ਅੱਜ ਮੋਗਾ ਵਿਖੇ ਹੋ ਰਹੇ ਸ਼ਰਧਾਂਜਲੀ ਸਮਾਗਮ ਤੇ

Advertisement
Spread information

ਬਾਜ਼ ਉਡਾਰੀ ਵਰਗਾ ਦੂਰਦਰਸ਼ੀ  ਸੀ ਡਾ. ਜਸਮੇਲ ਸਿੰਘ ਧਾਲੀਵਾਲ- ਗੁਰਭਜਨ ਸਿੰਘ ਗਿੱਲ (ਪ੍ਰੋ:)

ਪ੍ਰਦੀਪ ਕਸਬਾ,  ਬਰਨਾਲਾ 28 ਮਈ  2021
ਬਾਜ਼ ਨੂੰ ਕਿਸੇ ਪੁੱਛਿਆ ਸੀ, ਤੂੰ ਕਿੱਥੇ ਜੰਮਿਆ ਸੈਂ, ਉਸ ਉੱਤਰ ਮੋੜਿਆ ਬੁੱਢੇ ਰੁੱਖ ਦੀ ਖੋੜ ਵਿੱਚ। ਦੂਜਾ ਸਵਾਲ ਸੀ, ਹੁਣ ਕਿੱਧਰ ਦੀ ਉਡਾਰੀ ਹੈ, ਉਸ ਉੱਤਰ  ਮੋੜਿਆ, ਵਿਸ਼ਾਲ ਆਕਾਸ਼ ਦੀਆਂ ਨੀਲੱਤਣਾਂ ਦੀ ਥਾਹ ਪਾਉਣ।
ਇਹ ਗੱਲ ਮੈਂ 1975 ’ਚ  ਰਸੂਲ ਹਮਜ਼ਾਤੋਵ ਦੀ ਪੁਸਤਕ ਮੇਰਾ ਦਾਗਿਸਤਾਨ ਦੇ ਪੰਜਾਬ ਅਨੁਵਾਦ ’ਚੋਂ ਪੜ੍ਹੀ ਸੀ। ਉਦੋਂ ਪਤਾ ਨਹੀਂ ਸੀ ਇਹ ਬਾਜ਼ ਮੋਗਾ ਜ਼ਿਲ੍ਹੇ ’ਚ ਪਿੰਡ ਗਗੜਾ ਵਿਖੇ ਜਨਮ ਲੈ ਚੁਕਾ  ਹੈ।

ਮੈਂ ਡਾ. ਜਸਮੇਲ ਸਿੰਘ ਧਾਲੀਵਾਲ ਨੂੰ ਪਹਿਲੀ ਵਾਰ ਸ. ਜਗਦੇਵ ਸਿੰਘ ਜੱਸੋਵਾਲ ਅਤੇ ਡਾ. ਨਿਰਮਲ ਜੌੜਾ ਕਾਰਨ ਗਗੜਾ ਵਿਖੇ ਹੀ ਮਿਲਿਆ। ਉਸ ਨਾਲ ਸ. ਨਿਧੜਕ  ਸਿੰਘ ਬਰਾੜ ਤੇ ਸਾਥੀਆਂ ਨੇ ਰਲ ਕੇ ਮੋਗਾ ਵਿਖੇ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲਾ ਲਾਉਣਾ ਸੀ। ਉਸ ਦੀ ਤਿਆਰੀ ਕਮੇਟੀ ਦੀ ਮੀਟਿੰਗ ’ਚ ਸ਼ਾਮਲ ਹੋਣ ਗਿਆ ਸਾਂ ਮੈਂ। ਸਿਰਮੌਰ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਵੀ ਪੁੱਜੇ। ਸਭ ਨੇ ਆਪੋ ਆਪਣੇ ਸੁਝਾਅ ਦਿੱਤੇ ਜੋ ਡਾ. ਜਸਮੇਲ ਸਿੰਘ ਧਾਲੀਵਾਲ ਨਾਲੋ ਨਾਲ ਨੋਟ ਕਰ ਰਹੇ ਸਨ। ਹਰ ਸੁਝਾਅ ਬਾਅਦ ਸੰਖੇਪ ਟਿੱਪਣੀ ਦਿੰਦੇ, ਹੋ ਗਿਆ, ਹੁਣ ਅੱਗੇ ਚੱਲੋ। ਦ੍ਰਿੜ  ਵਿਸ਼ਵਾਸ਼ ਤੇ ਆਪਣੀ ਸਮਰੱਥਾ ’ਤੇ ਮਾਣ ਬਿਨ ਇਹ ਟਿੱਪਣੀ ਸੰਭਵ ਨਹੀਂ।

