ਕਰੋਨਾ ਵਾਇਰਸ ਕਾਰਨ ਹੋਣ ਪੀੜਤ ਲੋਕਾਂ ਦੀ ਹੋ ਰਹੀ ਖੱਜਲਖੁਆਰੀ ਅਤੇ ਵੱਡੀ ਗਿਣਤੀ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਸਿਹਤ ਸੇਵਾਵਾਂ ਵਿਚ ਸੁਧਾਰ ਕਰਨ ਦੀ ਕੀਤੀ ਮੰਗ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 2 ਜੂਨ 2021
ਵੱਖ ਵੱਖ ਜਮਹੂਰੀ ਤੇ ਜਨਤਕ ਜਥੇਬੰਦੀਆਂ ਦੇ ਇਕ ਪ੍ਰਤੀਨਿਧੀ ਵਫਦ ਸਿਵਲ ਸਰਜਨ ਸੰਗਰੂਰ ਨੂੰ ਮਿਲ ਕੇ ਜਿਲੇ ਵਿੱਚ ਕਰੋਨਾ ਵਾਇਰਸ ਕਾਰਨ ਹੋਣ ਪੀੜਤ ਲੋਕਾਂ ਦੀ ਹੋ ਰਹੀ ਖੱਜਲਖੁਆਰੀ ਅਤੇ ਵੱਡੀ ਗਿਣਤੀ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਸਿਹਤ ਸੇਵਾਵਾਂ ਵਿਚ ਸੁਧਾਰ ਕਰਨ ਦੀ ਮੰਗ ਕੀਤੀ। ਵਫਦ ਨੇ ਕਿਹਾ ਕਿ ਪਿੰਡਾਂ ਵਿੱਚ ਸਿਹਤ ਸੰਸਥਾਵਾਂ ‘ਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਅਤੇ ਉਨ੍ਹਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ, ਖਾਲੀ ਆਸਾਮੀਆਂ ਤੁਰੰਤ ਭਰੀਆਂ ਜਾਣ । ਇਹਨਾਂ ਸੰਸਥਾਵਾਂ ਵਿੱਚ ਕੋਵਿਡ ਟੈਸਟ ਕਰਨ ਲਈ ਟਰੇਂਡ ਸਟਾਫ ਦੀ ਤਾਇਨਾਤੀ ਕੀਤੀ ਜਾਵੇ।
ਹਰ ਪੱਧਰ ਤੇ ਕਰੋਨਾ ਟੈਸਟ ਕਰਨ ਲਈ ਟਰੇਂਡ ਡਾਕਟਰ ਜਾਂ ਸਟਾਫ ਦੀ ਜਿੰਮੇਵਾਰੀ ਲਾਈ ਜਾਵੇ। ਮਰੀਜ਼ਾਂ ਦੇ ਬੈਠਣ ਲਈ ਢੁੱਕਵਾਂ ਪ੍ਰਬੰਧ ਕੀਤਾ ਜਾਵੇ। ਘਰਾਂ ‘ਚ ਇਕਾਂਤਵਾਸ ਮਰੀਜ਼ਾਂ ਦੀ ਸਵੇਰੇ ਸ਼ਾਮ ਮਨਟੀਰਿੰਗ/ਦੇਖ ਰੇਖ ਲਈ ਸਿਖਲਾਈ ਪ੍ਰਾਪਤ ਸਟਾਫ ਨਿਯੁਕਤ ਕੀਤਾ ਜਾਵੇ ।ਘਰਾਂ ਵਿਚ ਏਕਾਂਤਵਾਸ ਮਰੀਜ਼ਾਂ ਦੇ ਗੰਭੀਰ ਰੂਪ ਵਿਚ ਬਿਮਾਰੀ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਹਸਪਤਾਲ ਵਿਚ ਸਿਫਟ ਕਰਨ ਲਈ ਆਕਸੀਜਨ ਅਤੇ ਹੋਰ ਜਰੂਰੀ ਸਮਾਨ ਨਾਲ ਲੈਸ ਐਬੁਲੈਂਸ ਅਤੇ ਹੁਨਰਮੰਦ ਸਟਾਫ ਦੀ ਡਿਊਟੀ ਲਗਾਈ ਜਾਵੇ। ਏਕਾਂਤਵਾਸ ਮਰੀਜ਼ਾਂ ਨੂੰ ਅਤੇ ਆਮ ਜਨਤਾ ਨੂੰ ਜਿਲ੍ਹਾ ਭਰ ਵਿਚ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਖਾਲੀ ਬੈੱਡਾਂ ਦੀ ਸੂਚਨਾ ਹਰ ਸਮੇਂ ਦੇਣ ਦੀ ਵਿਵਸਥਾ ਕੀਤੀ ਜਾਵੇ। ਹਰੇਕ ਪਿੰਡ ਚ ਪੂਰੀਆਂ ਸਹੂਲਤਾਂ ਨਾਲ ਲੈਸ ਐਸੋਲੇਸ਼ਨ ਸੈਂਟਰ ਬਣਾਏ ਜਾਣ, ਉਨ੍ਹਾਂ ਵਿੱਚ ਡਾਕਟਰ ਅਤੇ ਟ੍ਰੇਂਡ ਸਟਾਫ ਤੈਨਾਤ ਕੀਤਾ ਜਾਵੇ।
