ਯੋਜਨਾ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਤੇ ਬੱਚੀਆਂ ਨੂੰ ਮੁਫ਼ਤ ਮੁਹੱਈਆ ਕੀਤੇ ਜਾਣਗੇ ਸੈਨੇਟਰੀ ਪੈਡ-ਡਿਪਟੀ ਕਮਿਸ਼ਨਰ

Advertisement
Spread information

ਮਹਿਲਾਵਾਂ ਨੂੰ ਮਾਣ-ਸਤਿਕਾਰ ਨਾਲ ਜ਼ਿੰਦਗੀ ਜਿਊਣ ਦਾ ਮੌਕਾ ਦੇਣ ਲਈ ਆਂਗਨਵਾੜੀ ਵਰਕਰਾਂ ਰਾਹੀਂ ਕੀਤੀ ਜਾਵੇਗੀ ਸੈਨੇਟਰੀ ਨੈਪਕਿਨਾਂ ਦੀ ਵੰਡ-ਰਾਮਵੀਰ

ਹਰਪ੍ਰੀਤ ਕੌਰ ਬਬਲੀ  , ਸੰਗਰੂਰ, 28 ਮਈ 2021

ਅੱਜ ‘ਵਿਸ਼ਵ ਮਾਸਿਕ ਧਰਮ ਸਵੱਛਤਾ ਦਿਵਸ’ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਯੋਜਨਾ ‘ਉਡਾਣ’ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਤੇ ਬੱਚੀਆਂ ਨੂੰ ਮੁਫ਼ਤ ਸੈਨੇਟਰੀ ਨੈਪਕਿਨ ਵੰਡੇ ਜਾਣ ਦੀ ਸ਼ੁਰੂਆਤ ਕੀਤੀ ਗਈ। ਸੂਬਾ ਪੱਧਰੀ ਵਰਚੂਅਲ ਸਮਾਗਮ ’ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਤੋਂ ਸ਼ਾਮਲ ਹੁੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਅਸਲ ਲੋੜਵੰਦਾਂ ਤੱਕ ਪੁੱਜਦਾ ਕਰਨ ਲਈ ਵਚਨਬੱਧ ਹੈ ਤੇ ‘ਉਡਾਣ’ ਯੋਜਨਾ ਤਹਿਤ ਵੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਲੋੜਵੰਦ ਮਹਿਲਾ ਤੇ ਬੱਚੀ ਨੂੰ ਸੈਨੇਟਰੀ ਪੈਡ ਮੁਫ਼ਤ ਦਿੱਤਾ ਜਾਵੇ।

Advertisement

ਸ਼੍ਰੀ ਰਾਮਵੀਰ ਨੇ ਦੱਸਿਆ ਕਿ ਔਰਤਾਂ ਦੇ ਸਸ਼ਕਤੀਕਰਨ ਲਈ ਵਚਨਬੱਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਮਾਣ-ਸਤਿਕਾਰ ਨਾਲ ਜ਼ਿੰਦਗੀ ਜਿਊਣ ਦਾ ਮੌਕਾ ਦੇਣ ਲਈ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਆਂਗਨਵਾੜੀ ਵਰਕਰਾਂ ਰਾਹੀਂ ਔਰਤਾਂ ਨੂੰ ਸੈਨੇਟਰੀ ਨੈਪਕਿਨਾਂ ਦੀ ਵੰਡ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਔਰਤਾਂ ਨੂੰ ਮਾਸਿਕ ਧਰਮ ਸਮੇਂ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਆਤਮ-ਵਿਸ਼ਵਾਸ ਤੇ ਮਾਣ ਨਾਲ ਜਿਉਣ ਦਾ ਮੌਕਾ ਮਿਲੇਗਾ ਅਤੇ ਉਹ ਨਿੱਜੀ ਸਫ਼ਾਈ ਦੇ ਮਹੱਤਵ ਨੂੰ ਸਮਝਣਗੀਆਂ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਰਾਜ ਵਿਆਪੀ ਪ੍ਰਾਜੈਕਟ ਪੰਜਾਬ ਸਰਕਾਰ ਦਾ ਇੱਕ ਹੋਰ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਔਰਤਾਂ ਦੇ ਸਸ਼ਕਤੀਕਰਨ ਵਿੱਚ ਵੱਡੀ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਬੱਸਾਂ ਵਿੱਚ ਸਾਰੀਆਂ ਔਰਤਾਂ ਲਈ ਸਫ਼ਰ ਦੀ ਸਹੂਲਤ ਵੀ ਬਿਲਕੁਲ ਮੁਫ਼ਤ ਕੀਤੀ ਹੈ ਅਤੇ ਔਰਤਾਂ ਲਈ ਸਰਕਾਰੀ ਨੌਕਰੀਆਂ ਵਿੱਚ 33 ਫੀਸਦੀ ਰਾਖਵਾਂਕਰਨ ਵੀ ਯਕੀਨੀ ਬਣਾਇਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਵੀ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!