ਕਾਮਯਾਬ ਕਿਸਾਨ, ਖ਼ੁਸ਼ਹਾਲ ਪੰਜਾਬ ਤਹਿਤ ਝੌਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਕੀਤਾ ਪ੍ਰੇਰਿਤ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 2 ਜੂਨ:2021
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਐਸ.ਡੀ.ਐਮ. ਲਹਿਰਾਗਾਗਾ ਸ਼੍ਰੀ ਪ੍ਰਮੋਦ ਸਿੰਗਲਾ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਦਾ ਦੌਰਾ ਕੀਤਾ। ਐਸ.ਡੀ.ਐਮ. ਵੱਲੋਂ ਝੌਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਸ਼ਲਾਘਾ ਕੀਤੀ ਤੇ ਮੌਜੂਦ ਹੋਰ ਕਿਸਾਨਾਂ ਨੰੂ ਵੀ ਇਸ ਸਬੰਧੀ ਪ੍ਰੇਰਿਤ ਕੀਤਾ।
ਇਸ ਮੌਕੇ ਐਸ.ਡੀ.ਐਮ. ਨੇ ਕਿਸਾਨਾਂ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਜਿੱਥੇ ਕਿਸਾਨਾਂ ਦਾ ਪਨੀਰੀ ਬੀਜ ਕੇ ਲਵਾਈ ਕਰਨ ਵਾਲਾ ਖਰਚਾ ਘੱਟਦਾ ਹੈ ਉਥੇ ਫਸਲਾ ਦਾ ਵਧੀਆ ਝਾੜ ਵੀ ਮਿਲਦਾ ਹੈ। ਉਨ੍ਹਾਂ ਕਿਸਾਨਾਂ ਨੰੂ ਕਿਹਾ ਕਿ ਕੋਵਿਡ 19 ਦੀ ਮਹਾਂਮਾਰੀ ਦੌਰਾਨ ਪੰਜਾਬ ਵਿਚ ਝੌਨਾ ਲਾਉਣ ਵਾਲੇ ਮਜ਼ਦੂਰਾਂ ਦੀ ਕਮੀ ਦੇ ਮੱਦੇਨਜ਼ਰ ਇਹ ਇਕ ਵਧੀਆ ਬਦਲ ਹੈ। ਉਨ੍ਹਾਂ ਕਿਹਾ ਕਿ ਸਾਉਣੀ 2020 ਦੌਰਾਨ ਮਜ਼ਦੂਰਾਂ ਦੀ ਕਮੀ ਕਾਰਨ ਬਹੁਤ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਤੇ ਉਹ ਇਸ ਵਿਚ ਸਫ਼ਲ ਵੀ ਰਹੇ।
ਸ਼੍ਰੀ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਖੇਤ ਨੰੂ ਕੱਦੂ ਕਰਨ ’ਤੇ ਆਉਣ ਵਾਲੇ ਖ਼ਰਚੇ ਦੀ ਵੀ ਬੱਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ, ਇਸ ਲਈ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਪਾਣੀ ਦੀ ਸੰਭਾਲ ਕਰੀਏ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਮਲ ਕਿਸਮਾਂ ਲਈ ਸਿੱਧੀ ਬਿਜਾਈ ਦਾ ਢੁਕਵਾਂ ਸਮਾਂ 1 ਜੂਨ ਤੋਂ 15 ਜੂਨ ਤੱਕ ਦਾ ਤੇ ਬਾਸਮਤੀ ਕਿਸਮਾਂ ਲਈ 16 ਜੂਨ ਤੋਂ 30 ਜੂਨ ਤੱਕ ਦਾ ਹੈ। ਉਨ੍ਹਾਂ ਕਿਸਾਨਾਂ ਨੰੂ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਰਕਬੇ ਵਿਚ ਝੌਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਾਮਯਾਬ ਕਿਸਾਨ, ਖ਼ੁਸ਼ਹਾਲ ਪੰਜਾਬ ਤਹਿਤ ਝੌਨੇ ਦੀ ਸਿੱਧੀ ਬਿਜਾਈ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਦੀ ਸੰਭਾਲ ਦੀ ਤਕਨੀਕੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।