ਵਿਦਿਆਰਥੀ ਵੱਲੋਂ ਰਣਬੀਰ ਕਾਲਜ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਹਰਪ੍ਰੀਤ ਕੌਰ ‘ ਸੰਗਰੂਰ, 19 ਮਈ 2021
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਸਿੰਘ ਕਾਲਾਝਾੜ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਭਿੰਦਰ ਸਿੰਘ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਜੋਤੀ ਨੇ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਉੱਚ ਸਿੱਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦੋ ਵੱਖ ਵੱਖ ਪੱਤਰ ਜਾਰੀ ਕਰਕੇ ਸਰਕਾਰੀ ਤੇ ਕਾਂਸਟੀਚੁਐਂਟ ਕਾਲਜਾਂ ਤੋਂ ਪੀ ਟੀ ਏ (ਪੇਰੇਂਟਸ ਟੀਚਰਜ਼ ਐਸੋਸੀਏਸ਼ਨ) ਫੰਡ ਤੇ ਹੋਰ ਵਿਦਿਆਰਥੀ ਭਲਾਈ ਫੰਡਾਂ ਚੋਂ ਪੈਸੇ ਮੰਗੇ ਹਨ, ਜ਼ੋ ਗੈਰ ਵਾਜਬ ਹੈ। ਇਨ੍ਹਾਂ ਹੁਕਮਾਂ ਰਾਹੀਂ ਜਿੱਥੇ ਉੱਚ ਸਿੱਖਿਆ ਵਿਭਾਗ ਨਵੇਂ ਕਾਲਜਾਂ ਦੀ ਉਸਾਰੀ ਲਈ ਅੱਠ ਸਰਕਾਰੀ ਕਾਲਜਾਂ ਤੋਂ ਪੰਜ – ਪੰਜ ਲੱਖ ਰੁਪਏ ਮੰਗ ਰਿਹਾ ਹੈ ਉੱਥੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੀ ਇਸ ਦੇ ਅਧੀਨ ਚਲਦੇ ਸਾਰੇ ਕਾਂਸਟੀਚੁਐਂਟ ਕਾਲਜਾਂ ਨੂੰ ਵਿਦਿਆਰਥੀ ਫੰਡਾਂ ਦੇ ਸਾਰੇ ਦੇ ਲਗਭਗ ਪੈਸੇ ਯੂਨੀਵਰਸਿਟੀ ਦੇ ਖਾਤੇ ‘ਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਵਿਦਿਆਰਥੀਆਂ ਨੂੰ ਸਸਤੀ ਤੇ ਮਿਆਰੀ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਹੱਕ ਤੋਂ ਵਾਂਝਾ ਕਰਨਾ ਚਾਹੁੰਦੀ ਹੈ । ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਪਹਿਲਾਂ ਹੀ ਫੰਡਾਂ ਦੇ ਸੋਕੇ ਕਾਰਨ ਅਧਿਆਪਕਾਂ ਤੇ ਹੋਰ ਸਾਜ਼ੋ ਸਾਮਾਨ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ ਬਹੁਤੇ ਸਰਕਾਰੀ ਕਾਲਜਾਂ ਵਿਚ ਪ੍ਰਿੰਸੀਪਲ ਵੀ ਨਹੀਂ ਹਨ । ਸਰਕਾਰੀ ਕਾਲਜਾਂ ਚ 