ਕੱਲ੍ਹ ਨੂੰ ਮਨਜੀਤ ਧਨੇਰ ਵਿਰੁੱਧ ਘਟੀਆ ਭਾਸ਼ਾ ਵਰਤਣ ਵਾਲੇ ਅਕਾਲੀ ਆਗੂ ਦੇ ਘਰ ਮੂਹਰੇ ਧਰਨਾ।
ਪਰਦੀਪ ਕਸਬਾ , ਬਰਨਾਲਾ: 19 ਮਈ, 2021
ਤੀਹ ਕਿਸਾਨ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 231 ਵੇਂ ਦਿਨ ਵੀ ਪੂਰੇ ਉਤਸ਼ਾਹ ਤੇ ਜੋਸ਼ ਨਾਲ ਜਾਰੀ ਰਿਹਾ। ਅੱਜ ਧਰਨੇ ਵਿੱਚ ਖਾਦ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਵੱਡੇ ਵਾਧੇ ਦਾ ਮੁੱਦਾ ਭਾਰੂ ਰਿਹਾ।
ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਨਰੈਣ ਦੱਤ, ਗੁਰਮੀਤ ਸੁਖਪੁਰ, ਅਮਰਜੀਤ ਕੌਰ, ਗੁਰਨਾਮ ਸਿੰਘ ਠੀਕਰੀਵਾਲਾ, ਚਰਨਜੀਤ ਕੌਰ,ਸਿਬੀਆ ਚੰਨਣਵਾਲ, ਕੇਵਲ ਸਿੰਘ ਸਾਹੌਰ, ਕਾਕਾ ਸਿੰਘ ਫਰਵਾਹੀ ਤੇ ਹਰਚਰਨ ਸਿੰਘ ਚੰਨਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਕੱਲ੍ਹ ਡੀਏਪੀ ਖਾਦ ਦੀ ਕੀਮਤ ‘ਚ 58% ਅਤੇ ਐਨਪੀਕੇ ਵਿੱਚ 46 ਫੀ ਸਦੀ ਦਾ ਵੱਡਾ ਵਾਧਾ ਕਰ ਕੇ ਕਿਸਾਨਾਂ ਦੇ ਜਖਮਾਂ ‘ਤੇ ਨਮਕ ਛਿੜਕਣ ਦਾ ਕੰਮ ਕੀਤਾ ਹੈ। ਡੀਜ਼ਲ,ਕੀੜੇਮਾਰ ਦਵਾਈਆਂ, ਬੀਜਾਂ ਆਦਿ ਵਿੱਚ ਹੋਏ ਅਥਾਹ ਵਾਧੇ ਕਾਰਨ ਖੇਤੀ ਲਾਗਤਾਂ ਪਹਿਲਾਂ ਹੀ ਬਹੁਤ ਵੱਡਾ ਵਾਧਾ ਹੋ ਚੁੱਕਾ ਹੈ। ਖਾਦ ਕੀਮਤਾਂ ‘ਚ ਕੀਤਾ ਵਾਧਾ ਬਲਦੀ ‘ਤੇ ਤੇਲ ਪਾਉਣ ਵਰਗੀ ਕਾਰਵਾਈ ਹੈ। ਕਿਸਾਨ ਆਗੂਆਂ ਨੇ ਸਰਕਾਰ ਨੂੰ ਖਾਦ ਕੀਮਤਾਂ ਵਿੱਚ ਕੀਤਾ ਇਹ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
