ਲੜਾਈ ਆਰ ਪਾਰ ਦੀ ਹੈ, ਇਸ ਮਾਮਲੇ ਤੋਂ ਬਾਅਦ ਪ੍ਰਦੂਸ਼ਣ ਖਿਲਾਫ ਵਿੱਢਾਂਗੇ ਜੰਗ-ਪਿੰਡ ਵਾਸੀ
ਹਰਿੰਦਰ ਨਿੱਕਾ , ਰੂੜੇਕੇ ਕਲਾਂ , ਬਰਨਾਲਾ , 13 ਜੂਨ 2021
ਪਿੰਡ ਧੌਲਾ ਦੇ ਗਰਿੱਡ ਤੋਂ ਆਈ ਓ ਐੱਲ ਫੈਕਟਰੀ ਧੌਲਾ ਨੂੰ ਦਿੱਤੀ ਜਾ ਰਹੀ ਬਿਜਲੀ ਦੀ ਨਵੀਂ ਸਪਲਾਈ ਖਿਲਾਫ ਪਿੰਡ ਵਾਸੀ ਭੜਕ ਗਏ ਤੇ ਉਨ੍ਹਾਂ ਨੇ ਅੱਜ ਬਰਨਾਲਾ ਮਾਨਸਾ ਰੋਡ `ਤੇ ਧਰਨੇ ਲਗਾ ਕੇ ਜਾਮ ਕਰ ਦਿੱਤਾ।
ਜਿਸ ਤੋਂ ਬਾਅਦ ਵੱਡੀ ਪੱਧਰ `ਤੇ ਆਵਜਾਈ ਪ੍ਰਭਾਵਿਤ ਹੋ ਗਈ।ਧਰਨਾਕਾਰੀਆਂ ਨੇ ਇਸ ਮੌਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਮੈਂਬਰ ਗੁਰਜੀਤ ਸਿੰਘ, ਪਰਮਜੀਤ ਸਿੰਘ ਰਤਨ, ਕੁਲਦੀਪ ਸਿੰਘ ਧਾਲੀਵਾਲ, ਸੁਖਦੇਵ ਸਿੰਘ, ਸਤਨਾਮ ਸਿੰਘ ਨੰਬਰਦਾਰ, ਕਰਮਜੀਤ ਸਿੰਘ ਗਗਨ, ਨਿਰਭੈ ਸਿੰਘ, ਸੁਖਦਰਸ਼ਨ ਸਿੰਘ, ਐਡਵੋਕੇਟ ਗੁਰਚਰਨ ਸਿੰਘ ਧੌਲਾ, ਬਲਜਿੰਦਰ ਸਿੰਘ ਧੌਲਾ ਆਦਿ ਨੇ ਕਿਹਾ ਕਿ ਉਕਤ ਫੈਕਟਰੀ ਨੂੰ ਦਿੱਤੀ ਜਾ ਰਹੀ ਬਿਜਲੀ ਨਾਲ ਧੌਲਾ ਗਰਿੱਡ ਓਵਰਲੋਡ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਪਹਿਲਾਂ ਹੀ ਬਿਜਲੀ ਦੇ ਲੰਬੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀ ਆਈ ਓ ਐੱਲ ਫੈਕਟਰੀ ਦੀ ਪਹਿਲਾਂ ਕੱਢੀ ਲਾਈਨ ਨੂੰ ਵੀ ਪਟਾਉਣ ਲਈ ਬਜਿੱਦ ਹਨ।
ਜਿਕਰਯੋਗ ਹੈ ਪਿੰਡ ਧੌਲਾ ਵਾਸੀ ਪਿਛਲੇ ਚਾਰ ਦਿਨਾਂ ਤੋਂ ਧਰਨੇ ਉੱਪਰ ਬੈਠੇ ਹਨ। ਧਰਨਾਕਾਰੀਆਂ ਵੱਲੋਂ ਆਈ ਓ ਐੱਲ ਫੈਕਟਰੀ ਨੂੰ ਪਹਿਲਾਂ ਦੀ ਬਿਜਲੀ ਸਵਿੱਚ ਨੁੰ ਜਿੰਦਾ ਲਗਾ ਕੇ ਬੰਦ ਕੀਤਾ ਹੋਇਆ ਹੈ।ਧਰਨਾਕਾਰੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕਾਮ ਨੂੰ ਇੱਕ ਮੰਗ ਪੱਤਰ ਵੀ ਦੇ ਕੇ ਚੁੱਕੇ ਹਨ।ਪਰ ਉਸ `ਤੇ ਮਹਿਕਮੇ ਵੱਲੋਂ ਕੁਝ ਜੁਆਬ ਨਹੀਂ ਆਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਿੱਤ ਤੋਂ ਬਾਅਦ ਪ੍ਰਦੂਸ਼ਣ ਖਿਲਾਫ ਵੀ ਜੰਗ ਲੜਾਂਗੇ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।ਪੁਲਿਸ ਪਾਰਟੀ ਰੂੜੇਕੇ ਕਲਾਂ ਮੌਕੇ ਪਰ ਮੌਜੂਦ ਸੀ। ਧਰਨੇ ਵਿਚ ਬਾਬੂ ਸਿੰਘ, ਰਕੇਸ਼ ਕੁਮਾਰ, ਹਰਦੀਪ ਸਿੰਘ, ਗੁਰਜੰਟ ਸਿੰਘ ਬੀ ਕੇ ਯੂ ਡਕੌਂਦਾ, ਗੁਰਮੀਤ ਸਿੰਘ, ਬਿੰਦਰ ਸਿੰਘ ਆਦਿ ਮੌਜੂਦ ਸਨ।