‘ਆਪ’ ਲੀਡਰ ਦੇ ਫਲੈਕਸ ਪਾੜਨ ਨਾਲ ਨਵੇਂ ਟਕਰਾਅ ਦਾ ਮੁੱਢ ਬੱਝਿਆ 

Advertisement
Spread information

ਕੇਜਰੀਵਾਲ ਦੀ ਤਸਵੀਰ ਅਤੇ ਆਪਣੀ ਫੋਟੋ ਵਾਲੀਆਂ ਤਕਰੀਬਨ 150 ਫਲੈਕਸਾਂ ਲਾਈਆਂ ਸਨ

ਅਸ਼ੋਕ ਵਰਮਾ, ਬਠਿੰਡਾ , 31 ਜੁਲਾਈ 2021

           ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਇੰਦਰਜੀਤ ਮਾਨ ਦੀ ਫਲੈਕਸ ਤੇ ਬਣੀ ਤਸਵੀਰ ਤੇ ਕਾਲਖ ਪੋਤਣ ਅਤੇ ਫਲੈਕਸਾਂ ਪਾੜਨ ਤੋਂ ਬਾਅਦ ਹਲਕੇ ’ਚ ਇੱਕ ਨਵੇਂ ਟਕਰਾਅ ਦਾ ਮੁੱਢ ਬੱਝਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਅਜੇ ਤੱਕ ਕੋਈ ਵੱਡੀ ਸਿਆਸੀ ਹਵਾ ਨਹੀਂ ਹੈ ਫਿਰ ਵੀ ਇਸ ਕਾਰਵਾਈ ਨੂੰ ਸਹਿਜ ਨਹੀਂ ਮੰਨਿਆ ਜਾ ਰਿਹਾ ਹੈ।

Advertisement

ਇੰਦਰਜੀਤ ਮਾਨ ਵੱਲੋਂ ਹਲਕੇ ’ਚ ਸੰਭਾਵੀ ਉਮੀਦਵਾਰ ਦੇ ਤੌਰ ਤੇ ਪ੍ਰਚਾਰ ਕੀਤਾ ਜਾ ਰਿਹਾ ਸੀ। ਇਸ ਮੁਹਿੰਮ ਤਹਿਤ ਮਾਨ ਨੇ ਹਲਕੇ ਦੀਆਂ ਮੁੱਖ ਸੜਕਾਂ ਅਤੇ ਅਹਿਮ ਥਾਵਾਂ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਤਸਵੀਰ ਅਤੇ ਆਪਣੀ ਫੋਟੋ ਵਾਲੀਆਂ ਤਕਰੀਬਨ 150 ਫਲੈਕਸਾਂ ਲਾਈਆਂ ਸਨ ਜਿੰਨ੍ਹਾਂ ਚੋਂ ਕਾਫੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।  ਫਲੈਕਸਾਂ ਪਾੜਨ ਵਾਲੇ ਦਾ ਤਾਂ ਪਤਾ ਨਹੀ ਲੱਗਿਆ ਪਰ ਇਸ ਨਾਲ ਅਗਾਮੀ ਦਿਨਾਂ ਦੌਰਾਨ ਹਲਕੇ ’ਚ ਸੰਭਾਵਤ ਕਲੇਸ਼ ਦੇ ਸੰਕੇਤ ਜਰੂਰ ਮਿਲ ਗਏ ਹਨ।