ਮੀਟਿੰਗ ਤੋਂ ਬਾਦ ਅਗਲੇ ਹਫ਼ਤੇ ਮੈ ਅਮਰੀਕਾ ਤੇ ਕੈਨੇਡਾ ਚਲਾ ਗਿਆ। ਮੇਲੇ ਚ ਹਾਜ਼ਰ ਨਹੀਂ ਸਾਂ ਪਰ ਰੀਪੋਰਟ ਨਾਲੋ ਨਾਲ ਮਿਲ ਰਹੀ ਸੀ ਕਿ ਨਿਧੜਕ ਦਾ ਸਖ਼ਤ ਅਨੁਸ਼ਾਸਨ ਸੀ ਤੇ ਧਾਲੀਵਾਲ ਦੀ ਖ਼ੁੱਲ੍ਹੀ ਬੁੱਕਲ। ਨਿਰਮਲ ਜੌੜਾ ਸਭ ਨੂੰ ਟਿਕਾਣੇ ਸਿਰ ਰੱਖ ਰਿਹਾ ਸੀ।
ਜਦ ਮੈਂ ਅਮਰੀਕਾ ਤੋਂ ਪਰਤਿਆ ਤਾਂ ਧਾਲੀਵਾਲ ਨਾਲ ਜੱਸੋਵਾਲ ਸਾਹਿਬ ਦੇ ਘਰ ਮੁਲਾਕਾਤ ਹੋਈ। ਇੱਕੋ ਬੋਲ ਬਾਰ ਬਾਰ ਬੋਲ ਰਿਹਾ ਸੀ ਉਹ ਬਾਈ ਜੀ ਤੁਸੀਂ ਤਾਂ ਚਲੇ ਗਏ ਪਰ ਮੇਲਾ ਵੇਖਦੇ ਕਦੇ। ਤੁਹਾਡੇ ਹੁੰਦਿਆਂ ਹੋਰ ਵੀ ਰੰਗ ਭਰਦਾ। ਮੈਨੂੰ ਚੰਗਾ ਲੱਗਿਆ ਉਸ ਦਾ ਚਾਅ ਲੈਣ ਦਾ ਅੰਦਾਜ਼। ਉਹ ਕਈ ਤਪਦੀਆਂ ਲੂਆਂ ਚੋਂ ਲੰਘ ਕੇ ਸਿਖ਼ਰ ਤੇ ਪੁੱਜਾ ਸੀ ਪਰ ਉਸ ਨੂੰ ਹੋਰ ਅੱਗੇ ਜਾਣ ਦਾ ਉਤਸ਼ਾਹ ਸੀ।
ਡਾ.ਜਸਮੇਲ ਸਿੰਘ  ਧਾਲੀਵਾਲ ਦੀ ਚੇਅਰਮੈਨਸ਼ਿਪ ਹੇਠ ਹੀ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ ਯਾਦ ਵਿੱਚ ਇਹ ਵਿੱਦਿਅਕ ਸੰਸਥਾਵਾਂ ਕਾਰਜਸ਼ੀਲ ਹਨ ਅਤੇ ਤਲਵੰਡੀ ਸਾਬੋ (ਬਠਿੰਡਾ) ਅਤੇ ਮੋਹਾਲੀ ਦੇ ਨੇੜ ਤੇੜ ਵੀ ਕਈ ਵਿੱਦਿਅਕ ਅਦਾਰੇ ਤਕਨੀਕੀ ਸਿੱਖਿਆ ਦੇ ਰਹੇ ਹਨ। ਦੁਪਹਿਰੀ ਭੋਜ ਕਰਦਿਆਂ ਨੇੜਤਾ ਦੀਆਂ ਕਈ ਗੱਲਾਂ ਹੋਈਆਂ, ਜੋ ਬਾਅਦ ’ਚ ਸਨੇਹੀ ਰਿਸ਼ਤੇ ’ਚ ਤਬਦੀਲ ਹੋ ਗਈਆਂ।