12 ਮਈ ਨੂੰ ਨੂਰਪੁਰ ਬੇਦੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਰਧਾਂਜਲੀ ਸਮਾਗਮ ਵਿੱਚ ਬੋਲਦਿਆਂ ਸਿਰਕੱਢ ਕਿਸਾਨ ਆਗੂ ਮਨਜੀਤ ਧਨੇਰ ਨੇ ਸਮਕਾਲੀ ਸਿਆਸੀ ਆਗੂਆਂ ਦੇ ਲੋਕ ਵਿਰੋਧੀ ਤੇ ਦੰਭੀ ਕਿਰਦਾਰ ਨੂੰ ਉਜ਼ਾਗਰ ਕਰਨ ਲਈ ਲੋਕ ਕਵੀ ਸੰਤ ਰਾਮ ਉਦਾਸੀ ਦੀਆਂ ਕਾਵਿ ਪੰਗਤੀਆਂ ਦੀ ਵਰਤੋਂ ਕੀਤੀ। ਉਸ ਮਹਾਨ ਲੋਕ-ਕਵੀ ਨੇ ਲੋਕਾਂ ਨੂੰ ਸਾਡੇ ਸਿਆਸੀ ਨੇਤਾਵਾਂ ਦੇ ਦੰਭੀ ਤੇ ਦੇਸ਼ ਵਿਰੋਧੀ ਕਿਰਦਾਰ ਪ੍ਰਤੀ ਲੋਕਾਂ ਨੂੰ ਖਬਰਦਾਰ ਕਰਦੇ ਹੋਏ ਲਿਖਿਆ ਸੀ ਕਿ ਕੱਚੇ ਮਹਿਬੂਬ ਵਰਗੇ ਇਹ ਨੇਤਾ ‘ਆਪੇ ਥੁੱਕ ਕੇ ਆਪੇ ਚੱਟ ਜਾਂਦੇ’ ਹਨ। ਪੂਰੀ ਵੀਡੀਓ ਸੁਣਨ ਬਾਅਦ ਬਿਲਕੁੱਲ ਸਪੱਸ਼ਟ ਹੋ ਜਾਂਦਾ ਹੈ ਕਿ ਮਨਜੀਤ ਧਨੇਰ ਨੇ ਇਨ੍ਹਾਂ ਪੰਗਤੀਆਂ ਦੀ ਆਲੰਕਾਰਕ ਵਰਤੋਂ ਕੀਤੀ ਸੀ। ਉਸ ਦੀ ਟਿੱਪਣੀ ਸਬੰਧਤ ਨੇਤਾ ਦੀ ਨਿੱਜੀ ਸ਼ਖਸੀਅਤ ਵਿਰੁੱਧ ਨਹੀਂ ਸਗੋਂ ਉਸ ਦੀ ਸਿਆਸੀ ਸ਼ਖਸੀਅਤ ਵਿਰੁੱਧ ਸੀ। ਅਕਾਲੀ ਆਗੂ ਉਸ ਲੋਕ ਨਾਇਕ ਨੂੰ ਔਰਤ ਵਿਰੋਧੀ ਆਖ ਰਹੇ ਹਨ ਜਿਸ ਨੇ ਔਰਤਾਂ ਦੀ ਗੌਰਵ ਬਹਾਲੀ ਲਈ ਮਹਿਲ ਕਲਾਂ ਵਰਗੇ ਸੰਸਾਰ ਪ੍ਰਸਿੱਧ ਘੋਲ ਦੀ ਅਗਵਾਈ ਕੀਤੀ । ਮਨਜੀਤ ਧਨੇਰ ਨੂੰ ਔਰਤਾਂ ਦੀਆਂ ਇੱਜਤਾਂ ਦਾ ਰਾਖਾ ਅਖਵਾਉਣ ਲਈ ਅਕਾਲੀ ਆਗੂਆਂ ਦੇ ਸਰਟੀਫਿਕੇਟ ਦੀ ਲੋੜ ਨਹੀਂ।। 20 ਮਈ ਦਿਨ ਵੀਰਵਾਰ ਨੂੰ, ਸੰਯੁਕਤ ਕਿਸਾਨ ਮੋਰਚਾ,ਧਨੇਰ ਵਿਰੁੱਧ ਘਟੀਆ ਸ਼ਬਦਾਵਲੀ ਵਰਤਣ ਵਾਲੇ ਬਰਨਾਲਾ ਦੇ ਇਸ ਸਥਾਨਕ ਆਗੂ ਦੇ ਘਰ ਮੂਹਰੇ ਧਰਨਾ ਲਾਵੇਗਾ।
ਅੱਜ ਰਾਜਵਿੰਦਰ ਸਿੰਘ ਮੱਲੀ ਤੇ ਪਾਠਕ ਭਰਾਵਾਂ ਦੇ ਕਵੀਸ਼ਰੀ ਜਥਿਆਂ ਨੇ ਬੀਰਰਸੀ ਵਾਰਾਂ ਗਿ ਕੇ ਪੰਡਾਲ ‘ਚ ਜੋਸ਼ ਭਰਿਆ। ਪਿੰਡ ਛੀਨੀਵਾਲ ਦੀ ਸੰਗਤ ਨੇ ਲੰਗਰ ਦੀ ਸੇਵਾ ਨਿਭਾਈ।