ਦਰਅਸਲ ਇੰਦਰਜੀਤ ਮਾਨ ਕੁੱਝ ਦਿਨ ਪਹਿਲਾਂ ਤੱਕ ਕਾਂਗਰਸੀ ਲੀਡਰ ਸੀ ਜੋ ਕਿ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਅਤੀ ਨਜ਼ਦੀਕੀਆਂ ’ਚ ਸ਼ੁਮਾਰ ਹੁੰਦਾ ਸੀ। ਸੂਤਰ ਦੱਸਦੇ ਹਨ ਕਿ ਕਈ ਮਹੀਨੇ ਪਹਿਲਾਂ ਹਲਕੇ ਦੇ ਕਸਬਾ ਭਗਤਾ ਭਾਈ ’ਚ ਚੋਰੀਆਂ ਚਕਾਰੀਆਂ ਅਤੇ ਅਪਰਾਧਿਕ ਵਾਰਦਾਤਾਂ ਨੂੰ ਲੈਕੇ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਧਰਨੇ ਨੂੰ ਸਮਾਪਤ ਕਰਵਾਉਣ ’ਚ ਨਿਭਾਈ ਭੂਮਿਕਾ ਕਾਰਨ ਮਾਨ ਦੀਆਂ ਕਾਂਗਰਸੀ ਲੀਡਰਸ਼ਿਪ ਨਾਲ ਦੂਰੀਆਂ ਵਧ ਗਈਆਂ । ਜਿਸ ਦਾ ਸਿੱਟਾ ਤੋੜ ਵਿਛੋੜੇ ਦੇ ਰੂਪ ’ਚ ਨਿਕਲਿਆ। ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਇੰਦਰਜੀਤ ਮਾਨ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ਸੰਪਰਕ ਮੁਹਿੰਮ ਵਿੱਢੀ ਹੋਈ ਸੀ । ਜਿਸ ਨੂੰ ਭਰਵਾਂ ਹੁੰਗਾਰਾ ਮਿਲਣ ਲੱਗਿਆ ਸੀ। ਆਪਣੇ ਇਸੇ ਜਨ ਸੰਪਰਕ ਪ੍ਰੋਗਰਾਮ ਤਹਿਤ ਮਾਨ ਨੇ ਪ੍ਰਚਾਰ ਵਜੋਂ ਫਲੈਕਸ ਲੁਆਏ ਸਨ ਜੋ ਕਿਸੇ ਦੀ ਦਿਵੇਸ਼ ਭਾਵਨਾ ਕਾਰਨ ਖਰਾਬ ਕਰ ਦਿੱਤੇ ਗਏ।

ਦੋ ਦਹਾਕੇ ਪਹਿਲਾਂ ਤੱਕ ਰਾਮਪੁਰਾ ਹਲਕੇ ਦਦੀ ਗਿਣਤੀ ਸ਼ਾਂਤੀਪਸੰਦ ਹਲਕਿਆਂ ’ਚ ਕੀਤੀ ਜਾਂਦੀ  ਸੀ। ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਤੱਤਕਾਲੀ ਅਕਾਲੀ ਆਗੂ ਤੇ  ਮੌਜੂਦਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਨੂੰ ਅਜਾਦ ਉਮੀਦਵਾਰ ਵਜੋਂ ਹਰਾ ਦਿੱਤਾ ਸੀ। ਬਾਅਦ ’ਚ ਕਾਂਗੜ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਅਤੇ ਸਾਲ 2007 ਦੀਆਂ ਚੋਣਾਂ ਮੌਕੇ ਕਾਂਗਰਸ ਨੂੰ ਡੇਰਾ ਸਿਰਸਾ ਦੀ ਹਮਾਇਤ ਕਾਰਨ ਇੱਕ ਵਾਰ ਫਿਰ ਮਲੂਕਾ ਨੂੰ ਹਰਾਉਣ ’ਚ ਸਫਲਤਾ ਹਾਸਲ ਕਰ ਲਈ ਪਰ ਸਰਕਾਰ ਅਕਾਲੀ ਦਲ ਦੀ ਬਣ ਗਈ। ਇਸ ਦੌਰਾਨ ਹਲਕੇ ’ਚ ਕਈ ਮਾਮਲੇ ਚਰਚਾ ’ਚ ਰਹੇ ਜੋ ਸ਼ਾਂਤ ਪਾਣੀਆਂ ਨੂੰ ਤੱਤਾ ਕਰਨ ਵਾਲੇ ਸਾਬਤ ਹੋਏ।  ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਤਾਂ ਹਲਕੇ ਦੇ ਪਿੰਡ ਦਿਆਲਪੁਰਾ ਭਾਈ ’ਚ ਕਾਂਗਰਸੀ ਅਤੇ ਅਕਾਲੀ ਭਿੜ ਗਏ ਸਨ ਜਦੋਂਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਰਾਮਪੁਰਾ ’ਚ ਕਾਂਗਰਸ ਦੇ  ਪੋਲਿੰਗ ਏਜੰਟ ਦੀ ਕੁੱਟਮਾਰ ਕੀਤੀ ਗਈ ਸੀ।