ਮੋਗਾ ਤੋਂ ਮੋਹਾਲੀ ਜਾਂਦਿਆਂ ਉਹ ਅਕਸਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇੜੇ ਬਰੇਕਾਂ ਮਾਰ ਮਿਲ ਜਾਂਦੇ। 2010-11 ਦੇ ਨੇੜੇ ਉਨ੍ਹਾਂ ਬਾਰੇ ਪਤਾ ਲੱਗਿਆ ਕਿ ਉਹ ਤਲਵੰਡੀ ਸਾਬੋ ਵਿਖੇ ਗੁਰੂ ਕਾਸ਼ੀ ਯੂਨੀਵਰਸਿਟੀ ਸਥਾਪਤ ਕਰ ਰਹੇ ਹਨ। ਅਚਾਨਕ ਮੁਲਾਕਾਤ ਹੋਈ ਤਾਂ ਉਹ ਭਰਪੂਰ ਉਤਸ਼ਾਹ ’ਚ ਸਨ। ਕਹਿਣ ਲੱਗੇ, ਤੇਰੀ ਕਿੰਨੀ ਕੁ ਨੌਕਰੀ ਰਹਿ ਗਈ? ਮੈਂ ਦੱਸਿਆ ਕਿ ਮਈ 2013 ਤੀਕ ਹੀ ਏਥੇ ਹਾਂ। ਕਹਿਣ ਲੱਗੇ, ਮਗਰੋਂ ਸਾਡਾ ਸਾਥ ਦੇਵੀਂ, ਇਕਰਾਰ ਪੱਕਾ ਕਰੀਂ। ਮੈਂ ਚੁੱਪ ਰਿਹਾ।
ਮੇਰੀ ਸੇਵਾ ਮੁਕਤੀ ਦੀ ਖਬਰ ਮਿਲਣ ਸਾਰ ਜੂਨ ਦੇ ਪਹਿਲੇ ਹਫ਼ਤੇ ਫੋਨ ਆਇਆ, ਛੋਟੇ ਭਾਈ, ਇਕਰਾਰ ਚੇਤੇ ਹੈ? ਮੈਂ ਕਿਹਾ ਕਿਹੜਾ ? ਬੋਲੇ, ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ! ਸਾਥ ਦੇਣ ਵਾਲਾ ਹੋਰ ਕਿਹੜਾ?
ਮੈਂ ਕਿਹਾ ਸੋਚਦੇ ਹਾਂ, ਅਜੇ ਤਾਂ ਮਨ ਨਹੀਂ, ਨੌਕਰੀ ਕਰਨ ਦਾ। ਡਾ: ਬਲਦੇਵ ਸਿੰਘ ਢਿੱਲੋਂ ਵੀ ਨੌਕਰੀ ਵਾਧਾ ਬਦਲਵੇਂ ਰੂਪ ਚ ਦੇ ਰਹੇ ਸਨ ਪਰ ਮੈਂ ਨਾਂਹ ਕਰ ਦਿੱਤੀ। ਲੋਕ ਸਮਝਦੇ ਨੇ ਇਹਨੂੰ ਝੱਲਦਾ ਕੋਈ ਨਹੀਂ, ਯੂਨੀਵਰਸਿਟੀ ਨੂੰ ਚੰਬੜਿਆ ਹੋਇਐ ਚਿੱਚੜ ਵਾਂਗ। ਮੈਂ ਚਿੱਚੜ ਕਿਉਂ ਬਣਾਂ?
ਕਹਿਣ ਲੱਗੇ ਤੈਨੂੰ ਨੌਕਰੀ ਕਰਨ ਨੂੰ ਕੌਣ ਕਹਿੰਦਾ ਹੈ? ਸਾਥ ਮੰਗਿਆ ਹੈ। ਮੈਂ ਨਿਰ ਉੱਤਰ ਸਾਂ! ਬੇ ਹਥਿਆਰਾ ! ਅੱਖਾਂ ਸਿੱਲ੍ਹੀਆਂ ਹੋ ਗਈਆਂ, ਭਲਾ ! ਕੋਈ ਸੱਜਣ ਮੇਰੇ ’ਤੇ ਏਨਾ  ਵੀ ਹੱਕ ਜਤਾ ਸਕਦਾ ਹੈ?
