ਪਟਿਆਲਾ ਪੁਲਿਸ ਵੱਲੋਂ ਬੇਰੁਜ਼ਗਾਰ ਈਟੀਟੀ ਅਧਿਆਪਕਾਂ ‘ਤੇ ਲਾਠੀਚਾਰਜ ਕਰਨ ਦੀ ਜਨਤਕ ਜਥੇਬੰਦੀਆਂ ਵੱਲੋਂ ਨਿਖੇਧੀ
ਪਰਦੀਪ ਕਸਬਾ, ਬਰਨਾਲਾ ,ਜੂਨ 2021
ਪਟਿਆਲਾ ਵਿਖੇ ਇੱਕ ਵਾਰ ਫੇਰ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਤੇ ਭਿਆਨਕ ਲਾਠੀਚਾਰਜ ਕੈਪਟਨ ਸਰਕਾਰ ਵੱਲੋਂ ਕਰਵਾਇਆ ਗਿਆ ਅਤੇ ਇਸ ਬੇਕਿਰਕ ਲਾਠੀਚਾਰਜ ਦਰਮਿਆਨ ਕਈ ਸੰਘਰਸ਼ਸ਼ੀਲ ਯੋਧੇ ਜ਼ਖ਼ਮੀ ਹੋਏ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਸੂਬਾ ਪ੍ਰਧਾਨ ਸੰਜੀਵ ਮਿੰਟੂ , ਇਨਕਲਾਬੀ ਜਮਹੂਰੀ ਮੋਰਚਾ ਦੇ ਸਵਰਨਜੀਤ ਸਿੰਘ , ਜਮਹੂਰੀ ਅਧਿਕਾਰ ਸਭਾ ਦੇ ਨਾਮਦੇਵ ਭੁਟਾਲ , ਡੈਮੋਕਰੈਟਿਕ ਟੀਚਰ ਫਰੰਟ ਦੇ ਰਘਵੀਰ ਭਵਾਨੀਗਡ਼੍ਹ ਨੇ ਇਸ ਭਿਆਨਕ ਲਾਠੀਚਾਰਜ ਦੌਰਾਨ ਸੰਘਰਸ਼ਸ਼ੀਲ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਜ਼ਖ਼ਮੀ ਅਤੇ ਗ੍ਰਿਫ਼ਤਾਰ ਕਰਨ ਦੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦਾ ਸਿਦਕ ਪਰਖ ਰਹੀ ਹੈ ।
ਆਗੂਆਂ ਨੇ ਪੰਜਾਬ ਸਰਕਾਰ ਦੀ ਨਿੰਦਿਆ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਨੂੰ ਰੁਜ਼ਗਾਰ ਦਾ ਲਾਰਾ ਲਾ ਕੇ ਸੱਤਾ ਵਿਚ ਆਈ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਨੇ ਆਪਣੇ ਰੰਗ ਬਦਲ ਲਏ ਹਨ । ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਿੱਟੇ ਭੁਗਤਣੇ ਪੈਣਗੇ ।