ਤਲਖੀ ਤੋਂ ਨਾਂ ਬਚੀਆਂ ਅਗਲੀਆਂ ਚੋਣਾਂ

 ਰਾਮਪੁਰਾ ਹਲਕੇ ਵਿੱਚ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਅਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਸਿਆਸੀ ਧਿਰਾਂ  ਦੇ ਹਮਾਇਤੀਆਂ ਵਿਚਕਾਰ ਤਲਖੀ ਬਰਕਰਾਰ ਰਹੀ। ਇਸ ਤਲਖ ਮਹੌਲ ਦਾ ਅਸਰ ਹਲਕੇ ਵਿੱਚ ਹੋਣ ਵਾਲੀਆਂ ਨਗਰ ਪੰਚਾਇਤ, ਗਰਾਮ ਪੰਚਾਇਤ ਅਤੇ ਸਹਿਕਾਰੀ ਸਭਾਵਾਂ ਦੀਆਂ ਚੋਣਾਂ ’ਚ ਦਿਖਾਈ ਦਿੱਤਾ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪਿੰਡ ਮਲੂਕਾ ’ਚ ਸਹਿਕਾਰੀ ਸਭਾ ਚੋਣਾਂ ਦੌਰਾਨ ਤਾਂ ਦੋਵਾਂ ਧਿਰਾਂ ਵਿਚਕਾਰ ਤਿੱਖੀਆਂ ਝੜਪਾ ਹੋਈਆਂ ਸਨ।  ਹਲਕੇ ’ਚ ਹੋਰ ਵੀ ਕਾਫੀ ਪਿੰਡ ਹਨ ਜਿੱਥੇ ਸਿਆਸੀ ਭੇੜ ਆਪਸੀ ਲੜਾਈ ’ਚ ਬਦਲਦੇ ਦਿਖਾਈ ਦਿੱਤੇ।

ਕੀ ਇਤਿਹਾਸ ਦੁਹਰਾਏਗਾ ਰਾਮਪੁਰਾ ਹਲਕਾ

ਕੀ ਵਿਧਾਨ ਸਭਾ ਹਲਕਾ ਰਾਮਪੁਰਾ 20 ਸਾਲ ਬਾਅਦ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਾਲਾ ਇਤਿਹਾਸ ਦੁਹਰਾਏਗਾ ਇਹ ਸਵਾਲ ਅੱਜ ਹਲਕੇ ਦੇ ਪਿੰਡਾਂ ਸ਼ਹਿਰਾਂ ਹੀ ਨਹੀਂ ਬਲਕਿ ਸਿਆਸੀ ਹਲਕਿਆਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੰਨ੍ਹਾਂ ਚੋਣਾਂ ਦੌਰਾਨ ਇੱਕ ਚੜ੍ਹਦੀ ਉਮਰ ਦੇ ਗੱਭਰੂ ਗੁਰਪ੍ਰੀਤ ਕਾਂਗੜ ਨੇ ਜਜਬੇ ਨਾਲ ਚੋਣ ਲੜੀ ਅਤੇ ਪੰਜਾਬ ਸਰਕਾਰ ’ਚ ਮੰਤਰੀ ਤੇ ਅਕਾਲੀ ਦਲ ਦੇ ਥੰਮ ਸਿਕੰਦਰ ਸਿੰਘ ਮਲੂਕਾ ਨੂੰ ਹਰਾ ਦਿੱਤਾ ਸੀ। ਹਾਲਾਂਕਿ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਦੌਰਾਨ ਕਿਸ ਨੂੰ ਟਿਕਟ ਦਿੰਦੀ ਹੈ ਇਹ ਸਪਸ਼ਟ ਚੋਣਾਂ ਮੌਕੇ ਹੋ ਸਕੇਗਾ ਪਰ ਦੋ ਦਹਾਕੇਪਹਿਲਾਂ ਵਾਲੇ ਗੁਰਪ੍ਰੀਤ ਕਾਂਗੜ ਅਤੇ ਮੌਜੂਦਾ ਇੰਦਰਜੀਤ ਮਾਨ ਦੀ ਮੁਹਿੰਮ ’ਚ ਵੱਡੀ ਸਮਾਨਤਾ ਦੇਖੀ ਜਾ ਰਹੀ ਹੈ।

Advertisement
Advertisement
Advertisement
Advertisement
Advertisement
error: Content is protected !!