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਚੱਲੇ ਸੰਘਰਸ਼ ਵਿੱਚ ਐਕਸ਼ਨ ਕਮੇਟੀ ਵੱਲੋਂ ਨਿਭਾਈ ਅਹਿਮ ਭੁਮਿਕਾ ਖਾਸ ਕਰ ਕਿਸਾਨ ਮਰਦ ਔਰਤਾਂ ਦੀ ਮਿਸਾਲੀ ਭੂਮਿਕਾ ਬਦਲੇ ਧੰਨਵਾਦ ਕੀਤਾ । ਆਗੂਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉਣ ਅਤੇ ਬਿਜਲੀ ਸੋਧ ਬਿਲ-2021 ਰੱਦ ਕਰਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਚਲਦਾ ਸੰਘਰਸ਼ ਨੌਵੇਂ ਮਹੀਨੇ ਵਿੱਚ ਦਾਖਲ ਹੋ ਗਿਆ ਹੈ।
ਪਰ ਮੋਦੀ ਹਕੂਮਤ ਨੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਸਾਂਝੇ ਕਿਸਾਨ ਅੰਦੋਲਨ ਨੂੰ ਸਾਜਿਸ਼ ਰਚ ਕੇ ਖੇਰੂ ਖੇਰੂ ਕਰਨ ਦੀ ਕੋਈ ਕਸਰ ਨਹੀਂ ਛੱਡੀ। ਸਾਮਰਾਜ ਤਾਕਤਾਂ ਸਮੇਤ ਚੰਦ ਕੁ ਅਮੀਰ ਘਰਾਣਿਆਂ ਦੇ ਲੁਟੇਰੇ ਹਿੱਤਾਂ ਲਈ ਕਰੋੜਾਂ ਕਰੋੜ ਲੋਕਾਂ ਸਮੇਤ ਪੇਂਡੂ ਸੱਭਿਅਤਾ ਦੇ ਉਜਾੜਨ ਤੇ ਤੁਲੀ ਹੋਈ ਹੈ। ਇਸ ਲਈ ਆਪਣਾ ਨੈਤਿਕ ਫਰਜ ਹੈ ਕਿ ਕਿਸਾਨ ਅੰਦੋਲਨ ਦੀ ਜਿੱਤ ਲਈ ਵੱਧ ਤੋਂ ਵੱਧ ਆਪਣਾ ਬਣਦਾ ਯੋਗਦਾਨ ਪਾਈਏ। ਆਗੂਆਂ ਇਹ ਵੀ ਦੱਸਿਆ ਕਿ ਮਹਿਲਕਲਾਂ ਦੀ ਇਤਿਹਾਸਕ ਧਰਤੀ ਉੱਤੇ 12 ਅਗਸਤ ਨੂੰ ਦਾਣਾ ਮਡੀ ਮਹਿਲਕਲਾਂ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ। ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਮੋਗਾ ਵੱਲੋਂ ਭਾਅ ਜੀ ਗੁਰਸ਼ਰਨ ਸਿੰਘ ਦੀ ਰਚਨਾ “ਲੀਰਾਂ” ਤੀਰਥ ਚੜਿੱਕ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਇਸ ਨਾਟਕ ਨੂੰ ਲੋਕਾਂ ਨੇ ਬਹੁਤ ਸਲਾਹਿਆ। ਐਕਸ਼ਨ ਕਮੇਟੀ ਮਹਿਲਕਲਾਂ ਦੇ ਆਗੂਆਂ ਨੇ ਸਮੂਹ ਪਿੰਡ ਨਿਵਾਸੀਆਂ ਨੂੰ 12 ਅਗਸਤ 10 ਵਜੇ ਦਾਣਾ ਮੰਡੀ ਮਹਿਲਕਲਾਂ ਵੱਧ ਤੋਂ ਵੱਧ ਰਾਸ਼ਨ, ਦੁੱਧ ਅਤੇ ਆਰਥਿਕ ਸਹਾਇਤਾ ਇਕੱਠੀ ਕਰਕੇ ਕਾਫਲੇ ਬੰਨ੍ਹ ਸਮੇਂ ਸਿਰ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਆਗੂਆਂ ਦੱਸਿਆ ਕਿ ਇਹ ਮੁਹਿੰਮ ਇਸੇ ਤਰ੍ਹਾਂ 10 ਅਗਸਤ ਤੱਕ ਲਗਾਤਾਰ ਜਾਰੀ ਰਹੇਗੀ।ਇਨ੍ਹਾਂ ਸਮਾਗਮ ਨੂੰ ਸਫਲ ਬਨਾਉਣ ਵਿੱਚ ਮੁਕੰਦ ਸਿੰਘ ਪਾਲਾ ਸਿੰਘ ਹਰਦਾਸਪੁਰਾ, ਜਗਤਾਰ ਤਾਰੀ, ਅਮਰਜੀਤ ਕੌਰ, ਕਰਨੈਲ ਕੌਰ, ਜਸਵੰਤ ਸੋਹੀ, ਅਮਰ ਸਿੰਘ, ਬਾਵਾ ਸਿੰਘ ਛਾਪਾ, ਜਗਰੂਪ ਸਿੰਘ, ਕੁਲਦੀਪ ਸਿੰਘ, ਗੁਰਪਰੀਤ ਕੌਰ, ਕਰਮਜੀਤ ਕੌਰ ਨੇ ਅਹਿਮ ਭੁਮਿਕਾ ਨਿਭਾਈ।