ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸੀ ਪਠਾਣਾ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਭਾਗ
ਬਸੀ ਪਠਾਣਾ / ਫਤਹਿਗੜ੍ਹ ਸਾਹਿਬ, 02 ਜੂਨ 2022
ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਵਿਦਿਆਰਥੀਆਂ ਦੇ ਆਨ ਲਾਈਨ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਦੀ ਲੜੀ ਤਹਿਤ ਹੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸੀ ਪਠਾਣਾ ਦੇ ਵਿਦਿਆਰਥੀਆਂ ਦੇ ਆਨਲਾਈਨ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਅੱਠਵੀਂ ਜਮਾਤ ਦੀ ਕੋਮਲਪ੍ਰੀਤ ਕੌਰ, ਬਾਰਵੀਂ ਜਮਾਤ ਦੀ ਗੁਰਮੀਲਾਨ,ਅਨਮੌਲ ਅਤੇ ਜਸਨ ਸਮੇਤ ਹੋਰ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਪ੍ਰਭਸਿਮਰਨ ਕੌਰ (ਸੀ: ਸਿ:) ਨੇ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬ ਦੇ ਸੁਨਹਿਰੇ ਇਤਿਹਾਸ ਬਾਰੇ ਦੱਸ ਕੇ ਉਨ੍ਹਾਂ ਨੂੰ ਗੁਰੁ ਸਾਹਿਬਾਨ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਈਏ ਤਾਂ ਜੋ ਸਾਡੇ ਬੱਚੇ ਛੋਟੀ ਉਮਰ ਤੋਂ ਹੀ ਆਪਣੇ ਅਮੀਰ ਵਿਰਸੇ ਤੇ ਇਤਿਹਾਸ ਤੋਂ ਜਾਣੂ ਹੋਣ ਅਤੇ ਉਹ ਇੱਕ ਨਰੋਏ ਸਮਾਜ ਦੀ ਸਿਰਜਣਾ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ।
ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੀ ਵੀਰ ਗਾਥਾ ਬਾਰੇ ਜਾਣਕਾਰੀ ਪਹੁੰਚਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਦੇ ਨੋਡਲ ਅਫ਼ਸਰ ਤੇ ਸ਼੍ਰੀਮਤੀ ਰੂਪਪ੍ਰੀਤ ਕੌਰ, ਪ੍ਰਿੰਸੀਪਲ ਰੇਨੂ ਮਹਿਤਾ, ਟੈਕਨੀਕਲ ਕੰਪਿਊਟਰ ਅਸਿਸਟੈਂਟ ਤੇਜਿੰਦਰ ਸਿੰਘ ਵੱਲੋਂ ਇਹ ਮੁਕਾਬਲੇ ਕਰਵਾਉਣ ਸਬੰਧੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।