ਮੈਂ ਪਿੱਛਲ ਝਾਤ ਮਾਰੀ ਤਾਂ ਕਿੰਨਾ ਕੁਝ ਚੇਤੇ ਆਇਆ।
ਉਹ ਵੀ ਦਿਨ ਜਦ ਸ. ਜਗਦੇਵ ਸਿੰਘ ਜੱਸੋਵਾਲ ਦੇ ਘਰ ਸਵੇਰੇ ਚਾਹ ਵੇਲਾ ਖਾਂਦਿਆਂ ਵਿਰਾਸਤ ਭਵਨ ਦੇ ਹਾਲ ਕਮਰੇ ਦੀ ਉਸਾਰੀ ਦੀ ਗੱਲ ਤੁਰੀ ਤਾਂ ਡਾ. ਜਸਮੇਲ ਸਿੰਘ ਧਾਲੀਵਾਲ ਨੇ ਮੇਰੀ ਬਾਤ ਦਾ ਹੁੰਗਾਰਾ ਭਰਦਿਆਂ ਆਪ ਹੀ ਕਹਿ ਦਿੱਤਾ, ਬਾਪੂ ਜੀ ਚੰਨਣ ਸਿੰਘ ਸੀ, ਦੀ ਯਾਦ ਵਿੱਚ ਇਹ ਹਾਲ ਕਮਰਾ ਮੈਂ ਉਸਾਰ ਕੇ ਦਿਆਂਗਾ, ਹੁਣ ਹੋਰ ਗੱਲ ਕਰੋ! ਹਫ਼ਤੇ ਡੇਢ ਬਾਅਦ ਡਾ. ਧਾਲੀਵਾਲ ਦੇ ਭੇਜੇ ਇੰਜੀਨੀਅਰ ਕਾਮੇ ਤੇ ਸੁਪਰਵਾਈਜ਼ਰ ਪਾਲਮ ਵਿਹਾਰ ਦੇ ਵਿਰਾਸਤ ਭਵਨ ’ਚ ਹਾਜ਼ਰ ਸਨ।
ਉਨ੍ਹਾਂ ਕੋਲ ਖਲੋ ਕੇ ਇਹ ਹਾਲ ਕਮਰਾ ਬਣਵਾਇਆ, ਪਤਾ ਨਹੀਂ 10 ਲੱਖ ਲੱਗਿਆ ਕਿ ਪੰਦਰਾਂ, ਅੱਜ ਤੀਕ ਪਤਾ ਨਹੀਂ ਲੱਗਿਆ?
1 ਜੂਨ 1952 ਨੂੰ ਪੈਦਾ ਹੋਏ ਡਾ. ਜਸਮੇਲ ਸਿੰਘ ਧਾਲੀਵਾਲ ਦਾ ਕੱਦ ਲਗਭਗ ਸਵਾ ਛੇ ਕੁ ਫੁੱਟ ਸੀ। ਬਿਲਕੁਲ ਜੱਸੋਵਾਲ ਜਿੱਡਾ। ਜਦ ਗੱਲਾਂ ਕਰਦੇ ਤਾਂ ਜਾਪਦਾ ਦੋ ਮੀਨਾਰ ਆਹਮੋ ਸਾਹਮਣੇ ਖੜ੍ਹੇ ਹਨ। ਇੱਕ ਨੇ ਤਕਨੀਕੀ ਸਿੱਖਿਆ ਦੇ ਖੇਤਰ ’ਚ ਮੱਲ੍ਹਾਂ ਮਾਰੀਆਂ ਤੇ ਦੂਸਰੇ ਨੇ ਸੱਭਿਆਚਾਰਕ ਕਾਮੇ ਵਜੋਂ ਨਿਵੇਕਲੀਆਂ ਪੈੜਾਂ ਕੀਤੀਆਂ।
ਸਮਾਜ ਦੇ ਦੱਬੇ, ਕੁਚਲੇ ਤੇ ਆਰਥਿਕ ਤੌਰ ’ਤੇ ਟੁੱਟੇ ਬੁੜੇ ਲੋਕਾਂ ਲਈ ਉਹ ਆਸ ਉਮੀਦ ਦਾ ਰੌਸ਼ਨ ਮੀਨਾਰ ਬਣੇ। ਉਨ੍ਹਾਂ ਦੀ ਸਦਾਰਤ  ਹੇਠ ਕੰਮ ਕਰਦੇ ਅਦਾਰਿਆਂ ਵਿੱਚ ਹਰ ਸਾਲ ਲਗ-ਪਗ 25 ਹਜ਼ਾਰ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਦੇ ਸਨ। ਹੋਰ ਤਾਂ ਹੋਰ! ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਪਟਨਾ ਸਾਹਿਬ ਵਿਖੇ ਵੀ ਮੈਡੀਕਲ ਕਾਲਜ ਜਾ ਖੋਲ੍ਹਿਆ।