ਛੋਟੇ ਘਰਾਂ ਵਾਲੇ ਮਰੀਜਾਂ ਨੂੰ ਇਹਨਾਂ ਇਕਾਂਤਵਾਸ ਸੈਂਟਰਾਂ ਵਿੱਚ ਰੱਖਿਆ ਜਾਵੇ। ਕੋਵਿਡ ਲੈਬਲ 2 ਫੈਸਿਲਟੀ ‘ਚ ਸਪੈਸ਼ਲਿਸਟ ਡਾਕਟਰਾਂ ਦੀ ਡਿਉਟੀ ਲਗਾਈ ਜਾਵੇ ਅਤੇ ਉਨ੍ਹਾਂ ਦਾ ਫੈਸਿਲਟੀ ਅੰਦਰ ਜਾ ਕੇ ਮਰੀਜ਼ਾਂ ਦਾ ਸਵੇਰੇ ਸ਼ਾਮ ਚੈੱਕ ਅੱਪ ਯਕੀਨੀ ਬਣਾਇਆ ਜਾਵੇ।ਸੰਗਰੂਰ ਵਿਚ 25 ਬੈੱਡਾਂ ਦਾ ਕੋਵਿਡ ਲਈ ਲੈਵਲ 3 ਫੈਸਿਲਟੀ ਕਾਇਮ ਕੀਤੀ ਜਾਵੇ।ਕੋਵਿਡ ਲੈਵਲ 2 ਫੈਸਿਲਟੀ ਵਿਚ ਹਰ ਦਸ ਮਰੀਜ਼ਾਂ ਪਿਛੇ ਇਕ ਸਟਾਫ ਨਰਸ ਦੀ ਤੈਨਾਤੀ ਕੀਤੀ ਜਾਵੇ ਤੇ ਮਰੀਜ਼ਾਂ ਦੇ ਹਰ ਤਰ੍ਹਾਂ ਦੇ ਟੈਸਟਾਂ ਦਾ ਪ੍ਰਬੰਧ ਕੀਤਾ ਜਾਵੇ।ਹਰ ਇੱਕ ਸਬ ਡਿਵੀਜ਼ਨ ਹਸਪਤਾਲਾਂ ਚ ਲੈਵਲ ਟੂ ਫੈਸਿਲਟੀ ਦਾ ਪ੍ਰਬੰਧ ਕੀਤਾ ਜਾਵੇ।
ਵੈਕਸੀਨੇਸ਼ਨ ਸੈਂਟਰਾਂ ਚ ਮਰੀਜ਼ਾਂ ਦਾ ਚੈੱਕਅੱਪ ਰਜਿਸਟ੍ਰੇਸ਼ਨ ਅਤੇ ਬੈਠਣ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ।ਕਰੋਨਾ ਬਿਮਾਰੀ ਬਾਰੇ ਪਿੰਡਾਂ ,ਕਸਬਿਆਂ,ਸ਼ਹਿਰਾਂ ਦੇ ਮੁਹਲਿਆਂ ਵਿੱਚ ਚੇਤਨਾ ਫਲਾਉਣ ਸਬੰਧੀ ਯੋਗ ਸਟਾਫ ਤੈਨਾਤ ਕੀਤਾ ਜਾਵੇ। ਜਿਲ੍ਹੇ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਕਰੋਨਾ ਵਾਇਰਸ ਕਾਰਨ ਮਰੀਜ਼ਾਂ ਸਿਹਤ ਉਪਰ ਹੋਣ ਸੰਭਾਵਿਤ ਪ੍ਰਭਾਵਾਂ ਅਤੇ ਉਨ੍ਹਾਂ ਦੇ ਵੱਖ ਵੱਖ ਸਮੇਂ ਕੀਤੇ ਜਾਣ ਵਾਲੇ ਇਲਾਜ ਸੰਬੰਧੀ ਟ੍ਰੇਨਿੰਗ ਦਿੱਤੀ ਜਾਵੇ।ਸਿਵਲ ਸਰਜਨ ਨੇ ਉਪਰੋਕਤ ਮਸਲਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਇਹਨਾਂ ਤਰੁੱਟੀਆਂ ਨੂੰ ਦੂਰ ਕਰਨ ਦਾ ਭਰੋਸਾ ਦਿਵਾਇਆ। ਵਫਦ ਵਲੋਂ ਪੇਸ਼ ਕੀਤੇ ਮੰਗ ਪੱਤਰ ਦੀ ਕਾਪੀ ਡਿਪਟੀ ਕਮਿਸ਼ਨਰ ਨੂੰ ਸੰਬੋਧਿਤ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੂੰ ਵੀ ਸੌਪ ਕੇ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿ ਜੇਕਰ ਇਹ ਸੁਧਾਰ 10 ਦਿਨਾਂ ਵਿਚ ਨਾ ਕੀਤੇ ਗਏ ਤਾਂ ਜਥੇਬੰਦੀਆਂ ਸੰਘਰਸ਼ ਸ਼ੁਰੂ ਕਰਨਗੀਆਂ।
ਵਫਦ ਵਿਚ ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਪ੍ਰਧਾਨ ਸਵਰਨਜੀਤ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੰਜੀਵ ਮਿੰਟੂ ਅਤੇ ਜਿਲ੍ਹਾ ਆਗੂ ਬਿਮਲ ਕੌਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਦੀਪ ਹਥਨ, ਜਮਹੂਰੀ ਅਧਿਕਾਰ ਸਭਾ ਦੇ ਆਗੂ ਮਨਧੀਰ ਸਿੰਘ ਅਤੇ ਜਗਰੂਪ ਸਿੰਘ, ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਪਰਮਵੇਦ ਅਤੇ ਜਿਲ੍ਹਾ ਆਗੂ ਗੁਰਦੀਪ ਸਿੰਘ, ਟੈਕਨੀਕਲ ਐਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਆਗੂ ਬਬਨ ਪਾਲ, ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਆਗੂ ਪਰਮਿੰਦਰ ਸਿੰਘ ਮੌਜੂਦ ਸਨ।