1996 ਤੋਂ ਬਾਅਦ ਕੋਈ ਵੀ ਪੱਕੀ ਭਰਤੀ ਨਾ ਹੋਣ ਕਾਰਨ ਇਨ੍ਹਾਂ ਕਾਲਜਾਂ ਚ ਗੈਸਟ ਫੈਕਲਟੀ, ਐਡਹਾਕ ਅਤੇ ਠੇਕਾ ਆਧਾਰਿਤ ਅਧਿਆਪਕ ਪੜ੍ਹਾ ਰਹੇ ਹਨ ਜਿਨ੍ਹਾਂ ਦੀਆਂ ਤਨਖ਼ਾਹਾਂ ਦਾ ਵੱਡਾ ਹਿੱਸਾ ਵਿਦਿਆਰਥੀ ਭਲਾਈ ਫੰਡਾਂ ਚੋਂ ਹੀ ਦਿੱਤਾ ਜਾਂਦਾ ਹੈ ।
ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿੱਤੀ ਸੰਕਟ ਵੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਜਿਸਦੇ ਕਾਰਨ ਯੂਨੀਵਰਸਿਟੀ ਆਪਣੇ ਖਰਚਿਆਂ ਦਾ ਭਾਰ ਲਗਾਤਾਰ ਵਿਦਿਆਰਥੀਆਂ ‘ਤੇ ਪਾ ਰਹੀ ਹੈ । ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸੰਕਟ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਵਿੱਤੀ ਗਾ੍ਂਟ ਦੇਣ ਤੋਂ ਭੱਜਣਾ ਹੈ । 1991-92 ‘ਚ ਯੂਨੀਵਰਸਿਟੀ ਦੀ ਕੁੱਲ ਆਮਦਨ 18 ਕਰੋੜ ਦੇ ਲਗਪਗ ਸੀ ਜਿਸਦੇ ਵਿੱਚ ਪੰਜਾਬ ਸਰਕਾਰ 15 ਕਰੋੜ ਰੁਪਏ ਯਾਨੀ 81 ਪ੍ਰਤੀਸ਼ਤ ਗਰਾਂਟ ਦੇ ਰੂਪ ਚ ਪਾਉਂਦੀ ਸੀ ਪ੍ਰੰਤੂ ਹੁਣ ਸਰਕਾਰ ਨਵੇਂ ਕਾਲਜਾਂ ਦੀ ਉਸਾਰੀ, ਫ਼ਰਨੀਚਰ, ਅਧਿਆਪਕਾਂ ਦੀ ਭਰਤੀ ਤੇ ਖੋਜ ਕਾਰਜਾਂ ਲਈ ਗਰਾਂਟ ਦੇਣ ਤੋਂ ਭੱਜ ਰਹੀ ਹੈ ਜਿਸਦੇ ਕਾਰਨ ਅਜਿਹੇ ਵਿਦਿਆਰਥੀ ਵਿਰੋਧੀ ਫ਼ਰਮਾਨ ਜਾਰੀ ਹੋ ਰਹੇ ਹਨ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਵਿਦਿਆਰਥੀ ਵਿਰੋਧੀ ਫਰਮਾਨ ਵਾਪਸ ਲੈਂਦਿਆਂ ਨਵੇਂ ਕਾਲਜਾਂ ਦੀ ਉਸਾਰੀ, ਉਨ੍ਹਾਂ ਚ ਅਧਿਆਪਕਾਂ ਦੀ ਭਰਤੀ ਤੇ ਹੋਰ ਸਾਜ਼ੋ ਸਾਮਾਨ ਦਾ ਸਾਰਾ ਖਰਚ ਪੰਜਾਬ ਸਰਕਾਰ ਚੁੱਕੇ , ਪੰਜਾਬੀ ਯੂਨੀਵਰਸਿਟੀ ਦਾ ਵਿੱਤੀ ਸੰਕਟ ਹੱਲ ਕਰਨ ਲਈ ਫੌਰੀ ਲੋੜੀਂਦੀ ਗਰਾਂਟ ਜਾਰੀ ਕੀਤੀ ਜਾਵੇ ਅਤੇ ਸਰਕਾਰੀ/ ਕਾਂਸਟੀਚਿਊਟ ਕਾਲਜਾਂ ਦੇ ਅਧਿਆਪਕਾਂ ਦੀ ਤਨਖਾਹ ਸਰਕਾਰੀ ਖਜ਼ਾਨੇ ਚੋਂ ਦਿੱਤੀ ਜਾਵੇ।
ਇਸ ਮੌਕੇ ਗੁਰਜਿੰਦਰ ਸਿੰਘ ਬਿੱਟੂ,ਨਾਟੀ ਝਨੇੜੀ, ਜਸ਼ਨ ਚੰਗਾਲ, ਹਰਪ੍ਰੀਤ,ਬਬਲੂ ਆਦਿ ਹਾਜ਼ਰ ਸਨ।