ਮੈਂ ਇੱਕ ਸਤਰ ਵਿੱਚ ਡਾ. ਜਸਮੇਲ ਸਿੰਘ ਧਾਲੀਵਾਲ ਦਾ ਰੇਖਾ ਚਿੱਤਰ ਉਲੀਕਣਾ ਹੋਵੇ ਤਾਂ ਇਹੀ ਬਣੇਗਾ ਕਿ ਡਾ. ਜਸਮੇਲ ਸਿੰਘ ਧਾਲੀਵਾਲ ਖ਼ਤਰਿਆਂ  ਦਾ ਖਿਡਾਰੀ ਸੀ। ਉਸ ਵਿੱਚ ਉਤਸ਼ਾਹ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਇਲੈਕਟਰੋਪੈਥੀ ਵਿੱਚ ਐਮ.ਡੀ. ਕਰਕੇ ਮਗਰੋਂ ਵਕਾਲਤ ਪਾਸ ਕਰਨਾ ਕਮਾਲ ਸੀ। ਜੇ ਇਲੈਕਟਰੋਪੈਥੀ ਨੂੰ ਪ੍ਰਵਾਨਗੀ ਮਿਲ ਜਾਂਦੀ ਤਾਂ ਸ਼ਾਇਦ ਵਿਸ਼ਾਲ ਸਿੱਖਿਆ ਤੰਤਰ ਦਾ ਸੁਪਨਕਾਰ ਡਾ. ਜਸਮੇਲ ਸਿੰਘ ਧਾਲੀਵਾਲ ਸਿਰਫ਼ ਮੋਗਾ ਜ਼ਿਲ੍ਹੇ ਤੀਕ ਸੀਮਤ ਰਹਿ ਜਾਂਦਾ।
ਮੇਰੀ ਗੱਲ ਮੰਨ ਕੇ ਉਨ੍ਹਾਂ ਕਈ ਵੱਡੇ ਫ਼ੈਸਲੇ ਕੀਤੇ। ਯੂਨੀਵਰਸਿਟੀ ਵਾਈਸ ਚਾਂਸਲਰ ਲਾਉਣ ਤੀਕ। ਖੇਤੀਬਾੜੀ ਕਾਲਿਜ ਦੇ ਅਧਿਆਪਕਾਂ ਨੂੰ ਮੂੰਹ ਮੰਗਵੀਂ ਤਨਖਾਹ ਦੇ ਕੇ ਤਲਵੰਡੀ ਸਾਬੋ ਲਿਆਉਣ ਤੀਕ। ਕਿਸਾਨ ਮੇਲਾ ਵੀ ਕਰਵਾਇਆ ਤੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬੁਲਾ ਕੇ ਪ੍ਰਸ਼ਾਸਕੀ ਬਲਾਕ ਦਾ ਉਦਘਾਟਨ ਵੀ ਕਰਵਾਇਆ। ਪ੍ਰੋ: ਮੋਹਨ ਸਿੰਘ ਮੇਲੇ ਦਾ ਅੱਧਾ ਆਯੋਜਨ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਚ ਕੀਤਾ। ਦੂਰਦਰਸ਼ਨ ਤੋਂ ਯੂਨੀਵਰਸਿਟੀ ਬਾਰੇ ਦਸਤਾਵੇਜ਼ੀ ਫਿਲਮ ਵੀ ਬਣਵਾਈ। ਡਾ: ਜਸਮੇਲ ਸਿੰਘ ਧਾਲੀਵਾਲ, ਗੁਰਲਾਭ ਸਿੰਘ ਸਿੱਧੂ ਤੇ ਸੁਖਰਾਜ ਸਿੰਘ ਸਿੱਧੂ ਤੋਂ ਇਲਾਵਾ ਇੰਜਨੀਅਰ ਸੁਖਵਿੰਦਰ ਸਿੰਘ ਸਿੱਧੂ ਹਰ ਕਾਰਜ ਸਿਰ ਜੋੜ ਕੇ ਕਰਦੇ ਸਨ।
