ਹਲਕੇ ਦਾ ਸਰਵਪੱਖੀ ਵਿਕਾਸ ਕਰਵਾਉਣਾ ਉਹਨਾਂ ਦੀ ਤਰਜੀਹ – ਵਿਧਾਇਕ ਕੁਲਜੀਤ ਸਿੰਘ ਨਾਗਰਾ
ਬੀ ਟੀ ਐੱਨ , ਫ਼ਤਹਿਗੜ੍ਹ ਸਾਹਿਬ, 02 ਜੂਨ : 2021
ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਦੇ ਪਿੰਡਾਂ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਲੜੀ ਤਹਿਤ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ 25 ਲੱਖ ਰੁਪਏ ਨਾਲ ਨਵੇਂ ਸਿਰਿਉਂ ਬਣਾਈਆਂ ਜਾ ਰਹੀਆਂ ਪਿੰਡ ਚੁੰਨੀ ਮਾਜਰਾ ਦੀਆਂ ਸੜਕਾਂ, ਜਿਨ੍ਹਾਂ ਵਿੱਚ ਪਿੰਡ ਦੀ ਫਿਰਨੀ, ਗੁਗਾ ਮਾੜੀ, ਸ਼ਮਸ਼ਾਨਘਾਟ ਜਾਣ ਵਾਲੀਆਂ ਸੜਕਾਂ, ਦੇ ਕੰਮ ਦੀ ਸ਼ੁਰੂਆਤ ਕਰਵਾਈ। ਸ. ਨਾਗਰਾ ਨੇ ਕਿਹਾ ਕਿ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਉਣਾ ਉਹਨਾਂ ਦੀ ਤਰਜੀਹ ਹੈ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।
ਸ. ਨਾਗਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹਮੇਸ਼ਾਂ ਲੋਕਾਂ ਨੂੰ ਲਾਅਰੇ ਲਾਏ ਪਰ ਲੋਕਾਂ ਦੀਆਂ ਜ਼ਰੂਰਤਾਂ ਸਬੰਧੀ ਕੋਈ ਕੰਮ ਨਹੀਂ ਕੀਤਾ ਜਦੋਂ ਕਿ ਮੌਜੂਦਾ ਪੰਜਾਬ ਸਰਕਾਰ ਨੇ ਫ਼ਤਹਿਗੜ੍ਹ ਸਾਹਿਬ ਦੇ ਵਿਕਾਸ ਲਈ ਵੱਡੇ ਪ੍ਰੋਜੈਕਟ ਮਨਜੂਰ ਕੀਤੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਦੀ ਲੰਮੇ ਸਮੇਂ ਬਾਅਦ ਕਾਇਆ ਕਲਪ ਕੀਤੀ ਗਈ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਵਿੱਚ ਮੁਸ਼ਕਲ ਪੇਸ਼ ਨਾ ਆਵੇ। ਵਿਧਾਇਕ ਨਾਗਰਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਨੂੰ ਵਿਕਾਸ ਪੱਖੋਂ ਨਮੂਨੇ ਦਾ ਹਲਕਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦਾ ਚੱਲ ਰਿਹਾ ਵਿਕਾਸ ਇੱਕ ਮਿਸਾਲ ਹੈ ਜੋ ਕਿ ਪਹਿਲਾਂ ਕਦੇ ਵੀ ਨਹੀਂ ਹੋਇਆ।
ਇਸ ਮੌਕੇ ਐੱਸ.ਡੀ.ਓ ਮਨਦੀਪ ਸਿੰਘ, ਜੇ.ਈ ਬਲਜਿੰਦਰ ਸਿੰਘ, ਬਲਾਕ ਸੰਮਤੀ ਖੇੜਾ ਦੇ ਚੇਅਰਮੈਨ ਗੁਰਮੇਲ ਸਿੰਘ ਰਾਜਿੰਦਰਗੜ੍ਹ, ਸਰਪੰਚ ਤਰਸੇਮ ਸਿੰਘ, ਸਰਪੰਚ ਅਮਨਦੀਪ ਸਿੰਘ ਰਾਜਿੰਦਰਗੜ੍ਹ, ਨੇਤਰ ਢੌਲਾ, ਸੈੱਲੀ ਢੌਲਾ, ਬਲਜਿੰਦਰ ਭੈਣੀ, ਪੰਚ ਗੱਜਣ ਸਿੰਘ, ਨੇਤਰ ਸਿੰਘ, ਬਾਠ ਰਾਜਿੰਦਰਗੜ੍ਹ, ਜਵਾਲਾ ਸਿੰਘ, ਹਰਬੰਸ ਸਿੰਘ ਨੰਬਰਦਾਰ, ਕੇਸਰ ਸਿੰਘ, ਗੁਰਦੀਪ ਸਿੰਘ, ਹਰਵਿੰਦਰ ਸਿੰਘ, ਜਸਪਿੰਦਰ ਸਿੰਘ, ਹਰਬਿੰਦਰ ਸਿੰਘ ਆਦਿ ਹਾਜ਼ਰ ਸਨ।