ਸਾਂਝਾ ਕਿਸਾਨ ਮੋਰਚਾ: ਧਰਨੇ ਦਾ 245 ਵਾਂ ਦਿਨ
ਟੋਹਾਨਾ ( ਹਰਿਆਣਾ) ਵਿੱਚ ਕਿਸਾਨਾਂ ‘ਤੇ ਕੇਸ ਦਰਜ ਕਰਨ ਤੇ ਪੁਲਿਸ ਲਾਠੀਚਾਰਜ ਦੀ ਨਿਖੇਧੀ।
ਕਿਸਾਨ ਆਗੂ ਬਲਵੰਤ ਉਪਲੀ ਦੀ ਅਗਵਾਈ ‘ਚ ਸੈਂਕੜੇ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ।
ਪਰਦੀਪ ਕਸਬਾ , ਬਰਨਾਲਾ: 2 ਜੂਨ, 2021
ਤੀਹ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਏ ਧਰਨੇ ਦਾ ਅੱਜ 245 ਵੇਂ ਦਿਨ ਸੀ। ਰੋਜ ਦੀ ਤਰ੍ਹਾਂ ਅੱਜ ਵੀ ਧਰਨਾਕਾਰੀ ਕੇਂਦਰੀ ਤੇ ਸੂਬਾ ਸਰਕਾਰ ਦੇ ਹੱਠ ਵਿਰੁੱਧ ਅਤੇ ਆਪਣੀਆਂ ਮੰਗਾਂ ਦੇ ਹੱਕ ਵਿਚ ਆਕਾਸ਼ ਗੁੰਜਾਊ ਨਾਹਰੇਬਾਜ਼ੀ ਕਰਦੇ ਰਹੇ।
ਅੱਜ ਧਰਨੇ ਵਿੱਚ ਕੱਲ੍ਹ ਟੋਹਾਨਾ ਵਿੱਚ ਕਿਸਾਨਾਂ ‘ਤੇ ਲਾਠੀਚਾਰਜ ਕਰਨ ਅਤੇ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਦੀ ਕਰਵਾਈ ਵਿਰੁੱਧ ਨਿਖੇਧੀ ਮਤਾ ਪਾਸ ਕੀਤਾ ਗਿਆ ਅਤੇ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ।
ਅੱਜ ਧਰਨੇ ਨੂੰ ਗੁਰਦੇਵ ਸਿੰਘ ਮਾਂਗੇਵਾਲ, ਮਨਜੀਤ ਰਾਜ, ਗੁਰਮੀਤ ਸੁਖਪੁਰ,ਬਾਬੂ ਸਿੰਘ ਖੁੱਡੀ ਕਲਾਂ,ਨਛੱਤਰ ਸਿੰਘ ਸਾਹੌਰ, ਮਿਲਖਾ ਸਿੰਘ ਟੈਕਨੀਕਲ/ ਮਕੈਨੀਕਲ ਯੂਨੀਅਨ,ਗੋਰਾ ਸਿੰਘ ਢਿੱਲਵਾਂ,ਗੁਰਨਾਮ ਸਿੰਘ ਠੀਕਰੀਵਾਲਾ,ਮੇਲਾ ਸਿੰਘ ਕੱਟੂ, ਬਲਜੀਤ ਸਿੰਘ ਚੌਹਾਨਕੇ, ਧਰਮਪਾਲ ਕੌਰ ਤੇ ਜਸਪਾਲ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਤੇ ਸਰਕਾਰੀ ਸਕੂਲਾਂ ਦਾ ਹਾਲ ਸਾਡੇ ਸਾਹਮਣੇ ਹੈ। ਮੈਡੀਕਲ ਸਟਾਫ ਦੀ ਤਾਂ ਗੱਲ ਹੀ ਛੱਡੋ, ਅੱਜ ਪਿੰਡਾਂ ਦੀਆਂ ਡਿਸਪੈਂਸਰੀਆਂ ਦੀਆਂ ਇਮਾਰਤਾਂ ਤੱਕ ਵੀ ਢਹਿ ਢੇਰੀ ਹੋ ਚੁੱਕੀਆਂ ਹਨ। ਸਕੂਲਾਂ ਵਿੱਚ ਜਾਣਬੁੱਝ ਕੇ ਅਧਿਆਪਕ ਭਰਤੀ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਲੋਕਾਂ ਨੂੰ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਇਹੀ ਹਾਲਤ ਹੋਰ ਸਰਕਾਰੀ ਸਹੂਲਤਾਂ ਦੀ ਹੈ। ਸਰਕਾਰੀ ਸਹੂਲਤਾਂ ਦਾ ਨਿੱਜੀਕਰਨ ਕਰਨ ਲਈ ਪਹਿਲਾਂ ਇਨ੍ਹਾਂ ਸਹੂਲਤਾਂ ਦਾ ਭੱਠਾ ਬਠਾਇਆ ਜਾਂਦਾ ਹੈ ਅਤੇ ਫਿਰ ਇਸ ਬਹਾਨੇ ਇਨ੍ਹਾਂ ਦਾ ਨਿੱਜੀਕਰਨ ਕਰ ਦਿੱਤਾ ਜਾਂਦਾ ਹੈ। ਬੱਸ ਇਹੀ ਕੁੱਝ ਸਰਕਾਰੀ ਮੰਡੀਆਂ ਨਾਲ ਕੀਤਾ ਜਾਵੇਗਾ। ਪਹਿਲਾਂ ਸਰਕਾਰੀ ਮੰਡੀਆਂ ਨੂੰ ਕਮਜ਼ੋਰ ਤੇ ਪ੍ਰਾਈਵੇਟ ਮੰਡੀਆਂ ਨੂੰ ਮਜਬੂਤ ਕੀਤਾ ਜਾਵੇਗਾ। ਫਿਰ ‘ਇਨ੍ਹਾਂ ਮੰਡੀਆਂ ਦੀ ਹੁਣ ਲੋੜ ਨਹੀਂ ਰਹੀ’ ਕਹਿ ਕੇ ਸਰਕਾਰੀ ਮੰਡੀਆਂ ਦਾ ਭੋਗ ਪਾ ਦਿੱਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਸਾਲ 5 ਜੂਨ ਨੂੰ ਤਿੰਨ ਆਰਡੀਨੈਂਸ ਜਾਰੀ ਕਰਕੇ ਸਰਕਾਰ ਨੇ ਖੇਤੀ ਖੇਤਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦਾ ਮੁੱਢ ਬੰਨਿਆ ਸੀ। ਉਸੇ ਦਿਨ ਤੋਂ ਇਸ ਫਾਸ਼ੀ ਆਰਥਿਕ ਹੱਲੇ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਹ ਦਿਨ ਸੰਪੂਰਨ ਕਰਾਂਤੀ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੋਇਆ ਹੈ। ਉਸ ਦਿਨ ਬੀਜੇਪੀ ਸਾਂਸਦਾਂ ਤੇ ਵਿਧਾਇਕਾਂ ਦੇ ਘਰਾਂ ਮੂਹਰੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਜਿਥੇ ਬੀਜੇਪੀ ਦੇ ਸਾਂਸਦ ਜਾਂ ਵਿਧਾਇਕ ਮੌਜੂਦ ਨਹੀਂ ਉਥੇ ਜਿਲ੍ਹਾ ਅਧਿਕਾਰੀਆਂ ਦੇ ਦਫਤਰਾਂ ਮੂਹਰੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।ਕਿਸਾਨ ਆਗੂਆਂ ਨੇ ਇਸ ਦਿਨ ਲਈ ਵਿਆਪਕ ਲਾਮਬੰਦੀ ਕਰਨ ਦੀ ਅਪੀਲ ਕੀਤੀ।
ਅੱਜ ਜਗਦੀਸ਼ ਲੱਧਾ, ਮਨਜੋਤ ਕੌਰ ਤੇ ਜਗਰੂਪ ਸਿੰਘ ਕਵੀਸ਼ਰੀ ਨੇ ਗੀਤ ਸੁਣਾਏ।