ਜਦ ਡਾ: ਨ ਸ  ਮੱਲ੍ਹੀ ਜੀ ਨੂੰ ਬਤੌਰ ਵੀ ਸੀ ਜਾਇਨ ਕਰਾਉਣ ਗਏ ਤਾਂ ਅਸੀਂ ਲੁਧਿਆਣਿਉਂ ਪੰਜ ਜਣੇ ਸਾਂ। ਚਾਰ ਇੱਕ ਕਾਰ ਚ ਤੇ ਪੰਜਵੇਂ ਡਾ: ਬਲਦੇਵ ਸਿੰਘ ਢਿੱਲੋਂ ਵੀ ਸੀ ,ਪੀ ਏ ਯੂ ਵੱਖਰੇ। ਉਨ੍ਹਾਂ ਉਥੋਂ ਅੱਗੇ ਬਠਿੰਡਾ ਜਾਣਾ ਸੀ। ਜਦ ਡਾ: ਨ ਸ ਮੱਲ੍ਹੀ ਨੇ ਅਹੁਦਾ ਸੰਭਾਲ ਲਿਆ ਤਾਂ ਡਾ: ਧਾਲੀਵਾਲ ਬੋਲੇ,ਹੁਣ ਤੂੰ ਵੀ ਅਹੁਦਾ ਸੰਭਾਲ। ਮੈਂ ਕਿਹਾ, ਆਪਣੀ ਤਾਂ ਨੌਕਰੀ ਦੀ ਗੱਲ ਹੀ ਨਹੀਂ ਹੋਈ? ਗੁਰਲਾਭ ਸਿੰਘ ਤੇ ਡਾ: ਧਾਲੀਵਾਲ ਇਕੱਠੇ ਬੋਲੇ, ਨੌਕਰੀ ਨਹੀਂ ਸਾਥ ਦੀ ਕਮਿੱਟਮੈਂਟ ਭੁੱਲ ਗਿਐ? ਮੇਰੀਆ ਅੱਖਾਂ ਚ ਨਮੀ ਸੀ, ਕੋਈ ਮੇਰੇ ਤੇ ਏਨਾ ਹੱਕ ਵੀ ਜਤਾ ਸਕਦੈ, ਕਦੇ ਨਹੀਂ ਸੀ ਸੋਚਿਆ! ਡਾ: ਬਲਦੇਵ ਸਿੰਘ ਢਿੱਲੋਂ ਨੇ ਮੈਨੂੰ ਮਿੱਠਾ ਜਿਹਾ ਘੂਰਿਆ ਵੀ ,ਤੂੰ ਆਪਣੇ ਆਪ ਨੂੰ ਕੀ ਸਮਝਦੈਂ? ਪਹਿਲਾਂ ਮੈਨੂੰ ਨਾਂਹ ਕਰ ਗਿਆ, ਹੁਣ ਇਨ੍ਹਾਂ ਨੂੰ ਨਾਂਹ ਕਰ ਰਿਹੈਂ। ਗੁਰਲਾਭ ਤੇ ਡਾ: ਧਾਲੀਵਾਲ ਨਾਲ ਵਾਲੇ ਕਮਰੇ ਚ ਮੈਨੂੰ ਲੈ ਗਏ। ਬੋਲੇ, ਦੋ ਹਰਫ਼ੀ ਗੱਲ ਹੈ ਨਾਂਹ ਨਹੀਂ ਸੁਣਨੀ। ਜ਼ੁੰਮੇਵਾਰੀ ਤੇ ਰੁਤਬਾ ਤੇਰੀ ਮਰਜ਼ੀ ਦਾ।
ਪੰਜ ਮਿੰਟਾਂ ਬਾਦ ਮੈਂ ਯੂਨੀਵਰਸਿਟੀ ਦਾ ਡਾਇਰੈਕਟਰ ਯੋਜਨਾ ਤੇ ਵਿਕਾਸ ਸਾਂ। ਵਾਈਸ ਚਾਂਸਲਰ ਤੋਂ ਦੂਜੇ ਨੰਬਰ ਤੇ। ਵੱਖਰੀ ਕਾਰ, ਘਰ ਤੇ ਹੋਰ ਸਹੂਲਤਾਂ। ਤਨਖ਼ਾਹ ਮੂੰਹ ਮੰਗਵੀਂ। ਮੈਂ ਮੰਨ ਤਾਂ ਗਿਆ ਪਰ ਮੈਂ 8 ਮਹੀਨੇ ਬਾਅਦ ਉਕਤਾ ਗਿਆ। ਲੱਗਿਆ ਜੋ ਕੁਝ ਹਾਸਲ ਕਰ ਰਿਹਾਂ, ਓਨਾ ਕੰਮ ਨਹੀਂ ਕਰ ਰਿਹਾ। ਜਿੰਨਾ ਚਿਰ ਰਿਹਾ, ਅਨੇਕਾਂ ਨਿਵੇਕਲੇ ਕਾਰਜ ਕੀਤੇ। ਡਾ: ਨ ਸ ਮੱਲ੍ਹੀ ਦੀ ਅਗਵਾਈ ਚ ਖੇਤੀਬਾੜੀ ਕਾਲਿਜ ਸਮਰੱਥ ਬਣਾਇਆ। ਚੋਟੀ ਦੇ ਵਿਗਿਆਨੀ ਭਰਤੀ ਕੀਤੇ। ਕਿਸਾਨ ਮੇਲਾ ਕਰਵਾਇਆ।
ਯੂਨੀਵਰਸਿਟੀ ਦੇ ਪ੍ਰਸ਼ਾਸਕੀ ਬਲਾਕ ਦੇ ਬਾਹਰ ਇੱਕ ਹਫ਼ਤੇ ਅੰਦਰ ਅੰਦਰ ਯਾਦਗਾਰੀ ਗਿਆਨ ਸਤੰਭ ਵਿਉਂਤਿਆ ਤੇ ਬਣਾਇਆ। ਉਸ ਚ ਡਾ: ਜਸਮੇਰ ਸਿੰਘ ਧਾਲੀਵਾਲ ਦੋ ਤਿੰਨ ਵਾਰ ਮੇਰੇ ਨਾਲ ਬੁੱਤ ਤਰਾਸ਼ ਕੋਲ ਕਈ ਕਈ ਘੰਟੇ ਬੈਠੇ। ਡਾ: ਬਲਵਿੰਦਰ ਲੱਖੇਵਾਲੀ ਨੇ ਵੀ ਵਿਉਂਤਕਾਰੀ ਚ ਵੱਡਾ ਸਾਥ ਦਿੱਤਾ। ਉਸ ਦਾ ਸਮਰਪਣ ਵੇਖ ਕੇ ਧਾਲੀਵਾਲ ਨੇ ਉਸ ਨੂੰ ਪਰਿਵਾਰ ਸਮੇਤ ਯੂਨੀਵਰਸਿਟੀ ਸੇਵਾ ਚ ਆਉਣ ਦੀ ਪੇਸ਼ਕਸ਼ ਵੀ ਕੀਤੀ ਪਰ ਉਹ ਲੁਧਿਆਣਾ ਨਹੀਂ ਸੀ ਛੱਡਣਾ ਚਾਹੁੰਦਾ। ਜਦ ਕਦੇ ਵੀ ਹੁਣ ਤੋਂ ਕੁਝ ਮਹੀਨੇ ਪਹਿਲਾਂ ਤੀਕ ਫੋਨ ਆਉਂਦਾ, ਹਰ ਫੋਨ ਹੱਕ ਵਾਲਾ ਹੀ ਹੁੰਦਾ।
ਛੋਟੇ ਭਾਈ! ਆਹ ਕੰਮ ਤੇਰੇ ਜ਼ਿੰਮੇ, ਸਾਡੀ ਸਿਰਦਰਦੀ ਖ਼ਤਮ!
ਹੁਣ ਅਜਿਹਾ ਫ਼ੋਨ ਕਦੇ ਨਹੀਂ ਆਏਗਾ।
ਜਾਣ ਵਾਲਿਆ ਵੇ ਕਦੇ ਏਸਰਾਂ ਨਹੀਂ ਕਰੀਦਾ।
ਨਿਭਣਾ ਨਾ ਹੋਵੇ ਤਾਂ ਹੁੰਗਾਰਾ ਵੀ ਨਹੀਂ ਭਰੀਦਾ।
ਪਰ ਡਾ: ਜਸਮੇਲ ਸਿੰਘ ਧਾਲੀਵਾਲ ਤਾਂ ਨਿਭਾ ਗਿਆ।
ਯਾਦ ਸਲਾਮਤ ਰਹੇਗੀ।
Advertisement
Advertisement
Advertisement
Advertisement
Advertisement
error: Content is protected !!