ਪ੍ਰਸ਼ਾਸਨ ਪੇਂਡੂ ਖੇਤਰਾਂ ‘ਚ ਕੋਰੋਨਾ ਦੇ ਹੋ ਰਹੇ ਵਾਧੇ ਪ੍ਰਤੀ ਹੈ ਚੌਕਸ
ਦਵਿੰਦਰ ਡੀ ਕੇ , ਲੁਧਿਆਣਾ, 19 ਮਈ 2021
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਸਮਾਜ ਦੇ ਸਾਰੇ ਭਾਗੀਦਾਰਾਂ ਅਤੇ ਲੋਕਾਂ ਦੀ ਹਮਾਇਤ ਦੇ ਸਾਂਝੇ ਯਤਨਾਂ ਸਦਕਾ, ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ, ਜਿਸਦੇ ਤਹਿਤ ਲੁਧਿਆਣਾ ਦੇ ਰੋਜ਼ਾਨਾ ਕੋਵਿਡ ਮਾਮਲਿਆਂ ਵਿੱਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਡੀ.ਪੀ.ਆਰ.ਓ ਦੇ ਅਧਿਕਾਰਤ ਪੇਜ ‘ਤੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਲੁਧਿਆਣਾ ਦੇ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਦੁਆਰਾ ਨਿਰੰਤਰ ਕਾਰਜਸ਼ੀਲਤਾ ਅਤੇ ਲੋਕਾਂ ਦੇ ਤਨਦੇਹੀ ਨਾਲ ਸਮਰਥਨ ਸਦਕਾ ਬਿਮਾਰੀ ਦੇ ਪਸਾਰ ‘ਚ ਕਮੀ ਆਈ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀ ਂਅਵੇਸਲੇ ਹੋ ਜਾਈਏ।
ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਕੋਵਿਡ ਵਿਰੁੱਧ ਲੜਾਈ ਜਾਰੀ ਹੈ ਅਤੇ ਜੇਕਰ ਅਸੀਂ ਸਾਰੇ ਕੋਵਿਡ ਟੀਕਾਕਰਨ ਕਰਵਾ ਲੈਂਦੇ ਹਾਂ ਤਾਂ ਤੀਜੀ ਲਹਿਰ ਨੂੰ ਰੋਕਣ ਦੇ ਯੋਗ ਹੋ ਜਾਵਾਂਗੇ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪੇਂਡੂ ਖੇਤਰਾਂ ਵਿੱਚ ਕੋਰੋਨਾ ਦੇ ਹੋ ਰਹੇ ਵਾਧੇ ‘ਤੇ ਪੂਰੀ ਨਜ਼ਰ ਰੱਖ ਰਿਹਾ ਹੈ ਅਤੇ ਕਈ ਟੀਮਾਂ ਸਥਿਤੀ ਦੀ ਨਿਗਰਾਨੀ ਲਈ ਰੋਜ਼ਾਨਾ ਪਿੰਡਾਂ ਦਾ ਦੌਰਾ ਕਰ ਰਹੀਆਂ ਹਨ।